ਮਧੂ ਮੱਖੀ ਪਾਲਣ ਦਾ ਕਿੱਤਾ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ ਮਨੁੱਖੀ ਸਿਹਤ ਲਈ ਵੀ ਲਾਹੇਵੰਦਾ : ਗਵਰਨਰ ਕਟਾਰੀਆ

  • ਵਿਸ਼ਵ ਸ਼ਹਿਦ ਮੱਖੀ ਦਿਵਸ ਮੌਕੇ ਪੰਜਾਬ ਕਿਸਾਨ ਵਿਕਾਸ ਚੈਂਬਰ ਵੱਲੋਂ ਰਾਸ਼ਟਰੀ ਮਧੂ ਮੱਖੀ ਪਾਲਣ ਵਰਕਸ਼ਾਪ ਲਾਈ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਮਈ 2025 : ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਵਿਸ਼ਵ ਸ਼ਹਿਦ ਮੱਖੀ ਦਿਵਸ ਮੌਕੇ ਪੰਜਾਬ ਕਿਸਾਨ ਵਿਕਾਸ ਚੈਂਬਰ ਵੱਲੋਂ ਲਾਈ ਗਈ ਰਾਸ਼ਟਰੀ ਮਧੂ ਮੱਖੀ ਪਾਲਣ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਕਾਲਕਟ ਭਵਨ ਮੋਹਾਲੀ ਵਿਖੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਸ਼ਹਿਦ ਦੀ ਮੱਖੀ ਪਾਲਣ ਦੇ ਕਿੱਤੇ ਨੂੰ ਵਾਤਾਵਰਣ ਦੀ ਸ਼ੁੱਧਤਾ ਦੇ ਨਾਲ-ਨਾਲ ਮਾਨਵੀ ਸਿਹਤ ਲਈ ਵੀ ਲਾਹੇਵੰਦਾ ਦੱਸਿਆ। ਉਨ੍ਹਾਂ ਕਿਹਾ ਕਿ ਸ਼ਹਿਦ ਦੀ ਮਹੱਤਤਾ ਮਨੁੱਖੀ ਜ਼ਿੰਦਗੀ ਦੇ ਸੰਸਾਰ ਵਿੱਚ ਸਾਹ ਲੈਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਅਖੀਰ ਤੱਕ ਕਿਸੇ ਨਾ ਕਿਸੇ ਰੂਪ ’ਚ ਇਨਸਾਨ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਦੇ ਆਯੂਰਵੈਦਾ ਅਨੁਸਾਰ ਵੀ ਬਹੁਤ ਲਾਭ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸ਼ਹਿਦ ਦਾ ਕਿੱਤਾ ਅਤੇ ਵਪਾਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਦੀ ਮੱਖੀ ਕੇਵਲ ਸ਼ਹਿਦ ਹੀ ਨਹੀਂ ਦਿੰਦੀ ਬਲਕਿ ਪਰਾਗਣ ਵਿਧੀ ਰਾਹੀਂ ਬਹੁਤ ਸਾਰੇ ਫੁੱਲਾਂ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ’ਤੇ ਵੀ ਲੈ ਕੇ ਜਾਂਦੀ ਹੈ। ਰਾਜਪਾਲ ਪੰਜਾਬ ਨੇ ਕਿਹਾ ਕਿ ਸ਼ਹਿਦ ਦੇ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੀ ਏ ਯੂ ਲੁਧਿਆਣਾ ਅਤੇ ਪੰਜਾਬ ਕਿਸਾਨ ਵਿਕਾਸ ਚੈਂਬਰ ਨੂੰ ਰਲ ਕੇ ਹੰਬਲਾ ਮਾਰਨ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੀ ਆਮਦਨੀ ਮਧੂ ਮੱਖੀਆਂ ਪਾਲਣ ਦੇ ਕਿੱਤੇ ਨਾਲ ਹੋਰ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹਿਦ ਦੀ ਮੱਖੀ ਪਾਲਣ ਦਾ ਕਿੱਤਾ ਬੜਾ ਪੁਰਾਣਾ ਹੈ ਪਰ ਸਾਨੂੰ ਇਸ ਨੂੰ ਨਵੀਂਅਂ ਤਕਨੀਕਾਂ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਸ਼ਹਿਦ ਦੀ ਮੱਖੀਆਂ ਦੇ ਪੰਜਾਬ ਭਰ ਤੋਂ ਪੁੱਜੇ ਪਾਲਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਰਾਜਪਾਲ ਵੱਲੋਂ ਇਸ ਮੌਕੇ ‘ਹਨੀ ਐਂਡ ਐਪੀਕਲਚਰ ਡਿਵੈਲਪਮੈਂਟ ਐਸੋਸੀਏਸ਼ਨ ਆਫ਼ ਇੰਡੀਆ’ ਦੇ ਗਠਨ ਦੀ ਸ਼ੁੱਭ ਸ਼ੁਰੂਆਤ ਵੀ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਬੰਧ ਵਿੱਚ ਕੀਤੇ ਜਾ ਰਹੇ ਉਪਰਾਲਿਆਂ ’ਤੇ ਚਾਨਣਾ ਪਾਇਆ। ਇਸ ਮੌਕੇ ਸਿਮਰਨਜੀਤ ਸਿੰਘ ਉਪ ਪ੍ਰਧਾਨ ਪੰਜਾਬ ਕਿਸਾਨ ਵਿਕਾਸ ਚੈਂਬਰ, ਬਲਵਿੰਦਰ ਸਿੰਘ ਸਿੱਧੂ ਸਕੱਤਰ, ਪੰਜਾਬ ਕਿਸਾਨ ਵਿਕਾਸ ਚੈਂਬਰ ਅਤੇ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ। ਪ੍ਰਦੀਪ ਥਰੇਜਾ ਨੂੰ ਇਸ ਮੌਕੇ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।