ਆਖ਼ਰ ਜ਼ਿੰਮੇਵਾਰ ਕੌਣ'?

ਹਾਲ ਹੀ ਵਿਚ ਮੋਹਾਲੀ ਦੇ ਸੋਹਾਣਾ ਵਿਖੇ ਡਿੱਗੀ ਇਮਾਰਤ ਵਿਚ ਦੋ ਜਣਿਆ ਦੀ ਮੌਤ ਹੋ ਗਈ। ਸਥਾਨਕ ਲੋਕਾਂ, ਪ੍ਰਸ਼ਾਸਨ ਤੇ ਐਂਨਡੀਆਰਐਂਫ ਦੀਆਂ ਟੀਮਾਂ ਵੱਲੋ ਰੈਸਕਿਊ ਅਭਿਆਨ ਚਲਾਇਆ ਗਿਆ। ਖ਼ਾਲੀ ਥਾਂ ’ਚ ਬੇਸਮੈਟ ਦੀ ਖੁਦਾਈ ਚੱਲ ਰਹੀ ਸੀ ਜਿਸ ਕਾਰਨ ਇਹ ਇਮਾਰਤ ਦੀ ਨੀਹ ਕਮਜ਼ੋਰ ਹੋ ਗਈ। ਸੰਘਣੀ ਆਬਾਦੀ ਵਾਲੇ ਖੇਤਰ ਵਿਚ ਸਬੰਧਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਕਿਸ ਤਰ੍ਹਾਂ ਖੁਦਾਈ ਕੀਤੀ ਜਾ ਸਕਦੀ ਹੈ। ਬਿਲਡਿੰਗ ਮਾਲਕਾ ਖ਼ਿਲਾਫ਼ ਪਰਚਾ ਦਰਜ ਹੋ ਗਿਆ ਹੈ। ਠੇਕੇਦਾਰ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਠੇਕੇਦਾਰ ਘਟੀਆ ਸਾਮਾਨ ਲਗਾ ਕੇ ਮਾਲਕਾ ਨੂੰ ਵੀ ਰਗੜਾ ਲਗਾ ਜਾਂਦੇ ਹਨ। ਥੋੜ੍ਹੀ- ਥੋੜ੍ਹੀ ਥਾਂ ’ਤੇ ਵੱਡੇ-ਵੱਡੇ ਬਿਲਡਰਾ ਰਾਹੀ ਅਧਿਕਾਰੀਆ ਦੀ ਮਿਲੀਭੁਗਤ ਨਾਲ ਕਾਲੋਨੀਆ ਕੱਟ ਦਿੱਤੀਆਂ ਜਾਂਦੀਆਂ ਹਨ। ਪਤਾ ਨਹੀਂ ਉੱਥੇ ਮੈਟੀਰੀਅਲ ਚੰਗਾ ਲਗਾਇਆ ਜਾਂਦਾ ਹੈ ਜਾਂ ਨਹੀਂ। ਅਖ਼ਬਾਰਾ ਵਿਚ ਪੜ੍ਹਦੇ ਹੀ ਕਿ ਫਲੈਟਾ ਵਿਚ ਰਹਿਣ ਵਾਲੇ ਲੋਕ ਹਰ ਰੋਜ਼ ਬਿਲਡਰਾ ਖ਼ਿਲਾਫ਼ ਧਰਨੇ-ਪ੍ਰਦਰਸ਼ਨ ਕਰਦੇ ਹਨ। ਸਹੂਲਤਾਂ ਨਾ ਹੋਣ ਕਾਰਨ ਅਜਿਹਾ ਕਦਮ ਲੋਕਾਂ ਨੂੰ ਚੁੱਕਣਾ ਪੈਦਾ ਹੈ। ਮਨੁੱਖੀ ਜ਼ਿੰਦਗੀ ਦੀ ਅੱਜ-ਕੱਲ੍ਹ ਕੋਈ ਕੀਮਤ ਨਹੀਂ ਰਹਿ ਗਈ ਹੈ। ਪੈਸੇ ਦੀ ਦੌੜ ਜ਼ਿਆਦਾ ਲੱਗੀ ਹੋਈ ਹੈ। ਪੈਸੇ ਦੇ ਕੇ ਤੁਸੀਂ ਜਿੰਨਾਂ ਮਰਜ਼ੀ ਗ਼ਲਤ ਕੰਮ ਕਰਵਾ ਲਓ। ਕਾਫ਼ੀ ਅਧਿਕਾਰੀ ਇਸੇ ਤਾਕ ਵਿਚ ਰਹਿੰਦੇ ਹਨ ਕਿ ਗ਼ਲਤ ਕੰਮ ਕਰੀਏ ਤੇ ਲੋਕਾਂ ਤੋਂ ਪੈਸੇ ਲਈਏ। ਕੀ ਅਜਿਹੇ ਲੋਕ ਰੱਬ ਨੂੰ ਭੁੱਲ ਜਾਂਦੇ ਹਨ? ਕੁਦਰਤ ਨੇ ਲੇਖਾ-ਜੋਖਾ ਇੱਥੇ ਹੀ ਕਰਨਾ ਹੈ। ਜਦੋਂ ਥਾਂ ਬਿਲਡਿੰਗ ਬਣਾਉਣ ਦੇ ਲਾਇਕ ਹੀ ਨਹੀਂ ਹੁੰਦੀ ਤਾਂ ਸਥਾਨਕ ਵਿਭਾਗਾ ਦੇ ਅਧਿਕਾਰੀ ਅਜਿਹੀਆ ਥਾਵਾ ਦੇ ਨਕਸ਼ੇ ਕਿਉਂ ਪਾਸ ਕਰ ਦਿੰਦੇ ਹਨ। ਇਹ ਦੇਖਿਆ ਜਾਂਦਾ ਹੈ ਕਿ ਨਕਸ਼ਾ ਦੋ ਮੰਜ਼ਿਲਾ ਦਾ ਪਾਸ ਹੁੰਦਾ ਹੈ, ਮਾਲਕ ਦੋ- ਮੰਜ਼ਿਲਾ ਹੋਰ ਅਧਿਕਾਰੀਆ ਦੀ ਮਿਲੀਭੁਗਤ ਨਾਲ ਉੱਪਰ ਹੋਰ ਛੱਤ ਲੈਦੇ ਹਨ।

Add new comment