ਮੇਰੇ ਦਿਲਬਰ, ਮੇਰੇ ਮੀਤ, ਆ ਮਿਲ ਸੁਣੀਏ ਸ਼ਬਦ ਸੰਗੀਤ
ਰਹਿਬਰ ਬੋਲੀ ਦੇ ਸਦੀਆਂ ਤੋਂ ਰਹੇ ਚਲਾਉਂਦੇ ਸ਼ਬਦ ਧੁਨ ਰੀਤ
ਅਨਿਕ ਵਿਧੀ ਵਿੱਚ ਸਾਹਿਤ ਰਚਨਾ ਕੀਤੀ, ਕਈ ਸਾਹਿਤਕਾਰਾਂ ਨੇ,
ਪਹਿਲ ਪਲੇਠੀ ਕਵਿਤਾ ਰਚ, ਦਰਸਾਈ ਬੋਲੀ ਨਾਲ ਪ੍ਰੀਤ
ਸ਼ਬਦਾਂ ਨੂੰ ਜਦ ਸੁਰ ਮਿਲ ਜਾਵੇ, ਤਾਲ ਵਿਚ ਕੋਈ ਸਾਜ਼ ਵਜਾਵੇ,
ਲੈਅ ਦੇ ਵਿਚ ਗਵੱਈਆ ਗਾਵੇ, ਰੂਹ ਨਸ਼ਿਆਵੇ ਗਜ਼ਲ ਤੇ ਗੀਤ
ਸ਼ਬਦ ਹਸਾਉਂਦੇ, ਸਬਦ ਰੁਆਉਂਦੇ ਮਧੁਰ ਸ਼ਬਦ ਹਰ ਦਿਲ ਨੂੰ ਭਾਉਂਦੇ,
ਸ਼ਬਦਾਂ ਦੀ ਜੰਗ ਹਾਰ ਜਾਂਦੇ ਕਈ, ਸ਼ਬਦਾਂ ਨਾਲ ਹੋ ਜਾਵੇ ਜੀਤ
ਸ਼ਬਦ ਦਿਲਾਂ ਤੇ ਰਾਜ ਨੇ ਕਰਦੇ, ਸ਼ਬਦਾਂ ਦੇ ਫੱਟ ਕਦੇ ਨਾ ਭਰਦੇ,
ਜੰਗਾਂ ਦੀ ਥਾਂ ਦਿਲ ਜਿੱਤ ਬੰਦਿਆ, ਸ਼ਬਦ ਬਣਾਉਂਦੇ ਨੇ ਜਗਜੀਤ
ਸ਼ਬਦ ਬਾਣ ਨੇ, ਸ਼ਬਦ ਹੀ ਬਾਣੀ, ਸਮਝਦਾਰ ਜੋ ਸਮਝੇ ਪ੍ਰਾਣੀ,
ਸ਼ਬਦ ਹੀ ਧੁਰ ਅੰਦਰ ਤਕ ਜਾ ਕੇ, ਕਰ ਦਿੰਦੇ ਸਾਨੂੰ ਸੁਰਜੀਤ
ਸ਼ਬਦ ਕਲਾ ਉੱਚੀ ਤੇ ਸੁੱਚੀ, ਸ਼ਬਦਾਂ ਵਿੱਚ ਕਾਇਨਾਤ ਸਮੁੱਚੀ,
ਲਾਂਬੜਾ ਰੱਬ ਦਿਸੇ ਸ਼ਬਦਾਂ ਚੋਂ, ਸ਼ਬਦ ਘਾੜਾ ਹੁੰਦਾ ਅਰਮੀਤ।