ਜ਼ਿਲ੍ਹਾ ਪੁਲਿਸ ਵੱਲੋਂ ਦਫ਼ਤਰਾਂ ਵਿੱਚ ਆਉਣ ਸਮੇਂ ਸਾਇਕਲਾਂ ਦੀ ਵਰਤੋਂ ਨੂੰ ਤਰਜੀਹ ਦੇਣ ਦੀ ਨਿਵੇਕਲੀ ਪਹਿਲ ਸ਼ੁਰੂ: ਐਸ.ਐਸ.ਪੀ  

ਸੰਗਰੂਰ, 24 ਮਈ : ਜ਼ਿਲ੍ਹਾ ਪੁਲਿਸ ਸੰਗਰੂਰ ਦੇ ਕਰਮਚਾਰੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ, ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਦੂਰ ਕਰਨ ਅਤੇ ਵਾਹਨਾਂ ਦੀ ਬਹੁਤਾਤ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋ ਅੱਜ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਵਿਖੇ ਵੱਖ ਵੱਖ ਦਫ਼ਤਰਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੇਂਜਰ ਸਾਇਕਲ ਤਕਸੀਮ ਕੀਤੇ ਗਏ ਹਨ ਤਾਂ ਜੋ ਉਹ ਦਫ਼ਤਰ ਆਉਣ ਜਾਣ ਸਮੇਂ ਸਾਇਕਲ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ। ਐਸ.ਐਸ.ਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਸ਼ਹਿਰੀ ਇਲਾਕੇ ਵਿੱਚ ਫੁੱਟ ਪੈਟਰੋਲਿੰਗ ਅਤੇ ਬੀਟ ਸਿਸਟਮ ਵਿੱਚ ਤਾਇਨਾਤ ਕਰਮਚਾਰੀਆ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਸਾਇਕਲ ਤਕਸੀਮ ਕੀਤੇ ਜਾਣਗੇ ਤਾਂ ਜੋ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਸਾਇਕਲ ਰਾਹੀ ਗਸ਼ਤ ਕਰਕੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਵਧੇਰੇ ਚੌਕਸੀ ਨਾਲ ਨਿਗਰਾਨੀ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲ ਲਈ ਸੁਨੀਲ ਜੈਨ (ਬੀ.ਆਰ ਗਰੁੱਪ ਆਫ ਇੰਡਸਟਰੀਜ਼ ਸੁਨਾਮ) ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਯੋਜਨਾ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਪਲਵਿੰਦਰ ਸਿੰਘ ਚੀਮਾ ਕਪਤਾਨ ਪੁਲਿਸ (ਇੰਨ), ਸ੍ਰੀ ਯੁਗੇਸ਼ ਕੁਮਾਰ ਕਪਤਾਨ ਪੁਲਿਸ ਧੂਰੀ-ਕਮ ਕਪਤਾਨ ਪੁਲਿਸ (ਸਥਾਨਕ) ਅਤੇ ਸੁਖਦੇਵ ਸਿੰਘ ਉਪ ਕਪਤਾਨ ਪੁਲਿਸ, ਟਰੈਫਿਕ ਸੰਗਰੂਰ ਅਤੇ ਦਫਤਰ ਸਟਾਫ ਵੱਲੋਂ ਪ੍ਰਿਤਪਾਲ ਸਿੰਘ ਹੈੱਡ ਕਲਰਕ ਮੌਜੂਦ ਸਨ।