ਥਾਂ-ਥਾਂ ਉੱਤੇ ਦੇਸ਼ ਦੇ ਅੰਦਰ ਅੱਗ ਦੀ ਖੇਡ ਮਚਾਈ ਏ।
ਆਪਣਾ ਹੀ ਘਰ ਸਾੜ ਰਹੇ ਹੋ, ਕਿਹੜੀ ਵਸਤ ਪਰਾਈ ਏ।
ਪੱਥਰ, ਰੋੜੇ, ਡਾਂਗਾਂ, ਸੋਟੇ ਜੋ ਵੀ ਹੱਥ ਵਿਚ ਆ ਜਾਵੇ,
ਭੀੜ ਤੰਤਰ ਨੇ ਜਿਧਰ ਦੇਖੋ ਅੰਨ੍ਹੀ ਲੁੱਟ ਮਚਾਈ ਏ।
ਰਾਜਨੀਤੀ ਦੇ ਪਿਛੇ ਲੱਗ ਕੇ ਵੰਡੀਆਂ ਪਾਈ ਜਾਂਦੇ ਨੇ,
ਰਲ ਮਿਲ ਰਹਿੰਦੀ ਜਨਤਾ ਇਹਨਾਂ ਆਪਸ ਵਿਚ ਲੜਾਈ ਏ।
ਦੂਰ ਰਹੀ ਗੱਲ ਮਾਨਵਤਾ ਦੀ, ਧਰਮਾਂ ਦਾ ਸਤਿਕਾਰ ਨਹੀਂ,
ਦੇਵੀ ਸੀ ਜੋ ਨਾਰੀ, ਬੇਪਤ ਕਰਕੇ ਕਿਵੇਂ ਭਜਾਈ ਏ।
ਇਕ ਹੀ ਬਾਗ ਦੇ ਫੁੱਲਾਂ ਤਾਈਂ ਤੋੜ ਮਰੋੜੀ ਜਾਂਦੇ ਨੇ,
ਖ਼ੁਸ਼ਬੂ ਜਿੱਥੋਂ ਆਉਂਦੀ ਸੀ ਅੱਜ ਉਸ ਥਾਂ ਜ਼ਹਿਰ ਰਲਾਈ ਏ।
ਅੱਜ ਕਲ੍ਹ ਜੀਵਨ ਸੇਧ ਨਹੀਂ ਮਿਲਦੀ ਗੁੰਮਰਾਹ ਹੋਈ ਜਵਾਨੀ ਨੂੰ,
ਰਾਹ ਮੰਜ਼ਿਲ ਦਾ ਛੱਡ ਕੇ ਕੀਤੀ ਅੱਗਜ਼ਨੀ ਵੱਲ ਧਾਈ ਏ।
ਸੱਚ ਨੂੰ ਸੱਚ ਤਾਂ ਰਹਿਣ ਨਹੀਂ ਦਿੱਤਾ, ਸੱਚ ਜੋ ਕੌੜਾ ਲਗਦਾ ਏ,
ਗੁਨਾਹਗਾਰਾਂ ਦੇ ਹੌਂਸਲੇ ਵਧ ਗਏ, ਝੂਠੇ ਦੀ ਵਡਿਆਈ ਏ।
ਝੁੱਗੀਆਂ ਨੂੰ ਬਰਬਾਦ ਕਰੋਗੇ, ਸੁੱਖ ਨਾ ਕਿਧਰੇ ਪਾਓਗੇ,
ਗ਼ਰੀਬ ਮਾਰ ਨਾ ਕਰੀਂ ‘ਲਾਂਬੜਾ’ ਦੇਵੇ ਰਾਮ ਦੁਹਾਈ ਏ।