- ਪਿੰਡਾਂ ਵਿੱਚ ਵੀ ਸੀ.ਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਗੁਰਦਾਸਪੁਰ, 7 ਨਵੰਬਰ 2024 : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਭਾਰਤ ਦੀ ਪੁਰਾਤਨ ਯੋਗ ਪ੍ਰਕਿਰਿਆ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੀ.ਐੱਮ ਦੀ ਯੋਗਸ਼ਾਲਾ ਤਹਿਤ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਯੋਗ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਕਿਹਾ ਕਿ ਵਰਤਮਾਨ ਜ਼ਿੰਦਗੀ ਵਿਚ ਲੋਕ ਹਾਈ ਬਲੱਡ ਪ੍ਰੈਸ਼ਰ,ਦਿਲ ਦੀਆਂ ਬਿਮਾਰੀਆਂ ਅਤੇ ਅਨੇਕਾਂ ਤਰ੍ਹਾਂ ਦੀਆਂ ਮਨੋਵਿਗਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ,ਜਿਸ ਕਰਕੇ ਆਤਮਿਕ ਸ਼ਾਂਤੀ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ। ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਸੀ.ਐਮ ਦੀ ਯੋਗਸ਼ਾਲਾ ਪਿੰਡਾਂ ਦੇ ਵਿੱਚ ਵੀ ਪਹੁੰਚ ਚੁੱਕੀ ਹੈ, ਜਿਸ ਦੇ ਅੰਤਰਗਤ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਸੀ.ਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ ਚੱਲ ਰਹੀਆਂ ਹਨ।ਪਿਛਲੇ ਦਿਨੀ ਦੀਨਾ ਨਗਰ ਦੇ ਲਾਗੇ ਪਿੰਡ ਸਾਮੂ ਚੱਕ ਵਿੱਚ ਚੱਲ ਰਹੀ ਕਲਾਸ ਤੇ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਹ ਯੋਗਾ ਕਲਾਸ ਪਿਛਲੇ ਤਕਰੀਬਨ ਸੱਤ ਮਹੀਨਿਆਂ ਤੋਂ ਚੱਲ ਰਹੀ ਹੈ, ਜਿਸ ਵਿੱਚ ਪਿੰਡ ਦੀਆਂ ਔਰਤਾਂ ਵਿਸ਼ੇਸ਼ ਤੌਰ 'ਤੇ ਭਾਗ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਸਨ, ਜੋ ਕਿ ਰੋਜ਼ਾਨਾ ਯੋਗ ਕਰਨ ਦੇ ਨਾਲ ਠੀਕ ਹੋ ਗਈਆਂ ਹਨ। ਕਲਾਸ ਮੈਂਬਰ ਮੋਨਿਕਾ ਨੇ ਦੱਸਿਆ ਕਿ ਮੈਨੂੰ ਪਿਛਲੇ ਸਮੇਂ ਦੌਰਾਨ ਸਰਵਾਈਕਲ ਦੀ ਕਾਫੀ ਜਿਆਦਾ ਸਮੱਸਿਆ ਸੀ, ਜਿਸ ਲਈ ਮੈਂ ਵੱਖ-ਵੱਖ ਸਮੇਂ ਉੱਪਰ ਵੱਖ-ਵੱਖ ਤਰ੍ਹਾਂ ਦੇ ਇਲਾਜ ਪ੍ਰਾਪਤ ਕੀਤੇ ਪਰ ਇਹਨਾਂ ਦੇ ਵਿੱਚ ਮੈਨੂੰ ਕਿਸੇ ਵੀ ਤਰ੍ਹਾਂ ਦਾ ਲਾਭ ਨਾ ਮਿਲਿਆ ਹੁਣ ਮੈਂ ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਇਸ ਯੋਗ ਦੀ ਕਲਾਸ ਨਾਲ ਜੁੜੀ ਹੋਈ ਹਾਂ ਜਿਸ ਨਾਲ ਮੇਰਾ ਸਰਵਾਈਕਲ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਮੈਂ ਬਹੁਤ ਖੁਸ਼ ਹਾਂ। ਉੱਥੇ ਹੀ ਇੱਕ ਹੋਰ ਮੈਂਬਰ ਜਿਸ ਦਾ ਨਾਮ ਸੁਨੀਤਾ ਹੈ। ਉਸ ਨੇ ਦੱਸਿਆ ਕਿ ਮੈਨੂੰ ਪਿਛਲੇ ਸਮੇਂ ਤੋਂ ਮਾਨਸਿਕ ਤਨਾਅ ਦੀ ਸਮੱਸਿਆ ਸੀ ਜੋ ਕਿ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਸੀ। ਪਰ ਹੁਣ ਯੋਗ ਕਰਨ ਦੇ ਨਾਲ ਇਹ ਸਮੱਸਿਆ ਪੂਰਨ ਤੌਰ ਤੇ ਠੀਕ ਹੋ ਗਈ ਹੈ। ਕਲਾਸ ਤੇ ਗਰੁੱਪ ਲੀਡਰ ਅਮਿਤ ਠਾਕੁਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਲੋਕ ਆਪਣੇ ਪਿੰਡਾਂ ਜਾਂ ਮੁਹੱਲਿਆਂ ਦੇ ਵਿੱਚ 25-25 ਮੈਂਬਰਾਂ ਦੇ ਗਰੁੱਪ ਬਣਾ ਕੇ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਇਹ ਸੀਐਮ ਦੀ ਯੋਗਸ਼ਾਲਾ ਕੈਂਪਾਂ ਨੂੰ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਕੁਰਾਡੀਨੇਟਰ, ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਗਭਗ 170 ਯੋਗ ਕਲਾਸਾਂ ਰੋਜ਼ਾਨਾ ਲੱਗ ਰਹੀਆਂ ਹਨ। ਜਿਨ੍ਹਾਂ ਵਿੱਚ ਲਗਭਗ 6000 ਹਜ਼ਾਰ ਲੋਕ ਲਾਭ ਉਠਾ ਰਹੇ ਹਨ।