ਗੁਰਦਾਸਪੁਰ, 7 ਨਵੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੀ ਕੋਈ ਕਿੱਲਤ ਨਾ ਆਵੇ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਸੁਨਿਸਚਿਤ ਬਣਾਇਆ ਗਿਆ ਹੈ। ਮੁੱਖ ਖੇਤੀਬੜੀ ਅਫਸਰ ਡਾ: ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਦੌਰਾਨਖੇਤੀ ਇਨਪੁਟਸ ਦੀ ਵਿਕਰੀ ਸਮੇਂ ਟੈਗਿੰਗ ਨਾ ਕਰਨ ਸਬੰਧੀ ਗੁਰਦਾਸਪੁਰ ਜਿਲ੍ਹੇ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਨੇ ਸਮੂਹ ਖਾਦ ਡੀਲਰਾਂ/ਡਿਸਟਰੀਬਿਊਟਰਾਂ, ਐਗਰੋਕੈਮੀਕਲ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਡੀਲਰ/ਕੰਪਨੀ ਕਿਸੇ ਵੀ ਕਿਸਾਨ ਨੂੰ ਖਾਦ ਜਾਂ ਹੋਰ ਖੇਤੀ ਇੰਨਪੁਟਸ ਦੀ ਵਿਕਰੀ ਸਮੇਂ ਕੋਈ ਵੀ ਟੈਗਿੰਗ ਭਾਵ ਬਿਨਾਂ ਲੋੜ ਤੋਂ ਕੋਈ ਹੋਰ ਵਸਤੂ ਅਟੈਚ ਨਹੀਂ ਕਰੇਗਾ। ਇਸ ਤੋਂ ਇਲਾਵਾ ਹਰੇਕ ਡੀਲਰ ਖਾਦ ਕੰਟਰੋਲ ਆਰਡਰ ਤਹਿਤ ਆਪਣੀ ਆਪਣੀ ਦੁਕਾਨ ਦੇ ਬਾਹਰ ਸਟਾਕ ਬੋਰਡ ਡਿਸਪਲੇਅ ਕਰੇਗਾ, ਜਿਸ ਵਿੱਚ ਉਸ ਪਾਸ ਉਪਲਬੱਧ ਖੇਤੀ ਸਮੱਗਰੀ ਦਾ ਸਟਾਕ ਅਤੇ ਰੇਟ ਲਿਸਟ ਦਾ ਵੇਰਵਾ ਰੋਜ਼ਾਨਾ ਲਿਖਿਆ ਜਾਵੇ। ਮੁੱਖ ਖੇਤੀਬੜੀ ਅਫਸਰ ਵੱਲੋਂ ਇੰਨਪੁੱਟਸ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਕਿ ਜੇਕਰ ਕੋਈ ਡੀਲਰ ਨਿਰਧਾਰਤ ਰੇਟਾਂ ਤੋਂ ਵੱਧ ਅਤੇ ਬਿਨਾਂ ਬਿੱਲ ਦੇ ਕਿਸਾਨਾਂ ਨੂੰ ਇੰਨਪੁਟਸ ਵੇਚਦਾ ਜਾਂ ਟੈਗਿੰਗ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਹੁਕਮ 1985 ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਮੂਹ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸੁਨਿਸ਼ਚਿਤ ਕੀਤਾ ਜਾਵੇ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਸਮੱਸਿਆ ਨਾ ਆਵੇ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਮੋਜੂਦਾ ਸਮੇਂ ਡੀ. ਏ. ਪੀ.ਖਾਦ ਦੇ ਕਈ ਬਦਲ ਹਨ ਜਿਨਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵੱਜੋਂ ਵਰਤਿਆ ਜਾ ਸਕਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਅਤੇ ਹਾੜੀ ਦੀਆਂ ਹੋਰਨਾਂ ਫ਼ਸਲਾਂ ਦੀ ਬਿਜਾਈ ਲਈ ਬਾਜ਼ਾਰ ਵਿੱਚ ਉਪਲਬੱਧ ਹੋਰਨਾਂ ਫਾਸਫੇਟਿਕ ਖਾਦਾਂ ਜਿਵੇਂ ਐਨ.ਪੀ.ਕੇ (12:32:16), ਟ੍ਰਿਪਲ ਸੁਪਰ ਫਾਸਫੇਟ (0:46:0), ਸਿੰਗਲ ਸੁਪਰ ਫਾਸਫੇਟ ਆਦਿ ਦੀ ਵਰਤੋਂ ਕਰਕੇ ਫ਼ਸਲ ਦੀ ਬਿਜਾਈ ਸਮੇਂ ਸਿਰ ਕਰਨ।