ਜਗਰਾਉਂ 'ਚ ਅਪਾਹਜਾਂ ਦੀ ਮਦਦ ਲਈ ਲਗਾਇਆ ਕੈਂਪ, 150 ਤੋਂ ਵੱਧ ਲੋੜਵੰਦ ਲੋਕਾਂ ਨੇ ਕੀਤਾ ਅਪਲਾਈ 

ਜਗਰਾਉਂ, 24 ਮਈ : ਕੇਂਦਰੀ ਸਮਾਜ ਭਲਾਈ ਸਮੇਤ ਵੱਖ-ਵੱਖ ਵਿਭਾਗਾਂ ਨੂੰ ਨਾਲ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਗਰਾਉਂ ਦੇ ਵੱਖ-ਵੱਖ ਅੰਗਹੀਣਾਂ ਦੀ ਮਦਦ ਲਈ ਵਿਸ਼ੇਸ਼ ਕੈਂਪ ਲਗਾਇਆ, ਜਿਸ 'ਚ ਵੱਡੀ ਗਿਣਤੀ 'ਚ ਅੰਗਹੀਣ ਨਾਗਰਿਕਾਂ ਨੇ ਬਨਾਵਟੀ ਅੰਗ, ਕੁਰਸੀ, ਟਰਾਈਸਾਈਕਲ, ਕੰਨ ਮਸ਼ੀਨ, ਬੈਸਾਖੀਆਂ ਆਦਿ ਲੈਣ ਲਈ ਅਪਲਾਈ ਕੀਤਾ ਹੈ। ਕੈਂਪ ਦੌਰਾਨ ਸਰੀਰਕ ਤੌਰ ’ਤੇ ਅਪੰਗ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਅਪੰਗਤਾ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕੁਦਰਤੀ ਬੀਮਾਰੀਆਂ ਕਾਰਨ ਅਪੰਗ ਹੋਏ ਲੋਕਾਂ ਨੂੰ ਚੰਗਾ ਜੀਵਨ ਜਿਊਣ ਦਾ ਪੂਰਾ ਹੱਕ ਹੈ, ਉਨ੍ਹਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਲੋਕ ਸਭਾ ਹਲਕੇ ਦੇ 7000 ਦੇ ਕਰੀਬ ਅੰਗਹੀਣ ਨਾਗਰਿਕਾਂ ਨੂੰ ਸਹਾਇਤਾ ਅਤੇ ਉਪਕਰਨ ਮੁਹੱਈਆ ਕਰਵਾ ਚੁੱਕੇ ਹਨ ਅਤੇ ਹਲਕੇ ਦੇ ਹਰੇਕ ਅਪਾਹਜ ਵਿਅਕਤੀ ਨੂੰ ਆਮ ਜੀਵਨ ਜਿਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਜਿਸ ਲਈ ਉਹ ਲੋੜਵੰਦ ਅੰਗਹੀਣਾਂ ਦੀ ਮਦਦ ਕਰਦੇ ਆ ਰਹੇ ਹਨ। ਉਹ ਹਰ ਸਾਲ ਅਜਿਹੇ ਕੈਂਪਾਂ ਵਿੱਚ ਜਾ ਕੇ ਸੁੱਖ-ਦੁੱਖ ਜਾਣਦੇ ਹਨ ਅਤੇ ਲੋੜਵੰਦਾਂ ਦੀ ਮਦਦ ਕਰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਮਾਰਕੀਟ ਕਮੇਟੀ ਪ੍ਰਧਾਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਰਵਿੰਦਰਪਾਲ ਰਾਜੂ, ਸੀਨੀਅਰ ਕਾਂਗਰਸੀ ਆਗੂ ਗੋਪਾਲ ਸ਼ਰਮਾ, ਹਰਜਿੰਦਰ ਸਿੰਘ ਢੀਂਡਸਾ, ਯੂਥ ਆਗੂ ਮਨੀ ਗਰਗ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।