ਜਲਾਲਾਬਾਦ, 27 ਦਸੰਬਰ : ਜਲਾਲਾਬਾਦ ਸਰਹੱਦ ਤੇ ਪਾਕਿਸਤਾਨ ਵਾਲੀ ਸਾਇਡ ਤੋਂ ਚੱਲ ਰਹੀਆਂ ਡਰੋਨ ਗਤੀਵਿਧੀਆਂ ਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਈ ਗਈ ਸਾਂਝੀ ਚੈਕਿੰਗ ਮੁਹਿੰਮ ਦੇ ਦੌਰਾਨ ਅੱਜ 4 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿੱਚ ਜਲਾਲਾਬਾਦ ਦੀ ਥਾਣਾ ਸਦਰ ਪੁਲਿਸ ਵੱਲੋਂ ਅਣਪਛਾਤੇ ਤਸਕਰਾਂ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ 21ਸੀ, 23,61,85 ਮਾਮਾਲ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਹੈਰੋਇਨ ਦੀ ਕੀਮਤ ਕਰੋੜਾਂ ਰੁਪੈ ਹੈ। ਜਾਂਚ ਅਧਿਕਾਰੀ ਸੀਆਈਏ ਸਟਾਫ ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਨੇ ਦਸਿਆ ਕਿ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਪਿੰਡ ਜੋਧਾ ਭੈਣੀ ’ਚ ਡਰੋਨ ਗਤੀਵਿਧੀ ਦੀ ਸੂਚਨਾ ’ਤੇ ਡੀਐਸਪੀ ਜਲਾਲਾਬਾਦ ਦੀ ਅਗਵਾਈ ’ਚ ਬੀਐਸਐਫ ਅਤੇ ਪੁਲੀਸ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਤਲਾਸ਼ੀ ਮੁਹਿੰਮ ਵਿਚ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੇ ਗਏ ਦੋ ਬੋਰੀਆਂ ਵਿਚ 8 ਪੈਕੇਟ ਬਰਾਮਦ ਹੋਏ, ਜਿਸ ਵਿਚ ਕੁੱਲ 4 ਕਿਲੋ 177 ਗ੍ਰਾਮ ਹੈਰੋਇਨ ਸੀ। ਇਸ ਖੇਪ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਅਣਪਛਾਤੇ ਤਸਕਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿੰਡ ਜੋਧਾ ਭੈਣੀ ਵਿਚ ਤਲਾਸ਼ੀ ਮੁਹਿੰਮ ਦੌਰਾਨ 2 ਕਿਲੋ 98 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਸੀ।