- ਸਾਡਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਪ੍ਰਦਰਸ਼ਨ ਤੇ ਨਿਰਭਰ-ਡਾ. ਭੁਪਿੰਦਰ ਸਿੰਘ ਏਓ
ਤਰਨ ਤਾਰਨ, 07 ਨਵੰਬਰ 2024 : ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਦੇ ਦਿਸ਼ਾ ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਹਰਪਾਲ ਸਿੰਘ ਪੰਨੂ ਦੀ ਦੇਖ ਰੇਖ ਹੇਠ ਸੂਚਨਾ, ਸਿੱਖਿਆ ਤੇ ਸੰਚਾਰ ਗਤੀਵਿਧੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹਰੀਕੇ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਵੱਲੋਂ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ 'ਤੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਜਾਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਹੀ ਨਿਰਭਰ ਕਰਦਾ ਹੈ। ਨੌਜਵਾਨਾਂ ਵਿਚ ਜੋਸ਼ ਤੇ ਉਤਸ਼ਾਹ ਦੀ ਬਹੁਤਾਤ ਹੁੰਦੀ ਹੈ। ਉਹ ਆਪਣੀ ਸਾਰਥਿਕ ਸੋਚ ਨਾਲ ਸਮਾਜ ਵਿਚ ਲੋੜੀਂਦੀ ਤਬਦੀਲੀ ਲਿਆ ਸਕਦੇ ਹਨ। ਉਨ੍ਹਾਂ ਚੰਗੇ ਭਵਿੱਖ ਲਈ ਅਧਿਆਪਕਾਂ , ਵਿਦਿਆਰਥੀਆਂ ਅਤੇ ਸਮੁੱਚੀ ਪੰਚਾਇਤ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨ, ਤਾਂ ਜੋ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਭਾਸ਼ਣ, ਕਵਿਤਾ, ਪੋਸਟਰ ਤੇ ਗੀਤ ਰਾਹੀਂ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ ਤੇ ਵਿਦਿਆਰਥੀਆਂ ਦੁਆਰਾ ਕੀਤੀ ਵਧੀਆ ਪੇਸ਼ਕਾਰੀ ਲਈ ਇਨਾਮ ਦਿੱਤੇ ਗਏ। ਇਸ ਮੌਕੇ ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ ਏਈਓ ਅਤੇ ਗੁਰਬਰਿੰਦਰ ਸਿੰਘ ਏਡੀਓ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ ਵੱਖ ਤਕਨੀਕਾਂ ਅਤੇ ਮਸ਼ੀਨਾਂ ਤੇ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਖੇਤੀ ਅਧਿਕਾਰੀਆਂ ਦੁਆਰਾ ਦਿੱਤੀ ਗਈ ਸੁਚੱਜੀ ਜਾਣਕਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਰ ਸੰਭਵ ਸਹਿਯੋਗ ਕਰਦੇ ਰਹਿਣਗੇ । ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਲੈਕਚਰਾਰ ਰਕੇਸ਼ ਕੁਮਾਰ ਨੇ ਬੜੀ ਬਾਖ਼ੂਬੀ ਨਿਭਾਈ।ਬੱਚਿਆਂ ਨੂੰ ਵਿਸ਼ੇ ਸਬੰਧੀ ਤਿਆਰੀ ਲਈ ਅਧਿਆਪਕ ਹਰਿੰਦਰ ਸਿੰਘ, ਪ੍ਰਭਜੀਤ ਸਿੰਘ ਅਤੇ ਮੈਡਮ ਪਵਨਦੀਪ ਕੌਰ ਨੇ ਸਹਿਯੋਗ ਕੀਤਾ।ਇਸ ਦੌਰਾਨ ਸਰਪੰਚ ਇਕਬਾਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ ਸਾਹਿਬਾਨ, ਸੁਖਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਨਿਸ਼ਾਨ ਸਿੰਘ ਉਪ ਨਿਰੀਖਕ ,ਫੀਲਡ ਵਰਕਰ ਗੁਰਲਾਲ ਸਿੰਘ ,ਗੁਰਦੇਵ ਸਿੰਘ ਏਟੀਐਮ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।