ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 7 ਨਵੰਬਰ 2024 : ਜ਼ਿਲ੍ਹੇ ਅੰਦਰ ਝੋਨੇ/ਬਾਸਮਤੀ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘੱਟਨਾਵਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪਿੰਡ ਸੰਗਰਾਣਾ ਅਤੇ ਸੱਕਾਂਵਾਲੀ ਵਿਖੇ ਪਰਾਲੀ ਨੂੰ ਜਮੀਨ ਵਿੱਚ ਹੀ ਵਾਹ ਕੇ (ਇੰਨ-ਸੀਟੂ ਕਰਕੇ) ਪਰਾਲੀ ਦਾ ਪ੍ਰਬੰਧਨ ਕਰ ਰਹੇ ਕਿਸਾਨਾਂ ਨੂੰ ਮੌਕੇ ‘ਤੇ ਹੀ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਵਿਕਸਿਤ ਤਕਨੀਕਾਂ/ਮਸ਼ੀਨਾਂ ਜਿਵੇਂ ਕਿ ਸਮਾਰਟ ਸੀਡਰ, ਹੈਪੀ ਸੀਡਰ, ਸੁਪਰ ਸੀਡਰ, ਜੀਰੋ ਡਰਿੱਲ, ਮਲਚਰ ਆਦਿ ਦੀ ਵਰਤੋਂ ਕਰਕੇ ਪਰਾਲੀ ਦੀ ਸੁਚੱਜੀ ਸੰਭਾਲ ਕਰਨ, ਤਾਂ ਜੋ ਆਸ ਪਾਸ ਦੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ। ਇਸ ਮੌਕੇ ਸ੍ਰੀ ਜੋਬਨਦੀਪ ਸਿੰਘ, ਕਲੱਸਟਰ ਕੌਆਰਡੀਨੇਟਰ-ਕਮ-ਸਰਕਲ ਇੰਚਾਰਜ਼(ਲੁਬਾਣਿਆਵਾਲੀ), ਸ਼੍ਰੀ ਰਾਜੇਂਦਰ ਕੁਮਾਰ, ਏ.ਏ.ਈ (ਸੰਦ), ਸ਼੍ਰੀ ਮੁਹੱਮਦ ਬਿਲਾਲ, ਡੀ.ਡੀ.ਐਫ, ਸ਼੍ਰੀ ਅਰਿੰਦਰਪਾਲ ਸਿੰਘ, ਕਲੱਸਟਰ ਕੌਆਰਡੀਨੇਟਰ-ਕਮ-ਸਰਕਲ ਇੰਚਾਰਜ਼(ਬਰੀਵਾਲਾ) ਤੋਂ ਇਲਾਵਾ ਕਿਸਾਨ ਹਾਜ਼ਰ ਸਨ।