- ਜੁਰਮਾਨੇ ਦੇ ਨਾਲ ਮਾਲ ਰਿਕਾਰਡ ਵਿਚ ਵੀ ਦਰਜ ਹੋਈ ਰੈਡ ਐਂਟਰੀ
- ਸੁਪਰ ਐਸ ਐਮ ਐਸ ਨਾ ਹੋਣ ਤੇ 6 ਕੰਬਾਈਨਾਂ ਦੇ ਕੀਤੇ ਚਲਾਨ
- 9 ਨੋਡਲ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਫ਼ਰੀਦਕੋਟ, 7 ਨਵੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਕੱਲ ਸ਼ਾਮ ਤੱਕ ਪੰਜਾਬ ਰਿਮੋਰਟ ਸੈਂਸਰਿੰਗ ਸੈਂਟਰ ਲੁਧਿਆਣਾ ਵੱਲੋਂ ਜਿਲ੍ਹੇ ਵਿੱਚ 112 ਕੇਸ ਅੱਗ ਲਗਾਉਣ ਸਬੰਧੀ ਰਿਪੋਰਟ ਭੇਜੀ ਗਈ ਸੀ, ਜਿੰਨ੍ਹਾਂ ਨੇ ਕਾਰਵਾਈ ਕਰਨ ਉਪਰੰਤ 51 ਕੇਸ ਨੋ ਫਾਇਰ ਦੇ ਸਾਹਮਣੇ ਆਏ ਅਤੇ 61 ਕੇਸਾਂ ਤੇ ਐਫ.ਆਈ.ਆਰ ਕਰਨ ਤੋਂ ਇਲਾਵਾ ਚਾਲਾਨ ਅਤੇ ਉਨ੍ਹਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਵਿਅਕਤੀਆਂ ਨੂੰ ਹੁਣ ਤੱਕ 1 ਲੱਖ 57 ਹਜ਼ਾਰ 500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸ ਵਿੱਚ 1 ਲੱਖ 40 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਜਿਲ੍ਹੇ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪਿੰਡਾਂ ਵਿੱਚ ਹਰੇਕ ਪਿੰਡ ਲਈ ਨੋਡਲ ਅਤੇ ਕਲੱਸਟਰ ਅਫਸਰ ਲਗਾਤਾਰ ਜਾ ਕੇ ਲੋਕਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕਰ ਰਹੇ ਹਨ ਅਤੇ ਕਿਤੇ ਵੀ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਕਾਰਵਾਈ ਹੋਂਦ ਵਿੱਚ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਨੋਡਲ ਅਫਸਰਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਾਰਵੈਸਟ ਕੰਬਾਇਨਾਂ ਲਈ ਸੁਪਰ ਐਸ.ਐਮ.ਐਸ ਤਕਨੀਕ ਲਾਜਮੀ ਕੀਤਾ ਗਿਆ ਹੈ ਪਰ ਫਿਰ ਵੀ ਕਈ ਕੰਬਾਇਨ ਮਾਲਕ ਕੰਬਾਇਨਾਂ ਸੁਪਰ ਐਸ.ਐਮ.ਐਸ ਤੋਂ ਬਿਨਾਂ ਚਲਾ ਰਹੇ ਹਨ ਜਿੰਨਾ ਤੇ ਕਾਰਵਾਈ ਕਰਦੇ ਹੋਏ ਹੁਣ ਤੱਕ 06 ਚਾਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੁਣ ਤੱਕ 9 ਨੋਡਲ ਅਫਸਰਾਂ ਜਿੰਨਾ ਦੇ ਏਰੀਏ ਵਿੱਚ ਅੱਗ ਜ਼ਿਆਦਾ ਲੱਗੀ ਹੈ, ਨੂੰ ਕਾਰਨ ਦੱਸੋਂ ਨੋਟਿਸ ਕੀਤੇ ਗਏ ਅਤੇ 03 ਖਿਲਾਫ ਅੰਡਰ ਐਕਟ 14 ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਫਸਲ ਦੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਦਾ ਸਾਥ ਦੇਣ।