ਸ੍ਰੀ ਮੁਕਤਸਰ ਸਾਹਿਬ, 07 ਨਵੰਬਰ 2024 : ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਿਸ ਦੇ ਮੱਦੇਨਜ਼ਰ ਸਪੈਸ਼ਲ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਸਪੈਸ਼ਲ ਕੈਂਪ 9, 10, 23 ਅਤੇ 24 ਨਵੰਬਰ 2024 ਨੂੰ ਸਪੈਸ਼ਲ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਬੰਧਤ ਪੋਲਿੰਗ ਬੂਥਾਂ ’ਤੇ ਬੂਥ ਲੈਵਲ ਅਫਸਰ (ਬੀਐਲਓ) ਵੱਲੋਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਆਪੋਂ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਵੋਟਰ ਬਣਨ ਦੇ ਯੋਗ ਹੈ ਤਾਂ ਉਹ ਇਨ੍ਹਾਂ ਸਪੈਸ਼ਲ ਰਜਿਸਟ੍ਰੇਸ਼ਨ ਕੈਂਪਾਂ ’ਚ ਪਹੁੰਚ ਕੇ ਲਾਭ ਲੈ ਸਕਦੇ ਹਨ।