ਸਪੀਕਰ ਸੰਧਵਾਂ ਵੱਲੋਂ ਮੈਰਿਟ ਵਿੱਚ ਆਉਣ ਵਾਲੀ ਵਿਦਿਆਰਥਣ ਨੂੰ 31 ਹਜਾਰ ਰੁਪਏ ਦੇਣ ਦਾ ਐਲਾਨ

  • ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ- ਸਿਮਰਨਜੋਤ ਕੌਰ

ਕੋਟਕਪੂਰਾ, 19 ਮਈ 2025 : ਸਿਹਤ ਅਤੇ ਸਿੱਖਿਆ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਵਧੀਆ ਅਤੇ ਮਿਆਰੀ ਸੇਵਾਵਾਂ ਮੁਫਤ ਮੁਹੱਈਆ ਕਰਵਾਉਣੀਆਂ ਪੰਜਾਬ ਸਰਕਾਰ ਦਾ ਪਹਿਲਾ ਟੀਚਾ ਹੈ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਡਾ.ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਵਿਖੇ ਦਸਵੀਂ ਦੇ ਨਤੀਜਿਆਂ ਵਿੱਚ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਵਿਦਿਆਰਥਣ ਸਿਮਰਨਜੋਤ ਕੌਰ ਨੂੰ ਮੁਬਾਰਕਬਾਦ ਅਤੇ ਆਸ਼ੀਰਵਾਦ ਦੇਣ ਮੌਕੇ ਕੀਤਾ । ਉਨ੍ਹਾਂ ਕਿਹਾ ਕਿ ਵਿਦਿਆਰਥਣ ਨੂੰ ਹੌਂਸਲਾ ਅਫਜਾਈ ਲਈ 31 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਸਿਮਰਨਜੋਤ ਕੌਰ ਨੂੰ ਪੜਾਈ ਸਮੇਤ ਹੋਰ ਵੱਖ ਵੱਖ ਖੇਤਰਾਂ ਜਿਵੇਂ ਕਿ ਸੱਭਿਆਚਾਰ, ਧਾਰਮਿਕ, ਵਾਤਾਵਰਣ ਅਤੇ ਖੇਡਾਂ ਵਿੱਚ ਵੀ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ । ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਬਦਲਣ ਕਾਰਨ ਵੱਡੇ ਵੱਡੇ ਅਫਸਰਾਂ, ਲੀਡਰਾਂ ਅਤੇ ਅਧਿਆਪਕਾਂ ਨੇ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਪੜਾਉਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਹੁਣ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ। ਸਪੀਕਰ ਸੰਧਵਾਂ ਵਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਸਿਮਰਨਜੋਤ ਕੌਰ ਨੇ ਆਖਿਆ ਕਿ ਉਹ ਡਾਕਟਰ ਬਣ ਕੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਰੱਖਦੀ ਹੈ। ਸਿਮਰਨਜੋਤ ਕੌਰ ਨੇ ਕਿਹਾ ਕਿ ਮੈਂ ਜਾਂ ਮੇਰੇ ਮਾਪਿਆਂ ਨੇ ਕਦੇ ਵੀ ਨਹੀਂ ਸੀ ਸੋਚਿਆ, ਕਿ ਮੇਰਾ ਸਨਮਾਨ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਖੁਦ ਆਉਣਗੇ, ਇਹ ਪਲ ਮੇਰੇ ਲਈ ਬਹੁਤ ਹੀ ਭਾਵੁਕਤਾ ਵਾਲੇ ਹਨ ਤਾਂ ਸਿਮਰਨਜੋਤ ਦੇ ਮਾਪਿਆਂ ਸਮੇਤ ਉੱਥੇ ਹਾਜਰੀਨ ਪਤਵੰਤੇ ਵੀ ਭਾਵੁਕ ਹੋ ਗਏ। ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਲੋਂ ਪੁੱਜੇ ਪੋ੍ਰ. ਐੱਚ.ਐੱਸ. ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ, ਕੈਪਟਨ ਰੂਪ ਚੰਦ ਅਰੋੜਾ, ਮੁਖਤਿਆਰ ਸਿੰਘ ਮੱਤਾ, ਸੋਮਇੰਦਰ ਸੁਨਾਮੀ, ਜਸਵਿੰਦਰ ਸਿੰਘ ਬਰਾੜ ਆਦਿ ਨੇ ਪੇਸ਼ਕਸ਼ ਕੀਤੀ ਕਿ ਜੇਕਰ ਸਿਮਰਨਜੋਤ ਕੌਰ ਮਿਲਟਰੀ ਵਿੱਚ ਡਾਕਟਰੀ ਦੀਆਂ ਸੇਵਾਵਾਂ ਨਿਭਾਉਣਾ ਚਾਹੁੰਦੀ ਹੈ ਤਾਂ ਉਸਦਾ ਕਲੱਬ ਵਲੋਂ ਸਹਿਯੋਗ ਕੀਤਾ ਜਾ ਸਕਦਾ ਹੈ। ਸਕੂਲ ਦੇ ਪ੍ਰਿੰਸੀਪਲ ਪੰਨਾ ਲਾਲ ਨੇ ਆਪਣੇ ਵਲੋਂ 11 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਸੌਂਪਦਿਆਂ ਆਖਿਆ ਕਿ ਸਿਮਰਨਜੋਤ ਕੌਰ ਦੀ 12ਵੀਂ ਤੱਕ ਫੀਸ ਮਾਫ ਹੋਵੇਗੀ, ਵਰਦੀਆਂ ਅਤੇ ਕਿਤਾਬਾਂ ਵੀ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਦਸਵੀਂ ਦੇ ਇੰਚਾਰਜ ਲੈਕ. ਸੁਧੀਰ ਸੋਹੀ ਨੇ ਵੀ ਉਕਤ ਵਿਦਿਆਰਥਣ ਦੀਆਂ ਚੰਗੀਆਂ ਅਤੇ ਉਸਾਰੂ ਆਦਤਾਂ ਦਾ ਵਰਨਣ ਕੀਤਾ। ਸਿਮਰਨਜੋਤ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਹ ਬੱਚੀ ਨਰਸਰੀ ਜਮਾਤ ਤੋਂ ਹੀ ਹੁਸ਼ਿਆਰ ਹੈ, ਹਰ ਸਾਲ ਪਹਿਲੀ ਪੁਜੀਸ਼ਨ ਲੈਂਦੀ ਹੈ ਅਤੇ ਉਹਨਾਂ ਨੂੰ ਪੂਰਨ ਉਮੀਦ ਹੈ ਕਿ ਇਹ ਬੇਟੀ ਬਹੁਤ ਵੱਡੀ ਅਫਸਰ ਬਣੇਗੀ।