ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁੱਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿੱਚ ਹਰਕਤ’ ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ,ਜੇ ਉਸ ਦਾ ਦਿਲ ਹਰਕਤ ਕਰਦਾ ਹੈ ਤਾਂ ਉਹ ਜ਼ਿੰਦਾ ਹੈ ਜੇ ਦਿਲ ਦੀ ਹਰਕਤ ਖ਼ਤਮ ਤਾਂ ਬੰਦਾ ਵੀ ਖ਼ਤਮ। ਇਸੇ ਤਰ੍ਹਾਂ ਜੇ ਉਸ ਦਾ ਸਰੀਰ ਹਰਕਤ ਕਰਦਾ ਹੈ ਤਾਂ ਹੀ ਉਹ ਤੰਦਰੁਸਤ ਹੈ। ਉਸ ਦਾ ਵਿਕਾਸ ਹੈ। ਉਸ ਦਾ ਉਸ ਨੂੰ, ਉਸ ਦੇ ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਲਾਭ ਹੈ। ਨਹੀਂ ਤੇ ਉਸ ਦੇ ਹੋਏ ਦਾ ਜਾਂ ਨਾ ਹੋਏ ਦਾ ਕੋਈ ਲਾਭ ਨਹੀਂ। ਉਪਰੋਕਤ ਵਿਚਾਰ ਦਾ ਇਹ ਭਾਵ ਹੈ ਕਿ ਮਨੁੱਖ ਨੂੰ ਕਦੀ ਵਿਹਲਾ ਨਹੀਂ ਬੈਠਣਾ ਚਾਹੀਦਾ। ਹਰ ਸਮੇਂ ਕੁੱਝ ਨਾ ਕੁੱਝ ਉਸਾਰੂ ਅਤੇ ਲੋਕ ਭਲਾਈ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਦੀਨ ਦੁੱਖੀ ਦਾ ਭਲਾ ਹੁੰਦਾ ਹੈ ਅਤੇ ਆਪਣਾ, ਆਪਣੇ ਪਰਿਵਾਰ ਦਾ, ਸਮਾਜ ਦਾ ਅਤੇ ਦੇਸ਼ ਦਾ ਵੀ ਵਿਕਾਸ ਹੁੰਦਾ ਹੈ। ਆਪਣੀ ਗ਼ਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਕੰਮ ਤੇ ਰੁੱਝੇ ਰਹਿਣ ਦੀ ਮਿਸਾਲ ਅਸੀਂ ਇਕ ਛੋਟੀ ਜਿਹੀ ਕੀੜੀ ਤੋਂ ਵੀ ਲੈ ਸਕਦੇ ਹਾਂ। ਪਰਮਾਤਮਾ ਨੇ ਸ਼ਾਇਦ ਸਭ ਦੇ ਸਰੀਰ ਨਾਲ ਪੇਟ ਵੀ ਇਸੇ ਲਈ ਹੀ ਲਾਇਆ ਹੈ ਕਿ ਕੋਈ ਵੀ ਪ੍ਰਾਣੀ ਵਿਹਲਾ ਲਾ ਰਹੇ। ਹਰ ਕੋਈ ਆਪਣੇ ਉਦਰ ਪੂਰਤੀ ਲਈ ਯਤਨ ਕਰਦਾ ਰਹੇ। ਇਸ ਨਾਲ ਉਸ ਦੇ ਸਰੀਰ ਵਿੱਚ ਹਰ ਸਮੇਂ ਹਰਤਕ ਰਹੇਗੀ। ਇਸੇ ਹਰਕਤ ਨਾਲ ਉਸ ਦੇ ਘਰ ਹਰ ਸਮੇਂ ਬਰਕਤ ਹੋਵੇਗੀ। ਬਣੇ ਬਣਾਏ ਭੋਜਨ ਨੂੰ ਖਾਣ ਲਈ ਵੀ ਬੰਦੇ ਨੂੰ ਹੱਥ ਹਿਲਾਉਣੇ ਹੀ ਪੈਂਦੇ ਹਨ ਅਤੇ ਮੂੰਹ ਨਾਲ ਚਬਾਉਣਾ ਵੀ ਪੈਂਦਾ ਹੈ। ਫਿਰ ਇਸ ਭੋਜਨ ਨੂੰ ਪਚਾਉਣ ਲਈ ਵੀ ਹਰਕਤ ਦੀ ਲੋੜ ਹੈ। ਵਿਹਲਾ ਦਿਮਾਗ ਸ਼ੈਤਾਨ ਦਾ ਕਾਰਖਾਨਾ ਹੈ। ਉਸ ਨੂੰ ਸ਼ੈਤਾਨੀਆਂ ਸੁੱਝਦੀਆਂ ਹਨ। ਉਸ ਦੀ ਸੋਚ ਨਾਂਹ ਪੱਖੀ ਬਣ ਜਾਂਦੀ ਹੈ। ਉਹ ਨਸ਼ਿਆਂ ਵਿੱਚ ਹੈ ਕੇ ਕਈ ਬਿਮਾਰੀਆਂ ਸਹੇੜ ਬੈਠਦਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੋਅ ਮਾਰਨ ਲੱਗ ਪੈਂਦਾ ਹੈ। ਵਰਤੀਂਦੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਕਈ ਆਲਸੀ ਬੰਦੇ ਕੰਮ ਨਾ ਮਿਲਣ ਦਾ ਬਹਾਨਾ ਬਣਾਉਂਦੇ ਹਨ। ਉਹ ਵਿਹਲੇ ਰਹਿ ਕੇ ਨਿਰਾਸ਼ਾ ਵਿਚ ਚਲੇ ਜਾਂਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਿਹਨਤ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਹਿਮਤੀ ਬੰਦੇ ਮਿਹਨਤ ਨਾਲ ਮਿੱਟੀ ਵਿੱਚੋਂ ਵੀ ਸੋਨਾ ਕੱਢ ਲੈਂਦੇ ਹਨ। ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਇਹ ਸੋਚਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ। ਸਾਨੂੰ ਕੰਮ ਕਰਨ ਦੀ ਲੋੜ ਨਹੀਂ। ਹਰ ਇਹ ਗ਼ਲਤ ਹੈ। ਆਪਣੇ ਛੋਟੇ-ਛੋਟੇ ਕੰਮ ਖ਼ੁਦ ਕਰਨੇ ਚਾਹੀਦੇ ਹਨ। ਬਾਜ਼ਾਰ ਅਤੇ ਨੇੜੇ ਤੇੜੇ ਦੇ ਕੇਮਾਂ ਲਈ ਵਾਹਨ ਦੀ ਵਰਤੋਂ ਨਾ ਕਰੋ। ਇਹ ਕੰਮ ਪੈਦਲ ਹੀ ਕਰੋ। ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਣ। ਇਸ ਸਮੇਂ ਨੂੰ ਕੁੱਝ ਹਲਕਾ ਫੁਲਕਾ ਕੰਮ ਕਰ ਕੇ ਇਸ ਸਮੇਂ ਨੂੰ ਕਿਸੇ ਉਸਾਰੂ ਪਾਸੇ ਲਾਣਾ ਚਾਹੀਦਾ ਹੈ। ਤੁਸੀਂ ਆਪਣੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵੀ ਉਪਯੋਗ ਕਰ ਸਕਦੇ ਹੋ। ਘਰੋਂ ਬਾਹਰ ਨਿਕਲੋ ਅਤੇ ਇਸ ਸੁਨਹਿਰੀ ਉਮਰ ਦਾ ਆਨੰਦ ਮਾਣੋ ਅਤੇ ਨੂੰਹਾਂ ਧੀਆਂ ਨੂੰ ਆਪਣੇ ਹਿਸਾਬ ਜ਼ਿੰਦਗੀ ਜਿਉਣ ਦਿਓ ਬੱਚਿਆਂ ਨੂੰ ਤੁਹਾਡੇ ਘਰ ਦਾ ਵਾਤਾਵਰਨ ਸੁਖਾਵਾਂ ਬਣੇਗਾ। ਸਵੇਰੇ ।ਮ ਸੈਰ ਕਰ ਸਕਦੇ ਹੋ, ਹੱਲਕੀ ਵਰਜਿਸ਼ ਕਰ ਸਕਦੇ ਹੋ। ਮੰਦਰ ਗੁਰਦੁਆਰੇ ਜਾ ਸਕਦੇ ਹੋ, ਘਰ ਵਿੱਚ ਹੀ ਫੁੱਲ ਬੂਟੇ ਅਤੇ ਸਬਜੀਆਂ ਲਾ ਕੇ ਕਿਚਨ ਗਾਰਡਨ ਬਣਾ ਸਕਦੇ ਹੋ। ਇਹ ਸਮਾਂ ਤੁਸੀਂ ਕਿਸੇ ਦੀਨ ਦੁੱਖੀ ਦੀ ਸੇਵਾ ਵਿਚ ਵੀ ਲਾ ਸਕਦੇ ਹੋ।ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾ ਕੇ ਵਿਦਿਆ ਦਾਨ ਦੇ ਸਕਦੇ ਹੋ। ਅਨਾਥ ਜਾਂ ਬ੍ਰਿਧ ਆਸ਼ਰਮ,ਜਾਂ ਕਿਸੇ ਹਸਪਤਾਲ ਵਿਚ ਜਾ ਕੇ ਕੋਈ ਸੇਵਾ ਨਿਭਾ ਸਕਦੇ ਹੋ। ਪਰਉਪਕਾਰ ਦੇ ਕੰਮਾਂ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਲੋੜਵੰਦਾਂ ਦਾ ਭਲਾ ਹੋਵੇਗਾ। ਜ਼ਿੰਦਗੀ ਨੂੰ ਰਵਾਨਗੀ ਮਿਲੇਗੀ। ਤੁਸੀਂ ਹਰ ਸਮੇਂ ਤਰੋਤਾਜ਼ਾ ਅਤੇ ਤੰਦਰੁਸਤ ਰਹੋਗੇ। ਜੇ ਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ। ਇਹ ਇਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਨੰਦ ਨਾਲ ਬੇਫਿਕਰ ਹੋ ਕੇ ਜੀਓ। ਇਸ ਨਾਲ ਤੁਹਾਡੀ ਯਾਦਾਸ਼ਤ ਵਧੇਗੀ। ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਮਿਲੋ। ਹਰ ਸਮੇਂ ਚਿਹਰੇ ਤੇ ਮੁਸਕਾਨ ਰੱਖੋ। ਤੁਸੀਂ ਗਿਆਨ ਦਾ ਭੰਡਾਰਾ ਹੋ। ਤੁਸੀਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੋ। ਉਨ੍ਹਾਂ ਨੂੰ ਤੁਹਾਡੇ ਕੋਲੋਂ ਸੁਚੱਜੀ ਅਗੁਵਾਈ ਮਿਲੇਗੀ। ਬੱਚੇ ਤੁਹਾਨੂੰ ਬੋਝ ਨਹੀਂ ਸਮਝਣਗੇ। ਸਾਰੇ ਪਰਿਵਾਰ ਵਿੱਚ ਤੁਹਾਡੀ ਇੱਜਤ ਵਧੇਗੀ। ਕਈ ਲੋਕਾਂ ਕੋਲ ਬਹੁਤਾ ਧਨ ਆ ਜਾਏ ਤਾਂ ਉਹ ਵੀ ਸੋਚਦੇ ਹਨ ਕਿ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ ਵਿਹਲੇ ਬੈਠ ਕਿ ਖਾ ਸਕਦੇ ਹਾਂ ਪਰ ਕੇਵਲ ਆਪਣਾ ਪੇਟ ਭਰਨਾ ਹੀ ਜ਼ਿੰਦਗੀ ਦਾ ਮਕਸਦ ਨਹੀਂ। ਆਪਣਾ ਪੇਟ ਤਾਂ ਜਾਨਵਰ ਵੀ ਭਰ ਲੈਂਦੇ ਹਨ। ਮਨੁੱਖਾ ਜੀਵਨ ਦਾ ਮਨੋਰਥ ਕੁੱਝ ਉਚੇਰਾ ਹੈ। ਪਰਮਾਤਮਾ ਨੇ ਮਨੁੱਖ ਨੂੰ ਧਰਤੀ ਤੇ ਵਿਹਲੇ ਰਹਿਣ ਲਈ ਨਹੀਂ ਭੇਜਿਆ। ਉਸ ਨੂੰ ਚੰਗੇ ਕਰਮ ਕਰਨ ਲਈ ਭੇਜਿਆ ਹੈ। ਵਿਹਲੇ ਰਿਹਾਂ ਪੇਟ ਨਹੀਂ ਭਰਦਾ। ਵਿਹਲਿਆਂ ਤਾਂ ਮੱਖੀ ਵੀ ਮੂੰਹ ਵਿੱਚ ਨਹੀਂ ਪੈਂਦੀ। ਪੇਟ ਭਰਨ ਲਈ ਹੱਥ ਹਿਲਾਉਣੇ ਪੈਂਦੇ ਹਨ। ਸਰੀਰ ਨੂੰ ਕੁੱਝ ਕਸ਼ਟ ਦੇਣਾ ਪੈਂਦਾ ਹੈ। ਬੰਦੇ ਦੇ ਸੁੱਖ ਦੀ ਦੁਨੀਆਂ ਉਸ ਦੇ ਅਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦੀ ਹੈ। ਹਰਕਤ ਦਾ ਦੂਜਾ ਨਾਮ ਮਿਹਨਤ ਹੈ ਅਤੇ ਇਸੇ ਹਰਕਤ ਵਿੱਚ ਹੀ ਬਰਕਤ ਹੈ।