ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਲਈ ਮਾਫ਼ੀ ਨਾ ਮੰਗਣਾ ਬੇਹੱਦ ਨਿੰਦਣਯੋਗ : ਹਰਸਿਮਰਤ ਬਾਦਲ

ਚੰਡੀਗੜ੍ਹ, 5 ਮਈ, 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਅਤੇ ਕਾਂਗਰਸ ਵੱਲੋਂ ਕਰਵਾਏ 1984 ਦੇ ਸਿੱਖ ਕਤਲੇਆਮ ਦੀ ਮੁਆਫੀ ਨਾ ਮੰਗਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਮਪੀ ਹਰਸਿਮਰਤ ਕੌਰ ਨੇ ਕਿਹਾ ਕਿ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੀ ਦਾਦੀ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੇ ਹੁਕਮ ਦਿੱਤੇ ਅਤੇ ਉਹਨਾਂ ਦੇ ਪਿਤਾ ਦੇ ਚੇਲਿਆਂ ਨੇ ਦਿੱਲੀ ਦੀਆਂ ਸੜਕਾਂ ’ਤੇ ਸਿੱਖਾਂ ਦਾ ਕਤਲੇਆਮ ਕਰਨ ਤੇ ਉਹਨਾਂ ਨੂੰ ਜਿਉਂਦਿਆਂ ਸਾੜਨ ਵਰਗੇ ਕਤਲੇਆਮ ਦੀ ਅਗਵਾਈ ਕੀਤੀ, ਰਾਹੁਲ ਗਾਂਧੀ ਨੇ ਉਸ ਸਵਾਲ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਹਜ਼ਾਰ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਭੀੜ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ’ਤੇ ਸਵਾਲ ਚੁੱਕੇ ਗਏ ਸਨ। ਐਮਪੀ ਹਰਸਿਮਰਤ ਕੌਰ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਵਿਚ ਇਸ ਸਵਾਲ ਦਾ ਜਵਾਬ ਦੇਣ ਲਈ ਮਜਸ਼ੁਰ ਕੀਤਾ ਗਿਆ ਤਾਂ ਕਾਂਗਰਸੀ ਆਗੂ ਨੇ ਆਪਣੀ ਦਾਦੀ ਤੇ ਪਿਤਾ ਵੱਲੋਂ ਕੀਤੇ ਗੁਨਾਹਾਂ ਦੀ ਮੁਆਫੀ ਨਹੀਂ ਮੰਗੀ ਬਲਕਿ ਇਹ ਕਹਿ ਕੇ ਟਲਣ ਦੀ ਕੋਸ਼ਿਸ਼ ਕੀਤੀ ਕਿ ਇਹ ਦੋਵੇਂ ਮਾਮਲੇ ਕਈ ਸਾਲ ਪਹਿਲਾਂ ਵਾਪਰੇ ਸਨ। ਐਮਪੀ ਹਰਸਿਮਰਤ ਕੌਰ ਨੇ ਕਿਹਾ ਕਿ ਜਵਾਬ ਟਾਲਣ ਤੋਂ ਹੀ ਪਤਾ ਚਲਦਾ ਹੈ ਕਿ ਰਾਹੁਲ ਗਾਂਧੀ ਦੇ ਮਨ ਵਿਚ ਸਿੱਖ ਭਾਈਚਾਰੇ ਪ੍ਰਤੀ ਕਿੰਨੀ ’ਪੀੜਾ’ ਹੈ। ਉਹਨਾਂ ਕਿਹਾ ਕਿ ਬਜਾਏ ਕਿ ਸਿੱਖਾਂ ਦੀ ਇਸ ਗੱਲ ਲਈ ਸ਼ਲਾਘਾ ਕਰਨ ਦੇ ਕਿ ਸਿੱਖਾਂ ਨੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਦਾਖਲ ਹੋਣ ਤੋਂ ਨਹੀਂ ਰੋਕਿਆ, ਰਾਹੁਲ ਗਾਂਧੀ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਚ ਉਹਨਾਂ ਦਾ ਆਉਣਾ ਉਹਨਾਂ ਅਤੇ ਕਾਂਗਰਸ ਪਰਿਵਾਰ ਲਈ ਕਲੀਨ ਚਿੱਟ ਹੈ ਜਦੋਂ ਕਿ ਇਹ ਤੱਥ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂ ਘਰ ਸਾਰਿਆਂ ਲਈ ਖੁੱਲ੍ਹੇ ਹਨ। ਰਾਹੁਲ ਗਾਂਧੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਰਾਹੁਲ ਗਾਂਧੀ ਨੂੰ ਇਹ ਸਮਝਣਾ ਚਾਹੀਦਾ ਹੈ ਅਤੇ ਗੁਰੂ ਘਰ ਆਉਣ ਸਮੇਂ ਆਪਣੇ ਪਰਿਵਾਰ ਦੇ ਕੀਤੇ ਕਾਰਿਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ ਨਾ ਕਿ ਆਪਣੇ ਆਪ ਨੂੰ ਪਾਕ ਸਾਫ ਦੱਸਣਾ ਚਾਹੀਦਾ ਹੈ। ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਵੀ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਬਜਾਏ ਆਪਣੇ ਗੁਨਾਹ ਮੰਨਣ ਦੇ ਗਾਂਧੀ ਪਰਿਵਾਰ ਨੇ ਇਕ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ 1984 ਦੀ ਮੁਆਫੀ ਮੰਗਵਾਈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਹਨਾਂ ਨੇ ਵਿਦੇਸ਼ ਵਿਚ ਦਿੱਤੇ ਆਪਣੇ ਬਿਆਨ ਵਿਚ ਕਿਸਨੂੰ ’ਮੰਦਭਾਗਾ’ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੀ ਉਹ ਸਮਝਦੇ ਹਨ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਮੰਦਭਾਗਾ ਹੈ ਜਾਂ ਇਸ ਮਗਰੋਂ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਕਤਲੇਆਮ ਅਤੇ ਪੰਜਾਬ ਵਿਚ ਅਤਿਵਾਦ ਦੇ ਪਸਾਰ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਮੰਦਭਾਗੀ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਗਾਂਧੀ ਪਰਿਵਾਰ ਦੇ ਨਾਲ-ਨਾਲ ਕਾਂਗਰਸ ਪਾਰਟੀ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਅਤੇ 1984 ਵਿਚ ਹੋਏ ਸਿੱਖ ਕਤਲੇਆਮ ਦਾ ਕੋਈ ਅਫਸੋਸ ਨਹੀਂ ਹੈ। ਦੋਵੇਂ ਲਗਾਤਾਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਕਮਲਨਾਥ ਵਰਗੇ ਦੋਸ਼ੀਆਂ ਦੀ ਲਗਾਤਾਰ ਪੁਸ਼ਤਪਨਾਹੀ ਕਰਦੇ ਰਹੇ ਹਨ ਤੇ ਉਹਨਾਂ ਨੂੰ ਤਰੱਕੀਆਂ ਦਿੰਦੇ ਰਹੇ ਹਨ। ਉਹਨਾਂ ਕਿਹਾ ਕਿ ’ਮੁਆਫੀ’ ਸ਼ਬਦ ਤਾਂ ਹਾਲੇ ਤੱਕ ਰਾਹੁਲ ਗਾਂਧੀ ਦੇ ਮੂੰਹ ’ਤੇ ਨਹੀਂ ਆਇਆ। ਇਸ ਤੋਂ ਸਾਬਤ ਹੁੰਦਾ ਹੈ ਕਿ ਰਾਹੁਲ ਗਾਂਧੀ ਹਾਲੇ ਵੀ ਟਾਈਟਲਰ ਤੇ ਸੱਜਣ ਕੁਮਾਰ ਵਰਗਿਆਂ ਨੂੰ ਪਸੰਦ ਕਰਦੇ ਹਨ ਨਾ ਕਿ ਸਿੱਖ ਕੌਮ ਨੂੰ ਕਰਦੇ ਹਨ।