ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਕੇ ਦੁਰਘਟਨਾਵਾਂ ਨੂੰ ਘਟਾਇਆ ਜਾ ਸਕਦਾ ਹੈ- ਵਿਨੀਤ ਕੁਮਾਰ

  • ਰੋਡ ਸੇਫਟੀ ਸਬੰਧੀ ਜਾਗਰੂਕਤਾ ਮੁਹਿੰਮ ਜਾਰੀ ਰੱਖੀ ਜਾਵੇ : ਦੇਸ ਰਾਜ

ਫ਼ਰੀਦਕੋਟ 7 ਨਵੰਬਰ,2024 : ਪੰਜਾਬ ਰੋਡ ਸੇਫ਼ਟੀ ਕੌਂਸਿਲ ਦੇ ਆਦੇਸ਼ਾਂ ਤਹਿਤ ਫ਼ਰੀਦਕੋਟ ਜ਼ਿਲ੍ਹੇ ਵਿੱਚ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦਾ ਪੁਨਰ ਗਠਨ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਸੁਰੱਖਿਅਤ ਸੜਕੀ ਆਵਾਜਾਈ ਲਈ ਲੋਕਾਂ ਨੂੰ ਹੋਰ ਵੀ ਜੋਰਦਾਰ ਢੰਗ ਨਾਲ ਜਾਗਰੂਕ ਕੀਤਾ ਜਾਵੇਗਾ । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਨਵੇਂ ਆਦੇਸ਼ਾਂ ਮੁਤਾਬਕ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਹੀ 'ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022 'ਚ ਮੁਆਵਜਾ ਦਿਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ' ਹੋਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸੁਚੇਤ ਹੋ ਕੇ ਸੜਕ ਸੁਰੱਖਿਆ ਸਬੰਧੀ ਨਿਯਮਾਂ ਦਾ ਪਾਲਨ ਕਰਕੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਮੀਟਿੰਗ ਦੌਰਾਨ ਕਿਹਾ ਕਿ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ । ਟਰੈਫਿਕ ਨਿਯਮਾਂ ਦੀ ਪਾਲਣਾ ਲਈ ਸਖਤੀ ਵਰਤੀ ਜਾਵੇ। ਉਨ੍ਹਾਂ ਪੁਲਿਸ ਅਤੇ ਆਰ.ਟੀ.ਏ ਵਿਭਾਗ ਨੂੰ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰ ਲੋਡ ਵਾਹਨਾਂ ਦੇ ਚਲਾਨ ਕੱਟਣ ਦੀ ਹਦਾਇਤ ਕੀਤੀ । ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆਂ ਲਈ ਸੇਫਟੀ ਬਟਨ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਹਦਾਇਤ ਕੀਤੀ ਅਤੇ ਐਸ.ਡੀ.ਐਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਰੈਗਲੂਰ ਸਕੂਲਾਂ ਦੀ ਟਰਾਂਸਪੋਰਟ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲ ਦੇ ਵਾਹਨ ਚਲਾਉਣ ਵਾਲੇ ਡਰਾਈਵਰਾਂ ਦੀ ਸਮੇਂ ਸਮੇਂ ਸਿਹਤ ਜਾਂਚ ਯਕੀਨੀ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਖੇ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਕਿਸੇ ਆਵਾਰਾ ਪਸ਼ੂ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਆਸ਼ਰਿਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ  ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਲਈ ਹੈਲਮਟ ਅਤੇ ਚਾਰ ਪਹੀਆ ਵਾਹਨ ਚਲਾਉਣ ਲਈ ਬੈਲਟ ਲਗਾਉਣ ਨਾਲ ਕਾਫੀ ਹੱਦ ਤੱਕ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ।  ਬਲੈਕ ਸਪੋਟ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਭ ਤੋਂ ਵੱਧ  ਸੜਕ ਯਾਤਾਯਾਤ ਵਿੱਚ ਖਤਰਨਾਕ ਥਾਵਾਂ ਵਿੱਚ ਟੀ ਪੁਆਇੰਟ ਟਹਿਣਾ ਅਤੇ ਹਾਈਵੇ ਕੋਟਕਪੂਰਾ ਸ਼ਹਿਰ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ ਹੋਰ ਬਲੈਕ ਸਪੋਟਾਂ ਦੀ ਨਿਸ਼ਾਨ ਦੇਹੀ ਕਰਕੇ ਉਨ੍ਹਾਂ ਥਾਵਾਂ ਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਏ ਜਾਣਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਸ੍ਰੀ ਦੇਸ ਰਾਜ ਜੁਆਇੰਟ ਡਾਇਰੈਕਟਰ ਟਰੈਫਿਕ ਚੰਡੀਗੜ੍ਹ ਨੇ ਦੱਸਿਆ ਕਿ ਨੇਸ਼ਨਲ ਪੱਧਰ ਤੇ ਨੈਸ਼ਨਲ ਰੋਡ ਸੇਫਟੀ ਕੌਂਸਿਲ, ਰਾਜ ਪੱਧਰ ਤੇ ਜ਼ਿਲ੍ਹਾ ਪੱਧਰੀ ਤੇ ਰੋਡ ਸੇਫਟੀ ਕਮੇਟੀਆਂ ਬਣਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ/ ਗੰਭੀਰ ਸੱਟਾਂ ਲੱਗ ਕੇ ਫੱਟੜ ਹੋਣ ਵਾਲਿਆਂ ਦੀ ਗਿਣਤੀ ਨੌਜਵਾਨਾਂ ਦੀ ਹੈ ਜਿਨਾਂ ਦੀ ਉਮਰ 18 ਤੋਂ 45 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਾਡੇ ਦੇਸ਼ ਵਿੱਚ 474 ਅਤੇ ਪੰਜਾਬ ਵਿੱਚ 14 ਮੌਤਾਂ ਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਜ਼ਿਆਦਾਤਰ ਐਕਸੀਡੈਂਟ ਸ਼ਾਮ 6 ਵਜੇ ਤੋਂ ਰਾਤ 9 ਵਜੇ ਹੁੰਦੇ ਹਨ। ਇਸ ਕਾਰਨ ਰਾਤ ਸਮੇਂ ਅਤਿਅੰਤ ਸੁਚੇਤ ਹੋ ਕੇ ਡਰਾਈਵ ਕਰਨ ਦੀ ਲੋੜ ਹੈ। ਇਨ੍ਹਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਲਈ 48 ਕਰੋੜ ਰੁਪਏ ਖਰਚ ਕੇ ਵਾਹਨ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ-ਕਮ-ਆਰ.ਟੀ.ਏ ਮੇਜਰ ਵਰੁਣ ਕੁਮਾਰ, ਐਸ.ਡੀ.ਐਮ ਜੈਤੋ ਸ੍ਰੀ ਸੂਰਜ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਐਮ.ਈ. ਰਾਕੇਸ਼ ਕੰਬੋਜ, ਸ. ਮਨਦੀਪ ਸਿੰਘ ਐਕਸੀਅਨ ਨੈਸ਼ਨਲ ਹਾਈਵੇ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।