ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਪੁਰਸਕਾਰ' ਅਫ਼ਜ਼ਲ ਸਾਹਿਰ ਤੇ ਅਲੀ ਉਸਮਾਨ ਬਾਜਵਾ ਨੂੰ!

  •  ਪ੍ਰੋ. ਗੁਰਭਜਨ ਸਿੰਘ ਗਿੱਲ

ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਪੁਰਸਕਾਰ' ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਅਫ਼ਜ਼ਲ ਸਾਹਿਰ ਅਤੇ ਨੌਜਵਾਨ ਪੰਜਾਬੀ ਕਹਾਣੀਕਾਰ ਤੇ ਪੰਜਾਬੀ ਸੇਵਕ ਅਲੀ ਉਸਮਾਨ ਬਾਜਵਾ ਨੂੰ ਦਿੱਤਾ ਜਾ ਰਿਹਾ ਹੈ। ਦੋਹਾਂ ਸ਼ਖ਼ਸੀਅਤਾਂ ਨੂੰ ਅਫ਼ਜ਼ਲ ਸਾਹਿਰ ਪੰਜਾਬੀ ਜਗਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਸ਼ੁਰੂਆਤ ਉਰਦੂ ਸ਼ਾਇਰੀ ਤੋਂ ਕੀਤੀ ਪਰ ਮਾਂ-ਬੋਲੀ ਦੇ ਮੋਹ ਨੇ ਉਸਨੂੰ ਪੰਜਾਬੀ ਦਾ ਹਰਮਨ ਪਿਆਰਾ ਸ਼ਾਇਰ ਬਣਾ ਦਿੱਤਾ। ਸ਼ਾਇਰੀ ਤੋਂ ਇਲਾਵਾ ਅੱਸੀਵਿਆਂ ਦੇ ਅਖੀਰ ਵਿਚ ਸ਼ੁਰੂ ਹੋਏ ਲਹਿੰਦੇ ਪੰਜਾਬ ਦੇ ਪਹਿਲੇ ਰੋਜ਼ਾਨਾ ਪੰਜਾਬੀ ਅਖ਼ਬਾਰ 'ਸੱਜਣ' ਲਈ (ਜੋ ਕੁਝ ਸਾਲਾਂ ਬਾਅਦ ਹੀ ਮਾੜੇ ਆਰਥਿਕ ਹਾਲਾਤ ਕਾਰਨ ਬੰਦ ਹੋ ਗਿਆ ਸੀ) ਉਹ ਫ਼ੈਸਲਾਬਾਦ (ਲਾਇਲਪੁਰ) ਤੋਂ ਸਹਿਯੋਗੀ ਪੱਤਰਕਾਰ ਵਜੋਂ ਕੰਮ ਕਰਦਾ ਰਿਹਾ। ਸਾਹਿਤਕ ਪੱਤਰਕਾਰੀ ਵਿਚ ਉਸਦਾ ਵੱਡਾ ਨਾਮ ਹੈ। ਸਟੇਜ ਦਾ ਉਹ ਧਨੀ ਹੈ। ਆਪਣੇ ਪੰਜਾਬੀ ਰੇਡੀਓ ਸ਼ੋਅ 'ਨਾਲ ਸੱਜਣ ਦੇ ਰਹੀਏ ਵੋ' ਰਾਹੀਂ ਉਸਨੇ ਨਾ ਸਿਰਫ਼ ਰੇਡੀਓ ਹੋਸਟ ਵਜੋਂ ਮਾਨਤਾ ਹਾਸਲ ਕੀਤੀ ਸਗੋਂ ਹਜ਼ਾਰਾਂ ਪੰਜਾਬੀ ਨੌਜਵਾਨਾਂ ਨੂੰ ਮਾਂ- ਬੋਲੀ ਨਾਲ ਜੋੜਿਆ। ਲੋਕ-ਪੱਖੀ ਸਰਗਰਮੀਆਂ ਵਿਚ ਉਹ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਸਦੀ ਅਗਵਾਈ ਵਿਚ ਪੰਜਾਬੀ ਜ਼ੁਬਾਨ ਤੇ ਅਦਬ ਨਾਲ ਜੁੜੀਆਂ ਕਈ ਸਰਗਰਮੀਆਂ ਹੁੰਦੀਆਂ ਹਨ।  ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਨੂੰ ਸਰਕਾਰੀ ਮਾਨਤਾ ਨਹੀਂ ਮਿਲੀ ਹੋਈ ਨਾ ਓਥੇ ਸਕੂਲੀ ਪੱਧਰ 'ਤੇ ਪੰਜਾਬੀ ਦੀ ਪੜ੍ਹਾਈ ਦਾ ਕੋਈ ਬੰਦੋਬਸਤ ਹੈ। ਇਸ ਲਈ ਉਥੇ ਪੰਜਾਬੀ ਦਾ ਇਕਬਾਲ ਬੁਲੰਦ ਕਰਨਾ ਕੋਈ ਸੌਖਾ ਕੰਮ ਨਹੀਂ ਪਰ ਅਫ਼ਜ਼ਲ ਸਾਹਿਰ ਕਰ ਰਿਹਾ ਹੈ। ਅਲੀ ਉਸਮਾਨ ਬਾਜਵਾ ਨਾਮਵਰ ਨੌਜਵਾਨ ਪੰਜਾਬੀ ਕਹਾਣੀਕਾਰ, ਰੇਡੀਓ/ਟੀ. ਵੀ. ਹੋਸਟ, ਰੰਗਕਰਮੀ, ਅਦਾਕਾਰ ਤੇ ਪੰਜਾਬੀ ਬੋਲੀ ਦਾ ਕਾਰਕੁੰਨ ਹੈ। ਅਲੀ ਉਸਮਾਨ ਨੇ ਸ਼ੁਰੂ ਵਿੱਚ ਉਰਦੂ ਵਿਚ ਕਹਾਣੀ ਲਿਖਣੀ ਸ਼ੁਰੂ ਕੀਤੀ। ਜਦੋਂ ਅਹਿਸਾਸ ਹੋਇਆ ਕਿ ਕਹਾਣੀ 'ਉਤਰਦੀ' ਤਾਂ ਪੰਜਾਬੀ ਵਿਚ ਹੈ, ਉਰਦੂ ਵਿਚ ਤਾਂ ਧੱਕੇ ਨਾਲ ਲਿਖਣੀ ਪੈ ਰਹੀ ਹੈ ਤਾਂ ਉਹ ਪੰਜਾਬੀ ਕਹਾਣੀਕਾਰ ਬਣ ਗਿਆ। ਛੇਤੀ ਭਲ ਵੀ ਖੱਟ ਲਈ। ਉਸ ਦੀਆਂ ਕਈ ਕਹਾਣੀਆਂ ਚੜ੍ਹਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਰਸਾਲਿਆਂ ਵਿਚ ਛਪ ਚੁੱਕੀਆਂ ਹਨ । ਅਲੀ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਨਾਲ ਜੁੜੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ। ਜਦੋਂ ਉਥੇ ਪੰਜਾਬੀਆਂ ਦਾ ਵੱਡਾ ਹਿੱਸਾ ਆਪਣੀ ਜ਼ੁਬਾਨ ਤੋਂ ਕਿਨਾਰਾ ਕਰੀ ਬੈਠਾ ਹੈ, ਹੁਕਮਰਾਨਾਂ ਦੀ ਭੂਮਿਕਾ ਵੀ ਨਾਂਹ -ਪੱਖੀ ਹੋਵੇਂ; ਅਜਿਹੇ ਹਾਲਾਤ ਵਿਚ ਅਲੀ ਉਸਮਾਨ ਬਾਜਵੇ ਵਰਗੇ ਨੌਜਵਾਨ ਪੰਜਾਬੀ ਬੋਲੀ ਦਾ ਦੀਵਾ ਬਾਲ਼ ਕੇ ਵਗਦੀ ਦੇ ਉਲਟ ਚਲਣ ਦਾ ਹਿੰਮਤ ਭਰਿਆ ਕੰਮ ਕਰ ਰਹੇ ਹਨ। ਅਲੀ ਉਸਮਾਨ ਬਾਜਵਾ ਨੂੰ ਇਹ ਪੁਰਸਕਾਰ ਅਜਿਹੇ ਨੌਜਵਾਨਾਂ ਦੇ ਪ੍ਰਤੀਨਿਧ ਵਜੋਂ ਦਿੱਤਾ ਜਾ ਰਿਹਾ ਹੈ, ਜੋ ਆਪਣੀ ਮਾਂ-ਬੋਲੀ ਨੂੰ ਬਣਦਾ ਹੱਕ ਦਵਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਮਾਂ-ਬੋਲੀ ਦੇ ਅਜਿਹੇ ਪਿਆਰਿਆਂ ਨੂੰ ਸਨਮਾਨਤ ਕਰ ਕੇ ਅਦਾਰਾ ਆਪਣੇ-ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰੇਗਾ। ਇਹ ਪੁਰਸਕਾਰ ਅਦਾਰਾ 'ਸੂਹੀ ਸਵੇਰ' ਦੇ 1 ਮਾਰਚ ਦੇ ਸਲਾਨਾ ਸਮਾਗਮ ਵਿਚ ਦਿੱਤੇ ਜਾਣਗੇ। ਜਿਸ ਵਿਚ 11-11 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਮੋਮੈਂਟੋ ਤੇ ਪੋਰਟਰੇਟ ਸ਼ਾਮਿਲ ਹੋਵੇਗਾ।

Add new comment