ਮੈਂ ਨਹੀਂ ਹਾਰਾਂਗੀ

ਰਾਤ ਦੇ ਗਿਆਰਾਂ ਵੱਜੇ ਸਨ। ਅੱਜ ਅੱਤ-ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ’ਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚੱਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਸ ਦਾ ਪਤੀ ਗੁਣਵੰਤ ਵੇਟਿੰਗ ਰੂਮ ਵਿਚ ਇਕੱਲਾ ਬੈਠਾ ਸਹਿਮਿਆ ਜਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ। ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਇਸ ਉਮਰ ਵਿਚ ਅਜਿਹੇ ਓਪਰੇਸ਼ਨ ਨਾਲ ਕੁਲਵਿੰਦਰ ਦੀ ਜਾਨ ਨੂੰ ਖ਼ਤਰਾ ਸੀ। ਅਜਿਹਾ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੀਦਾ ਪਰ ਉਨ੍ਹਾਂ ਇਹ ਖ਼ਤਰਾ ਮੁੱਲ ਲੈ ਹੀ ਲਿਆ। ਕੁਲਵਿੰਦਰ ਤਾਂ ਰੱਬ ਨਾਲ ਹੀ ਲੜਨ ਨੂੰ ਤਿਆਰ ਸੀ। ਜੋ ਚੀਜ਼ ਰੱਬ ਨੇ ਉਸ ਨੂੰ ਨਹੀਂ ਸੀ ਦਿੱਤੀ, ਉਹ ਉਸ ਤੋਂ ਖੋਹ ਕੇ ਹਾਸਲ ਕਰਨਾ ਚਾਹੁੰਦੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਡੀਕ ਕਰਦਿਆਂ ਗੁਣਵੰਤ ਨੂੰ ਬੇਹੋਸ਼ੀ ਜਿਹੀ ਆ ਗਈ ਅਤੇ ਉਸ ਦੀ ਪਿਛਲੀ ਜ਼ਿੰਦਗੀ ਫਿਲਮ ਦੀ ਰੀਲ ਦੀ ਤਰ੍ਹਾਂ ਉਸ ਦੇ ਸਾਹਮਣੇ ਚੱਲਣ ਲੱਗੀ। ਗੁਣਵੰਤ ਆਪਣੀ ਪਤਨੀ ਨਾਲ ਬੈਠਾ ਆਪਣੀ ਬੇਟੀ ਰਾਣੋ ਦੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ। ਰਾਣੋ ਦਫ਼ਤਰ ਦਾ ਟੂਰ ਕਹਿ ਕੇ ਘਰੋਂ ਤਿੰਨ ਦਿਨ ਤੋਂ ਗਾਇਬ ਸੀ। ਅੱਜ ਉਸ ਦੀ ਵਾਪਸੀ ਸੀ। ਅਚਾਨਕ ਕੁਲਵਿੰਦਰ ਦੇ ਫੋਨ ਦੀ ਘੰਟੀ ਵੱਜੀ।

“ਹੈਲੋ।”
“ਹੈਲੋ।’’

“ਮੰਮੀ ਮੈਂ ਰਾਣੋ ਬੋਲ ਰਹੀ ਹਾਂ।”

“ਹਾਂ ਪੁੱਤ ਬੜੀ ਦੇਰ ਕਰ ਦਿੱਤੀ। ਮੈਂ ਤੇ ਤੇਰੇ ਡੈਡੀ ਬਹੁਤ ਫ਼ਿਕਰ ਕਰ ਰਹੇ ਹਾਂ।”

“ਹਾਂ ਮੰਮੀ ਕੁਝ ਦੇਰ ਹੋ ਹੀ ਗਈ। ਕੰਮ ਜੋ ਬਹੁਤ ਸਨ ਕਰਨ ਵਾਲੇ।”

“ਐਡੇ ਕਿਹੜੇ ਕੰਮ ਸਨ ਕਰਨ ਵਾਲੇ? ਹੁਣ ਕਿੰਨੀ ਦੇਰ ਤਕ ਘਰ ਪਹੁੰਚ ਰਹੀ ਹੈ?”
“ਮੰਮੀ ਮੈਂ ਤੁਹਾਨੂੰ ਇਕ ਗੱਲ ਦੱਸਣੀ ਸੀ।”
“ਦੱਸ ਪੁੱਤਰ?”
“ਮੰਮੀ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਤੁਸੀਂ ਦੱਸੋ ਜੇ ਅਸੀਂ ਘਰ ਆਈਏ ਤਾਂ ਕੀ ਤੁਸੀਂ ਸਾਨੂੰ ਅਸ਼ੀਰਵਾਦ ਦਿਉਗੇ ਜਾਂ ਨਹੀਂ?”

“ਹੈਂ ਇਹ ਕੀ ਕਹਿ ਰਹੀ ਹੈਂ ਤੂੰ? ਕੁਲਵੰਤ ਦੇ ਹੱਥੋਂ ਮੋਬਾਈਲ ਛੁੱਟ ਕੇ ਥੱਲੇ ਡਿੱਗ ਪਿਆ। ਕੋਲ ਬੈਠੇ ਗੁਣਵੰਤ ਨੇ ਮੋਬਾਈਲ ਚੁੱਕ ਕੇ ਗੱਲ ਕਰਨੀ ਸ਼ੁਰੂ ਕੀਤੀ-“ਰਾਣੋ ਬੇਟੇ ਕੀ ਗੱਲ ਹੈ? ਤੇਰੀ ਮੰਮੀ ਦੇ ਹੱਥੋਂ ਮੋਬਾਈਲ ਥੱਲੇ ਡਿੱਗ ਗਿਆ ਸੀ। ਹਾਂ ਤੂੰ ਕੀ ਗੱਲ ਕਰ ਰਹੀ ਸੀ?”

“ਡੈਡੀ ਮੈਂ ਕਹਿ ਰਹੀ ਸੀ ਕਿ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਜੇ ਤੁਸੀਂ ਸਾਨੂੰ ਅਸ਼ੀਰਵਾਦ ਦਿਉ ਤਾਂ ਹੀ ਅਸੀਂ ਘਰ ਆਈਏ।”

ਗੁਣਵੰਤ ਕੜਕਿਆ-“ਕੀ ਕਿਹਾ? ਪਰਮਿੰਦਰ ਨਾਲ ਵਿਆਹ ਕਰਾ ਲਿਆ ਹੈ ਤੂੰ? ਜਿਹੜਾ ਹੱਦ ਦਰਜੇ ਦਾ ਨਸ਼ੇੜੀ ਮੁੰਡਾ ਹੈ? ਇਹ ਤੂੰ ਕੀ ਜ਼ੁਲਮ ਕੀਤਾ?” ਕੁਲਵਿੰਦਰ ਨੇ ਗੁਣਵੰਤ ਤੋਂ ਫੋਨ ਫੜਦੇ ਹੋਏ ਕਿਹਾ-“ਇਹ ਕੀ ਤੂੰ ਚੰਨ ਚਾੜ੍ਹ ਦਿੱਤਾ ਹੈ? ਤੈਨੂੰ ਸ਼ਰਮ ਨਾ ਆਈ ਪਿਉ ਦੀ ਪੱਗ ਨੂੰ ਦਾਗ਼ ਲਾਉਂਦਿਆਂ? ਸਾਨੂੰ ਤਾਂ ਤੂੰ ਜਿਉਂਦੇ ਜੀਅ ਹੀ ਮਾਰ ਸੁੱਟਿਆ ਹੈ ਅਤੇ ਆਪਣੇ ਛੋਟੇ ਭਰਾ ਦਾ ਜੀਵਨ ਵੀ ਹਨੇਰਾ ਕਰ ਛੱਡਿਆ ਹੈ। ਅਸੀਂ ਤੈਨੂੰ ਐਡੇ ਪਿਆਰ ਨਾਲ ਪਾਲਿਆ ਪੋਸਿਆ ਅਤੇ ਪੜ੍ਹਾ ਲਿਖਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਤੇ ਤੂੰ ਅੱਜ ਸਾਡੇ ਸਿਰ ਇਹ ਸੁਆਹ ਪਾਈ ਹੈ?”

“ਮੰਮੀ ਹਰ ਮਾਂ ਪਿਉ ਆਪਣੇ ਬੱਚਿਆਂ ਨੂੰ ਪਾਲਦਾ ਹੈ। ਤੁਸੀਂ ਮੈਨੂੰ ਪਾਲ ਕੇ ਆਪਣਾ ਫ਼ਰਜ਼ ਹੀ ਪੂਰਾ ਕੀਤਾ ਹੈ। ਮੇਰੇ ਤੇ ਕੋਈ ਵੱਖਰਾ ਅਹਿਸਾਨ ਨਹੀਂ ਕੀਤਾ। ਮੈਂ ਇਸ ਸਮੇਂ 22 ਸਾਲ ਦੀ ਹੋ ਗਈ ਹਾਂ ਅਤੇ ਆਪਣੇ ਫ਼ੈਸਲੇ ਆਪ ਲੈ ਸਕਦੀ ਹਾਂ। ਮੈਂ ਜੋ ਕੁਝ ਵੀ ਕੀਤਾ ਹੈ ਸਭ ਸੋਚ ਸਮਝ ਕੇ ਹੀ ਕੀਤਾ ਹੈ। ਤੁਸੀਂ ਦੱਸੋ ਹੁਣ ਤੁਸੀਂ ਸਾਡੇ ਵਿਆਹ ਨੂੰ ਮਾਨਤਾ ਦਿੰਦੇ ਹੋ ਕਿ ਨਹੀਂ?”

“ਨੀਂ ਤੂੰ ਸਾਡੀ ਸਾਰੀ ਉਮਰ ਦੇ ਪਿਆਰ ਅਤੇ ਕੁਰਬਾਨੀ ਨੂੰ ਇਕ ਦਿਨ ਵਿਚ ਹੀ ਠੋਕਰ ਮਾਰ ਕੇ ਕੁਝ ਦਿਨਾਂ ਦੀ ਜਾਨ ਪਛਾਣ ਵਾਲੇ ਮੁੰਡੇ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ। ਯਾਦ ਰੱਖ ਅੱਜ ਤੋਂ ਸਾਡੇ ਘਰ ਦੇ ਦਰਵਾਜ਼ੇ ਤੇਰੇ ਵਾਸਤੇ ਸਦਾ ਲਈ ਬੰਦ ਹਨ। ਸਾਡੇ ਲਈ ਤੂੰ ਮਰ ਗਈ। ਸਾਨੂੰ ਦੁਖੀ ਕਰ ਕੇ ਤੂੰ ਕਦੀ ਵੀ ਸੁੱਖੀ ਨਹੀਂ ਰਹਿ ਸਕਦੀ।” ਇੰਨਾ ਕਹਿ ਕੇ ਕੁਲਵਿੰਦਰ ਨੇ ਮੋਬਾਈਲ ਬੰਦ ਕਰ ਦਿੱਤਾ ਅਤੇ ਸਿਰ ਸੁੱਟ ਕੇ ਰੋਣ ਲੱਗ ਪਈ।

ਅਚਾਨਕ ਕੁਝ ਖੜਕਾ ਸੁਣ ਕੇ ਗੁਣਵੰਤ ਦੀ ਸੁਰਤ ਵਾਪਸ ਪਰਤੀ। ਇਕ ਨਰਸ ਓਪਰੇਸ਼ਨ ਥੀਏਟਰ ਵਿੱਚੋਂ ਬਾਹਰ ਨਿਕਲੀ ਤੇ ਸਿੱਧਾ ਹਾਲ ’ਚੋਂ ਬਾਹਰ ਚਲੀ ਗਈ। ਗੁਣਵੰਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਫਿਰ ਝਪਕੀ ਲੱਗ ਗਈ। ਬੀਤੀ ਜ਼ਿੰਦਗੀ ਦੀ ਫਿਲਮ ਫਿਰ ਉਸ ਦੇ ਦਿਮਾਗ਼ ਵਿਚ ਘੁੰਮਣ ਲੱਗੀ— ਇਕ ਵਾਰੀ ਗੁਣਵੰਤ ਨੂੰ ਹਾਰਟ ਅਟੈਕ ਆਇਆ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਾਉਣਾ ਪਿਆ ਜਿੱਥੇ ਉਸ ਦੇ ਇਕ ਸਟੈਂਟ ਪਿਆ। ਉਸ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਰਾਣੋ ਪਰਮਿੰਦਰ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਈ। ਉਨ੍ਹਾਂ ਨੂੰ ਰਾਣੋ ਤੇ ਪਰਮਿੰਦਰ ਦਾ ਆਉਣਾ ਚੰਗਾ ਨਾ ਲੱਗਾ ਪਰ ਹਾਲਾਤ ਹੀ ਐਸੇ ਸਨ ਕਿ ਉਹ ਉਨ੍ਹਾਂ ਨੂੰ ਦੁਰਕਾਰ ਕੇ ਘਰੋਂ ਨਾ ਕੱਢ ਸਕੇ। ਇਸੇ ਬਹਾਨੇ ਉਨ੍ਹਾਂ ਦੀ ਬੋਲਚਾਲ ਸ਼ੁਰੂ ਹੋ ਗਈ। ਪਰਮਿੰਦਰ ਆਪਣੇ ਸਾਲੇ ਰਾਜੇ ਨਾਲ ਖ਼ੂਬ ਘੁਲ ਮਿਲ ਕੇ ਰਹਿਣ ਲੱਗਾ। ਕਈ ਵਾਰੀ ਦੋਵੇਂ ਇਕੱਠੇ ਹੋਟਲ ਤੇ ਰੋਟੀ ਖਾਣ ਚਲੇ ਜਾਂਦੇ। ਪਰਮਿੰਦਰ ਨੇ ਰਾਜੇ ਨੂੰ ਸ਼ਰਾਬ ਪੀਣ ਦੀ ਵੀ ਆਦਤ ਪਾ ਦਿੱਤੀ।

ਸਮਾਂ ਆਪਣੀ ਚਾਲੇ ਚਲਦਾ ਰਿਹਾ। ਪਟਿਆਲੇ ਵਿਚ ਗੁਣਵੰਤ ਦੀ ਆਪਣੀ ਕੋਠੀ ਸੀ ਅਤੇ ਉਸ ਨੇ ਸਹੂਲਤ ਲਈ ਕਾਰ ਵੀ ਰੱਖੀ ਹੋਈ ਸੀ। ਗੁਣਵੰਤ ਦੀ ਉਮਰ 58 ਸਾਲ ਦੀ ਹੋ ਗਈ ਅਤੇ ਉਹ ਪੰਜਾਬ ਸਰਕਾਰ ਤੋਂ ਸੁਪਰਡੈਂਟ ਦੀ ਪੋਸਟ ਤੋਂ ਬੜੇ ਮਾਣ ਸਨਮਾਣ ਨਾਲ ਸੇਵਾ ਮੁਕਤ ਹੋ ਗਿਆ। ਸੇਵਾ ਮੁਕਤੀ ’ਤੇ ਉਸ ਨੂੰ 25/30 ਲੱਖ ਰੁਪਏ ਮਿਲ ਗਏ ਅਤੇ 45,000/- ਰੁਪਏ ਮਹੀਨੇ ਦੀ ਪੈਨਸ਼ਨ ਵੀ ਲੱਗ ਗਈ। ਜਦ ਪਰਮਿੰਦਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਰਾਣੋ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਵਾਰ-ਵਾਰ ਰਾਣੋ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਐਵੇਂ ਹੀ ਫਸ ਗਿਆ। ਮੈਨੂੰ ਤਾਂ ਵੱਡੇ ਵੱਡੇ ਘਰਾਂ ਤੋਂ ਰਿਸ਼ਤੇ ਆਉਂਦੇ ਸਨ ਜਿਨ੍ਹਾਂ ਨੇ ਚੋਖਾ ਚੰਗਾ ਦਾਜ ਵੀ ਦੇਣਾ ਸੀ। ਮੈਂ ਕਿੱਥੇ ਨੰਗਾਂ ਦੇ ਘਰ ਫਸ ਗਿਆ। ਜੇ ਤੇਰੇ ਮਾਂ ਪਿਉ ਆਪ ਸਾਡਾ ਵਿਆਹ ਕਰਦੇ ਤਾਂ ਵੀ ਘੱਟੋ ਘੱਟ ਉਨ੍ਹਾਂ ਦਾ 50 ਕੁ ਲੱਖ ਖ਼ਰਚਾ ਹੋਣਾ ਹੀ ਸੀ। ਰਾਣੋ ਚੁੱਪ ਕਰ ਕੇ ਸਭ ਸੁਣ ਲੈਂਦੀ। ਉਹ ਰੋਜ਼ ਸ਼ਰਾਬ ਨਾਲ ਗੁੱਟ ਹੋ ਕੇ ਅੱਧੀ ਰਾਤੀ ਘਰ ਵੜਦਾ ਅਤੇ ਕਲੇਸ਼ ਕਰਦਾ। ਬਿਨਾਂ ਕਸੂਰ ਤੋਂ ਰਾਣੋ ਦੀ ਕੁੱਟ ਮਾਰ ਵੀ ਕਰਦਾ। ਉਹ ਰਾਣੋ ਨੂੰ ਕਹਿੰਦਾ ਮੈਨੂੰ ਆਪਣਾ ਹੱਕ ਲੈਣਾ ਆਉਂਦਾ ਹੈ। ਜੇ ਸਿੱਧੀ ਉਂਗਲੀ ਨਾਲ ਘਿਉ ਨਾ ਨਿਕਲੇ ਤਾਂ ਮੈਨੂੰ ਉਂਗਲੀ ਟੇਡੀ ਵੀ ਕਰਨੀ ਆਉਂਦੀ ਹੈ। ਇਹ ਰਾਣੋ ਲਈ ਸਿੱਧੀ ਧਮਕੀ ਅਤੇ ਉਸ ਦੇ ਮਾਂ ਪਿਉ ਲਈ ਸਿੱਧਾ ਖ਼ਤਰਾ ਸੀ। ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਦੇ ਬੇਟੇ ਰਾਜੇ ਨੂੰ ਹੀ ਕੋਈ ਨੁਕਸਾਨ ਨਾ ਪਹੁੰਚਾਵੇ ਪਰ ਉਹ ਇਸ ਬੁਢਾਪੇ ਵਿਚ ਕਰ ਕੁਝ ਨਹੀਂ ਸਨ ਸਕਦੇ।

ਫਿਰ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਗੁਣਵੰਤ ਆਪਣੇ ਸੁਪਨਿਆਂ ’ਚੋਂ ਬਾਹਰ ਪਰਤਿਆ। ਚਿੱਟੇ ਕੱਪੜਿਆਂ ਵਿਚ ਇਕ ਡਾਕਟਰ ਬਾਹਰ ਨਿਕਲਿਆ। ਗੁਣਵੰਤ ਨੇ ਤੇਜ਼ੀ ਨਾਲ ਉੱਠ ਕੇ ਪੁੱਛਿਆ-“ਡਾਕਟਰ ਸਾਹਿਬ ਕੀ ਹਾਲ ਹੈ?”
“ਓਪਰੇਸ਼ਨ ਚੱਲ ਰਿਹਾ ਹੈ। ਉਡੀਕ ਕਰੋ”

ਗੁਣਵੰਤ ਨੇ ਘੜੀ ਦੇਖੀ ਸਾਢੇ ਬਾਰਾਂ ਵੱਜੇ ਸਨ। ਉਹ ਫਿਰ ਆ ਕੇ ਆਪਣੀ ਕੁਰਸੀ ’ਤੇ ਬੈਠ ਗਿਆ। ਉਸ ਨੇ ਜਾਗਦੇ ਰਹਿਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੀਂਦ ਨਾਲ ਮਿਟਣ ਲੱਗੀਆਂ। ਫਿਰ ਉਸ ਨੇ ਅੱਧ ਨੀਂਦਰੇ ਵਿਚ ਦੇਖਿਆ ਕਿ ਉਸ ਦਾ ਬੇਟਾ ਰਾਜਾ ਭਾਵ ਰਜਵਿੰਦਰ ਹੁਣ 22 ਸਾਲ ਦਾ ਸੋਹਣਾ ਜਵਾਨ ਹੋ ਗਿਆ ਸੀ ਉਸ ਨੂੰ ਦੇਖਿਆਂ ਭੁੱਖ ਲਹਿੰਦੀ ਸੀ। ਉਹ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਬੀ.ਏ. ਕਰਨ ਤੋਂ ਬਾਅਦ ਉਸ ਨੇ ਆਈ. ਏ. ਐੱਸ. ਦਾ ਇਮਤਿਹਾਨ ਦਿੱਤਾ। ਜਿਸ ਵਿੱਚੋਂ ਉਸ ਦਾ ਸਾਰੇ ਭਾਰਤ ਵਿੱਚੋਂ ਪੰਜਵਾਂ ਸਥਾਨ ਆਇਆ। ਹੁਣ ਉਹ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਆਈ. ਏ. ਐੱਸ. ਅਫਸਰ ਬਣਨ ਦਾ ਮਾਣ ਹਾਸਲ ਕਰਨ ਜਾ ਰਿਹਾ ਸੀ। ਗੁਣਵੰਤ ਅਤੇ ਕੁਲਵਿੰਦਰ ਉਸ ਦੀ ਕਾਮਯਾਬੀ ਤੋਂ ਫੁੱਲੇ ਨਹੀਂ ਸਨ ਸਮਾ ਰਹੇ। ਹਰ ਪਾਸੇ ਰਜਵਿੰਦਰ ਦੇ ਹੀ ਚਰਚੇ ਸਨ ਪਰ ਪਰਵਿੰਦਰ ਨੂੰ ਇਹ ਸਭ ਚੰਗਾ ਨਹੀਂ ਸੀ ਲੱਗ ਰਿਹਾ। ਉਹ ਇਕ ਦਿਨ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਨਾਲੀ ਘੁੰਮ ਕੇ ਆਉਣ ਦਾ ਕਹਿ ਕੇ ਕਾਰ ਵਿਚ ਬਿਠਾ ਕੇ ਨਾਲ ਲੈ ਗਿਆ। ਗੁਣਵੰਤ ਅਤੇ ਕੁਲਵਿੰਦਰ ਰਾਜੇ ਨੂੰ ਪਰਵਿੰਦਰ ਨਾਲ ਇਕੱਲੇ ਭੇਜਣਾ ਨਹੀਂ ਸਨ ਚਾਹੁੰਦੇ ਪਰ ਉਹ ਜਵਾਨ ਪੁੱਤਰ ਨੂੰ ਰੋਕ ਨਾ ਸਕੇ।

ਗੱਲ ਉਹ ਹੀ ਹੋਈ ਜਿਸ ਦਾ ਡਰ ਸੀ। ਉਨ੍ਹਾਂ ਲਈ ਉਹ ਇਕ ਬਹੁਤ ਹੀ ਭਿਆਣਕ ਰਾਤ ਸੀ। ਗੁਣਵੰਤ ਨੂੰ ਰਾਤੀਂ 12 ਵਜੇ ਮੰਡੀ ਸ਼ਹਿਰ ਦੇ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਰਾਜਵਿੰਦਰ ਅਤੇ ਪਰਮਿੰਦਰ ਦੀ ਕਾਰ ਬਰੇਕ ਫੇਲ੍ਹ ਹੋਣ ਕਾਰਨ ਬਿਆਸ ਨਦੀ ਵਿਚ ਜਾ ਡਿੱਗੀ ਹੈ। ਸਵਾਰੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਤੁਸੀਂ ਫੌਰਨ ਮੰਡੀ ਸ਼ਹਿਰ ਪਹੁੰਚੋ। ਦੋਵੇਂ ਜਣੇ ਟੈਕਸੀ ਕਰ ਕੇ ਕਿਸੇ ਤਰ੍ਹਾਂ ਸਵੇਰੇ ਪੰਜ ਵਜੇ ਘਟਨਾ ਸਥਾਨ ’ਤੇ ਪੁੱਜੇ। ਪਤਾ ਲੱਗਾ ਕਿ ਪਰਮਿੰਦਰ ਤਾਂ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲ ਆਇਆ ਸੀ ਪਰ ਰਾਜੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਸ਼ੱਕ ਦੀ ਸੂਈ ਪਰਮਿੰਦਰ ਦੁਆਲੇ ਹੀ ਘੁੰਮਦੀ ਸੀ। ਕਿਸੇ ਤਰ੍ਹਾਂ ਕਰੇਨ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਡਰਾਇਵਰ ਦੀ ਸੀਟ ’ਤੇ ਰਾਜੇ ਦੀ ਲਾਸ਼ ਫਸੀ ਹੋਈ ਮਿਲੀ। ਗੁਣਵੰਤ ਅਤੇ ਕੁਲਵਿੰਦਰ ਦੀ ਦੁਨੀਆ ਹਮੇਸ਼ਾ ਲਈ ਹਨੇਰੀ ਹੋ ਗਈ। ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਵੀ ਖ਼ਤਮ ਹੋ ਗਿਆ। ਲੱਗਦਾ ਨਹੀਂ ਸੀ ਕਿ ਬੇਟੇ ਦੇ ਗ਼ਮ ਕਾਰਨ ਹੁਣ ਉਹ ਜ਼ਿਆਦਾ ਦਿਨ ਜੀਅ ਸਕਣ।

ਗਿਰਜਾ ਘਰ ਦੇ ਟੱਲ ਨੇ ਟੱਨ ਟੱਨ ਕਰ ਕੇ ਦੋ ਵਜਾਏ। ਇਕ ਸੀਤ ਲਹਿਰ ਗੁਣਵੰਤ ਦੇ ਪਿੰਡੇ ਨੂੰ ਚੀਰ ਗਈ। ਉਸ ਨੇ ਦੇਖਿਆ ਕਿ ਹਾਲੀ ਵੀ ਉਹ ਓਪਰੇਸ਼ਨ ਥੀਏਟਰ ਦੇ ਬਾਹਰ ਹੀ ਬੈਠਾ ਸੀ। ਚਾਰੇ ਪਾਸੇ ਮੌਤ ਵਰਗੀ ਖ਼ਾਮੋਸ਼ੀ ਸੀ। ਹੁਣੇ-ਹੁਣੇ ਦੇਖੇ ਹੋਏ ਭਿਆਨਕ ਮੰਜਰ ਨੂੰ ਯਾਦ ਕਰ ਕੇ ਉਸ ਉੱਤੇ ਫਿਰ ਬੇਹੋਸ਼ੀ ਛਾ ਰਹੀ ਸੀ। ਫਿਰ ਉਸ ਨੇ ਦੇਖਿਆ-ਉਹ ਸਭ ਕੁਝ ਲੁਟਾ ਕੇ ਰੋ ਧੋ ਕੇ ਹਾਰ ਗਏ ਸਨ। ਉਸ ਦੀ ਪਤਨੀ ਹਰ ਸਮੇਂ ਕੀਰਨੇ ਪਾਉਂਦੀ ਰਹਿੰਦੀ ਸੀ। ਰੱਬ ਨੂੰ ਵੀ ਉਹ ਵਾਰ-ਵਾਰ ਉਲ੍ਹਾਂਭੇ ਹੀ ਦਿੰਦੀ ਰਹਿੰਦੀ ਸੀ ਕਿ ਅਸੀਂ ਕਿਸੇ ਦਾ ਕੀ ਵਿਗਾੜਿਆ ਸੀ। ਪਹਿਲਾਂ ਕੁੜੀ ਹੱਥੋਂ ਨਿਕਲ ਗਈ। ਫਿਰ ਰੱਬ ਨੇ ਉਨ੍ਹਾਂ ਦਾ ਹੋਣਹਾਰ ਜਵਾਨ ਪੁੱਤਰ ਖੋਹ ਲਿਆ। ਕਦੀ-ਕਦੀ ਉਹ ਰੱਬ ਨਾਲ ਲੜਦੀ ਨਜ਼ਰ ਆਉਂਦੀ ਸੀ। ਅਖੇ-ਤੈਨੂੰ ਸਾਡਾ ਪੁੱਤਰ ਵਾਪਸ ਕਰਨਾ ਹੀ ਪਵੇਗਾ। ਆਖ਼ਰ ਰੱਬ ਦੇ ਭਾਣੇ ਨੂੰ ਤਾਂ ਮੰਨਣਾ ਹੀ ਪੈਂਦਾ ਹੈ। ਦੋਹਾਂ ਨੇ ਰੋਜ਼ਾਨਾ ਗੁਰਦਵਾਰੇ ਜਾਣਾ ਸ਼ੁਰੂ ਕਰ ਦਿੱਤਾ। ਭਾਈ ਜੀ ਰੋਜ਼ ਕਥਾ ਕਰਦੇ। ਕਥਾ ਸੁਣਦਿਆਂ ਵੀ ਉਨ੍ਹਾਂ ਦੇ ਮਨ ਵਿਚ ਕਈ ਵਾਰੀ ਸ਼ੰਕੇ ਉੱਠ ਖੜ੍ਹੇ ਹੁੰਦੇ। ਭਾਈ ਜੀ ਦੱਸਦੇ ਕਿ ਦੁਨੀਆ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬ ਦੇ ਭਾਣੇ ਵਿਚ ਹੀ ਵਾਪਰ ਰਿਹਾ ਹੈ। ਫਿਰ ਅਨੰਦ ਸਾਹਿਬ ਦੀ ਇਹ ਤੁੱਕ ਆਉਂਦੀ:

ਘਰਿ ਤ ਤੇਰੈ ਸਭੁ ਕਿਛੁ ਹੈ
ਜਿਸੁ ਦੇਹਿ ਸੁ ਪਾਵਏ॥

ਕੁਲਵਿੰਦਰ ਸੋਚਦੀ ਕਿ ਜੇ ਰੱਬ ਕੋਲ ਸਭ ਕੁਝ ਹੈ ਤਾਂ ਕੀ ਪਤਾ ਉਹ ਸਾਨੂੰ ਵੀ ਦਾਤ ਦੇ ਹੀ ਦੇਵੇ। ਪਰ ਕਿਵੇਂ? ਇਕ ਦਿਨ ਉਸ ਦੇ ਮਨ ਵਿਚ ਇਕ ਨਵਾਂ ਵਿਚਾਰ ਆਇਆ ਅਤੇ ਚਾਨਣ ਦੀ ਇਕ ਲੀਕ ਦਿਖਾਈ ਦਿੱਤੀ। ਉਸ ਨੇ ਆਪਣੇ ਵਿਚਾਰ ਗੁਣਵੰਤ ਨਾਲ ਸਾਂਝੇ ਕੀਤੇ। ਪਹਿਲਾਂ ਤਾਂ ਗੁਣਵੰਤ ਨਾ ਮੰਨਿਆ ਪਰ ਬਾਅਦ ਵਿਚ ਉਹ ਆਪਣੇ ਚੈਕ ਅੱਪ ਲਈ ਰਾਜੀ ਹੋ ਗਿਆ। ਦੋਵੇਂ ਜਣੇ ਡਾਕਟਰ ਕੋਲ ਗਏ ਅਤੇ ਆਪਣੀ ਸਮੱਸਿਆ ਸਾਂਝੀ ਕੀਤੀ। ਡਾਕਟਰ ਨੇ ਕਿਹਾ ਕਿ ਗੁਣਵੰਤ ਦੀ ਉਮਰ ਇਸ ਸਮੇਂ 65 ਸਾਲ ਅਤੇ ਕੁਲਵਿੰਦਰ ਦੀ 62 ਸਾਲ ਸੀ ਇਸ ਲਈ ਇਸ ਉਮਰ ਵਿਚ ਬੱਚਾ ਹੋਣ ਦੇ ਕੋਈ ਚਾਂਸ ਨਹੀਂ। ਹਾਂ ਟੈਸਟ ਟਿਊਬ ਬੇਬੀ ਦੀ ਟੈਕਨੀਕ ਨਾਲ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦਾ ਖ਼ਰਚਾ ਵੀ ਬਹੁਤ ਹੈ ਅਤੇ ਸਫਲਤਾ ਦੇ ਚਾਂਸ ਵੀ ਬਹੁਤ ਘੱਟ ਹਨ। ਜੇ ਕੋਈ ਅੜਚਣ ਆ ਜਾਵੇ ਤਾਂ ਮਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਹ ਸੁਣ ਕੇ ਵੀ ਉਨ੍ਹਾਂ ਦੇ ਅੰਦਰ ਇਕ ਨਵੀਂ ਉਮੀਦ ਜਾਗੀ। ਉਨ੍ਹਾਂ ਨੇ ਡਾਕਟਰ ਨੂੰ ਹਾਂ ਕਰ ਦਿੱਤੀ ਅਤੇ ਦੋਹਾਂ ਦੇ ਟੈਸਟ ਕਰਨ ਤੋਂ ਬਾਅਦ ਅਗਲੇ ਹਫ਼ਤੇ ਡਾਕਟਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਪ੍ਰਯੋਗ ਸਫ਼ਲ ਰਿਹਾ। ਕੁਲਵਿੰਦਰ ਹੁਣ ਹਰ ਸਮੇਂ ਮਾਂ ਬਣਨ ਦੇ ਸੁਪਨੇ ਦੇਖਣ ਲੱਗੀ। ਦੋਹਾਂ ਨੇ ਇਹ ਸਮਾਂ ਬਹੁਤ ਸਾਵਧਾਨੀ ਨਾਲ ਗੁਜ਼ਾਰਿਆ। ਬਾਹਰ ਕਿਸੇ ਨੂੰ ਇਸ ਦੀ ਭਣਕ ਨਾ ਪੈਣ ਦਿੱਤੀ। ਸਮਾਂ ਪੂਰਾ ਹੋਣ ਤੋਂ ਤਿੰਨ ਦਿਨ ਪਹਿਲਾਂ ਕੁਲਵਿੰਦਰ ਨੂੰ ਨਰਸਿੰਗ ਹੋਮ ਵਿਚ ਦਾਖਲ ਕਰਾਇਆ ਗਿਆ ਅਤੇ ਅੱਜ ਉਸ ਦਾ ਵੱਡਾ ਓਪਰੇਸ਼ਨ ਹੋ ਰਿਹਾ ਸੀ।

ਇਕ ਦਮ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ। ਡਾਕਟਰ ਯਾਦਵ ਬਾਹਰ ਆਇਆ। ਗੁਣਵੰਤ ਭੱਜ ਕੇ ਡਾਕਟਰ ਕੋਲ ਗਿਆ ਤੇ ਪੁੱਛਿਆ-“ਡਾਕਟਰ ਸਾਹਿਬ ਕੀ ਹੋਇਆ ਹੈ?”

ਡਾਕਟਰ ਨੇ ਮੁਸਕਰਾਹਟ ਬਿਖੇਰਦੇ ਹੋਏ ਕਿਹਾ-“ਗੁਣਵੰਤ ਵਧਾਈ ਹੋਵੇ। ਓਪਰੇਸ਼ਨ ਕਾਮਯਾਬ ਰਿਹਾ। ਤੁਹਾਡੇ ਜੋੜਾ ਲੜਕੇ ਪੈਦਾ ਹੋਏ ਹਨ। ਮਾਂ ਬੱਚੇ ਸਭ ਠੀਕ ਠਾਕ ਹਨ।”

ਗੁਣਵੰਤ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਦੀ ਪਤਨੀ ਕੁਲਵਿੰਦਰ ਨੇ ਰੱਬ ਕੋਲੋਂ ਲੜਾਈ ਜਿੱਤ ਲਈ ਸੀ। ਰੱਬ ਨੇ ਇਕ ਪੁੱਤਰ ਲੈ ਕੇ ਉਨ੍ਹਾਂ ਨੂੰ ਦੋ ਪੁੱਤਰ ਦੇ ਦਿੱਤੇ ਸਨ।