ਤੇਰੀ ਮੌਤ ਨੂੰ ਉਡੀਕਦੇ ਲੋਕ.....

ਤੇਰੀ ਕੁਰਬਾਨੀ ਨੂੰ ਸਿਜਦਾ ਕਰਨ ਵਾਲਿਆਂ ਦੀ ਵੀ ਘਾਟ ਨਹੀ। ਤੇਰੇ ਆਖਰੀ ਸਾਹ ਤੇ ਉਡਣ ਵਾਲੇ ਪੰਖੇਰੂਆਂ ਨੂੰ ਦੇਖਣ ਵਾਲਿਆਂ ਦੀ ਵੀ ਘਾਟ ਨਹੀਂ। ਹੁਣ ਤੇਰਾ ਜਾਣਾ ਲਗਭਗ ਤੈਅ ਹੈ। ਅਖਬਾਰਾਂ ਦੀਆਂ ਸੁਰਖੀਆਂ  ਤੇਰੇ ਰੁਖਸਤ ਹੋਣ ਨੂੰ ਉਡੀਕ ਰਹੀਆਂ ਹਨ। ਪ੍ਰਿੰਟ ਮੀਡੀਆ ਵੱਲੋਂ ਸਕ੍ਰਿਪਟ ਲਿਖਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ, ਕੀ ਬੋਲਣਾ ਹੈ, ਕੀ ਨਹੀਂ ਬੋਲਣਾ, ਸਭ ਤੈਅ ਹੈ। ਬਸ ਉਡੀਕ ਖਤਮ ਹੋਣੀ ਬਾਕੀ ਹੈ। ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਤੁਸੀਂ ਦੇਸ਼ ਦੇ ਸਿਸਟਮ ਨੂੰ ਵੰਗਾਰਿਆ ਹੈ। ਸਿਸਟਮ ਨੂੰ ਚਲਾਉਣ ਵਾਲਿਆਂ ਲਈ ਤੁਸੀਂ ਜਿੰਦਾ ਜਾਂ ਮੁਰਦਾ ਲਾਸ਼ ਹੋ। ਇੱਥੇ 25 ਹਜਾਰ ਲਾਸ਼ਾਂ ਦਾ ਵਾਰਿਸ ਖੁਦ ਲਾਸ਼ ਬਣ ਗਿਆ ਸੀ। ਕੁਝ ਕਹਿਣਗੇ ਕਿ ਦੇਸ਼ ਦੀ ਕਿਸਾਨੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵੀ ਕਹਿਣਗੇ ਕਿ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਠੋਕ ਕੇ ਪਹਿਰਾ ਦੇਣ ਵਾਲਿਆਂ ਨੂੰ ਤੁਹਾਡੀ ਕੁਰਬਾਨੀ ਵੱਡੀ ਜਾਪੇਗੀ। ਪਿੱਛੋਂ ਤੁਹਾਡਾ ਪਰਿਵਾਰ ਵੀ ਚੱਲੇਗਾ, ਕਿਸਾਨੀ ਸੰਘਰਸ਼ ਵੀ ਚੱਲਣਗੇ ,ਖੇਤੀਬਾੜੀ ਵੀ ਚਲਦੀ ਰਹੇਗੀ, ਦੇਸ਼ ਵੀ ਚੱਲਦਾ ਰਹੇਗਾ। ਪਰ ਤੁਹਾਡਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਵੇਗਾ। ਭਾਵੇਂ ਅਗਲੇ ਪਹਿਰਿਆਂ ਤੇ ਇਤਿਹਾਸ ਨੂੰ ਕਲੰਕਤ ਕਰਨ ਵਾਲਿਆਂ ਦੇ ਨਾਮ ਵੀ ਦਰਜ ਹੋ ਜਾਣਗੇ । ਦੋ ਬੰਦਿਆਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ , ਇੱਕ ਜਿਹੜੇ ਘਰੋਂ ਨਹੀਂ ਤੁਰਦੇ , ਦੂਜੇ ਜਿਹੜੇ ਰਾਹ ਵਿੱਚੋਂ ਵਾਪਸ ਮੁੜ ਆਉਂਦੇ ਨੇ,। ਤੁਸੀਂ ਪਿੱਛੇ ਨਹੀਂ ਮੁੜੇ , ਸਗੋਂ ਪਿੱਛੇ  ਰਹਿ ਗਿਆਂ ਨੂੰ ਮੰਜ਼ਿਲ ਦੇ ਨੇੜੇ ਕਰ ਦਿੱਤਾ ਹੈ, ਬਸ ਤੁਹਾਡੀ ਇਹੀ ਕੁਰਬਾਨੀ ਹੈ। ਤੁਹਾਨੂੰ ਇਸ ਹਾਲਤ ਵਿੱਚ ਦੇਖਣਾ ਸਾਰਿਆਂ ਲਈ ਦੁਖਦਾਈ ਹੈ। ਗੁਰੂ ਕਿਰਪਾ ਕਰੇ , ਇਹ ਸੰਘਰਸ਼ ਦੀਆਂ ਵਾਟਾਂ ਹੋਰ ਲੰਮੀਆਂ ਨਾ ਹੋਣ ਕਿਉਂਕਿ ਖੇਤਾਂ ਵਿੱਚ ਕੰਮ ਕਰਨ ਵਾਲੇ , ਜਦੋਂ  ਸੜਕਾਂ ਤੇ ਬੈਠਦੇ ਨੇ , ਉਦੋਂ ਦੇਸ਼ ਨੂੰ ਚਲਾਉਣ ਵਾਲੇ ਸੌਂ ਰਹੇ ਹੁੰਦੇ ਨੇ। ਜਦੋਂ ਦੇਸ਼ ਨੂੰ ਚਲਾਉਣ ਵਾਲੇ ਦਫਤਰਾਂ ਵਿੱਚ ਬੈਠ ਕੇ ਨੀਤੀਆਂ ਘੜਦੇ ਨੇ, ਉਦੋਂ ਕਿਸਾਨਾਂ ਦੇ ਸਿਰ ਤੇ ਤੂੜੀ ਦੀਆਂ ਪੰਡਾਂ ਹੁੰਦੀਆਂ ਨੇ। ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ,ਜਦੋਂ ਖਾਲੀ ਢਿੱਡ ਲੈ ਕੇ ਆਪ ਸੜਕ ਤੇ ਪਿਆ ਮੌਤ ਉਡੀਕ ਰਿਹਾ ਹੋਵੇ। ਤਾਂ ਦੇਸ਼ ਵਿੱਚ ਕਾਣੀ ਵੰਡ ਦਾ ਸਿਧਾਂਤ ਪੂਰੇ ਸਿਸਟਮ ਲਈ ਵੰਗਾਰ ਹੁੰਦੈ।

                                                                                                                      ਗੁਰਦੀਪ ਸਿੰਘ ਕੰਗ (ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ)
 

Add new comment