ਤੋਪਿਆਂ ਵਾਲ਼ੀ ਕਮੀਜ਼

                ਗੱਲ 1989-90 ਦੀ ਹੋਣੀ ਐ । ਜਦੋਂ ਹੈ ਹਰ ਪਾਸੇ ਅੱਤਵਾਦ ਜਾ ਇਹ ਕਹਿ ਲਵੋ ਬਗ਼ਾਵਤੀ ਸੁਰਾਂ ਦਾ ਦੌਰ ਸੀ। ਰਾਣੂੰ 6-7ਵੀਂ ਜਮਾਤ ਵਿੱਚ ਪੜ੍ਹਦਾ ਸੀ । ਸਾਂਵਲਾ ਜਿਹਾ ਰੰਗ ਖਿੱਲਰੇ ਜਿਹੇ ਵਾਲ਼ ,ਲੈ ਦੇ ਕੇ ਇੱਕੋ ਇੱਕ ਵਰਦੀ ਵਾਲ਼ਾ ਕਮੀਜ਼। ਜਿਸ ਨੂੰ ਪਾ ਕੇ ਸਮਾਂ ਲੰਘ ਰਿਹਾ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਬੜੀ ਔਖ ਨਾਲ਼ ਪੜ੍ਹਾਈ ਕਰਦਾ। ਇੱਥੋਂ ਤੱਕ ਕਿ ਕਿਤਾਬਾਂ ਤੱਕ ਲੈਣ ਵਿੱਚ ਵੀ ਬਹੁਤ ਮੁਸ਼ਕਿਲ ਆਉਂਦੀ। ਪਰ ਫੇਰ ਵੀ ਜਿਵੇਂ ਤਿਵੇਂ ਯਾਰਾਂ ਦੋਸਤਾਂ ਤੋਂ ਕਿਤਾਬਾਂ ਲੈ ਕੇ ਪੜ੍ਹ ਹੀ ਲੈਂਦਾ। ਬੇਸ਼ੱਕ ਗ਼ਰੀਬੀ ਰਾਹ ਡੱਕੀ ਖਲੋਤੀ ਸੀ ਪਰ ਉਸ ਨੇ ਕਦੇ ਹਿੰਮਤ ਨਾ ਹਾਰੀ।
                ਪਰ ਅੱਜ ਸਵੇਰੇ ਸਵੇਰੇ ਹੋਈ ਅਨਾਊਂਸਮੈਂਟ ਨੇ ਜਿਵੇਂ ਤ੍ਰਹ ਹੀ ਕੱਢ ਦਿੱਤਾ।ਕਿ ਅੱਜ ਤੋਂ ਬੱਚਿਆਂ ਨੇ ਸਕੂਲ ਕੇਸਰੀ ਪੱਗ ਜਾਂ ਪਟਕਾ,ਚਿੱਟਾ ਸਫ਼ੈਦ ਕੁੜਤਾ ਪਹਿਨ ਕੇ ਆਉਣਾ । ਰਾਣੂੰ ਨੇ ਕੱਪੜੇ ਫ਼ਰੋਲ ਕੇ ਆਪਣੀ ਉਹੀ ਫਟੀ ਪੁਰਾਣੀ ਸਫ਼ੈਦ ਕਮੀਜ਼ ਬੇਬੇ ਦੇ ਮੂਹਰੇ ਲਿਆ ਧਰੀ। ਬੇਬੇ ਦਾ ਕਮੀਜ਼ ਦੇਖ ਮਨ ਭਰ ਆਇਆ ਤੇ ਤੋਪੇ ਲਾਉਂਦੀ ਬੋਲੀ ਕੋਈ ਨਾ ਪੁੱਤ ਜਲਦੀ ਹੀ ਤੈਨੂੰ ਨਵੀਂ ਕਮੀਜ਼ ਲੈ ਕੇ ਦੇਵਾਂਗੀ। ਰਾਣੂੰ ਹਰ ਵਾਰ ਦੇ ਲਾਰੇ ਦੀ ਤਰ੍ਹਾਂ ਕੋਈ ਗੱਲ ਨਹੀਂ ਬੇਬੇ ਮੈਂ ਇਸ ਨਾਲ਼ ਹੀ ਸਾਰ ਲਵਾਂਗਾ,ਕਹਿ ਕੇ ਤੋਪਿਆਂ ਵਾਲ਼ੀ ਥਾਂ ਬੈਗ ਲਮਕਾ ਸਕੂਲ ਵੱਲ ਨੂੰ ਚੱਲ ਪਿਆ। ਕਮੀਜ਼ ਦੀ ਹਾਲਤ ਪੁਰਾਣੀ ਹੋਣ ਕਰਕੇ ਪੰਜਾਬ ਰੋਡਵੇਜ਼ ਦੀ ਲਾਰੀ ਵਾਂਗੂੰ ਖਸਤਾ ਹੀ ਸੀ।ਜੋ ਹਰ ਰੋਜ਼ ਕਿਸੇ ਨਾ ਕਿਸੇ ਪਾਸੇ ਤੋਂ ਫ਼ਟ ਹੀ ਜਾਂਦੀ। ਰਾਣੂੰ ਲਿਆ ਬੇਬੇ ਅੱਗੇ ਰੱਖ ਦਿੰਦਾ ਤੇ ਬੇਬੇ ਅੱਖਾਂ ਦੇ ਹੰਝੂ ਲੁਕਾਉਂਦੀ ਉਸ ਦੀ ਡੈਂਟਿੰਗ ਪੈਂਟਿੰਗ ਕਰ ਦਿੰਦੀ।
                ਰਾਣੂੰ ਦੀ ਤੋਪਿਆਂ ਵਾਲ਼ੀ ਕਮੀਜ਼ ਸਕੂਲ ਵਿੱਚ ਕੋਈ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਸੀ।ਇਹ ਵਰਤਾਰਾ ਉਸ ਦੇ ਹਿੰਦੀ ਦੇ ਭੈਣ ਜੀ ( ਅਧਿਆਪਕਾ) ਬੜੇ ਦਿਨਾਂ ਤੋਂ ਵੇਖ ਰਹੇ ਸੀ। ਤਾਂ ਇੱਕ ਦਿਨ ਉਨ੍ਹਾਂ ਨੇ ਰਾਣੂੰ ਨੂੰ ਬੁਲਾਇਆ ਤੇ ਤੋਪਿਆਂ ਵਾਲ਼ੀ ਕਮੀਜ਼ ਬਾਰੇ ਪੁੱਛਿਆ ਤਾਂ ਉਹ ਚੁੱਪ ਰਿਹਾ।ਭੈਣ ਜੀ ਨੇ ਕਿਹਾ ਕਿ ਜੇ ਮੈਂ ਤੈਨੂੰ ਕਮੀਜ਼ ਲਿਆ ਦਿਆਂ ਤੂੰ ਪਾ ਲਵੇਂਗਾ। ਰਾਣੂੰ ਨੇ ਨਾ ਵਿੱਚ ਸਿਰ ਹਿਲਾਇਆ ਅਤੇ ਕਲਾਸ ਵੱਲ ਨੂੰ ਹੋ ਤੁਰਿਆ। ਅਤੇ ਘਰ ਜਾ ਸਾਰੀ ਗੱਲ ਬੇਬੇ ਨੂੰ ਦੱਸੀ।ਜੋ ਹਮੇਸ਼ਾ ਸਿੱਖਿਆ ਦਿੰਦੀ ਸੀ ਕਿ ਬੇਟਾ ਚੋਰੀ ਕੱਖ ਦੀ ਵੀ ਮਾੜੀ ਤੇ ਲੱਖ ਦੀ ਵੀ। ਕਿਸੇ ਤੋਂ ਕੁਝ ਲੈ ਨਹੀਂ ਖਾਣਾ,ਨਾ ਮੰਗਣਾ ਆਪਣੀ ਮਿਹਨਤ ਤੇ ਲਗਨ ਵਿੱਚ ਵਿਸ਼ਵਾਸ ਰੱਖਣਾ। ਬੇਬੇ ਨੇ ਕਿਹਾ ਕੋਈ ਗੱਲ ਨਹੀਂ ਪੁੱਤ। ਗੁਰੂ ਹਮੇਸ਼ਾ ਮਾਂ ਬਾਪ ਤੋਂ ਉੱਪਰ ਹੁੰਦਾ ਕਦਰ ਕਰੀ। ਰਾਣੂੰ ਨੂੰ ਕੋਈ ਗੱਲ ਸਮਝ ਨਾ ਲੱਗੀ।ਤੇ ਜਾਗੋ ਮੀਟੀ ਵਿੱਚ ਕਦੋਂ ਗੂੜ੍ਹੀ ਨੀਂਦ ਸੌਂ ਗਿਆ ਪਤਾ ਨਾ ਲੱਗਾ।
                ਸਵੇਰੇ ਤੋਪਿਆਂ ਵਾਲ਼ੀ ਕਮੀਜ਼ ਪਾ ਸਕੂਲ ਲਈ ਚਾਲੇ ਪਾ ਦਿੱਤੇ।ਲਾਸਟ ਪੀਰੀਅਡ ਰਾਣੂੰ ਨੂੰ ਹਿੰਦੀ ਵਾਲ਼ੇ ਭੈਣ ਜੀ ਦਾ ਸੁਨੇਹਾ ਮਿਲਿਆ ਕਿ ਮਿਲ਼ ਕੇ ਜਾਵੀਂ। ਰਾਣੂੰ ਡਰੇ ਹੋਏ ਮਨ ਨਾਲ਼ ਭੈਣ ਜੀ ਅੱਗੇ ਜਾ ਖਲੋਤਾ, ਤਾਂ ਉਨ੍ਹਾਂ ਨੇ ਕਿਹਾ ਇਹ ਲਿਫ਼ਾਫ਼ਾ ਘਰ ਜਾ ਕੇ ਖੋਲ੍ਹਣਾ। ਰਾਣੂੰ ਨੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਲਿਫ਼ਾਫ਼ਾ ਉਸ ਦੇ ਹੱਥ ਫੜਾ ਦਿੱਤਾ। ਰਾਣੂੰ ਨੇ ਘਰ ਜਾ ਕੇ ਵੇਖਿਆ ਤਾਂ ਉਸ ਵਿੱਚ ਸਫ਼ੈਦ ਰੰਗ ਦੇ ਦੋ ਤਿੰਨ ਕਮੀਜ਼ ਸਨ। ਰਾਣੂੰ ਨੇ ਬੇਬੇ ਨੂੰ ਪੁੱਛਿਆ ਕਿ ਕੀ ਕਰਾਂ। ਬੇਬੇ ਨੇ ਕਿਹਾ ਕਿ ਪੁੱਤ ਕਰਜ਼ ਸਮਝ ਕੇ ਰੱਖ ਲੈ ਜਦੋਂ ਪੜ੍ਹ ਕੇ ਕੋਈ ਵੱਡਾ ਅਫ਼ਸਰ ਲੱਗ ਗਿਆ ਤਾਂ ਤੂੰ ਇਸ ਦੇ ਇੱਕ ਇੱਕ ਧਾਗੇ ਦਾ ਮੁੱਲ ਉਤਾਰ ਦਵੀਂ।ਇਹ ਗੱਲ ਸੁਣ ਰਾਣੂੰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹੁਣ ਰਾਣੂੰ ਪੜ੍ਹ ਲਿਖ ਕੇ ਖੁਦ ਇੱਕ ਅਧਿਆਪਕ ਬਣ ਗਿਆ ਹੈ। ਤੇ ਜਦੋਂ ਵੀ ਕਿਸੇ ਲੋੜਵੰਦ ਬੱਚੇ ਨੂੰ ਦੇਖਦਾ ਤਾਂ ਉਸ ਧਾਗਿਆਂ ਦਾ ਮੁੱਲ ਉਤਾਰਨ ਦੀ ਕੋਸ਼ਿਸ਼ ਕਰਦਾ ਹੈ।
               
                                                                               ਰਣਬੀਰ ਸਿੰਘ ਪ੍ਰਿੰਸ
                                                                                   ਸ਼ਾਹਪੁਰ ਕਲਾਂ
                                                                          ਆਫ਼ਿਸਰ ਕਾਲੋਨੀ ਸੰਗਰੂਰ
                                                                                 9872299613