ਹੈਰਾਨੀ ਦੀ ਕੋਈ ਗੱਲ ਨਹੀਂ, ਬਿਨ ਇਸ ਦੇ ਲੱਭਦਾ ਹੱਲ ਨਹੀਂ
ਦਿਸਦਾ ਵੀ ਕੋਈ ਕਸੂਰ ਨਹੀਂ, ਕਿਹੜਾ ਜਾਣ ਲਈ ਮਜਬੂਰ ਨਹੀਂ
ਅੱਜ ਕੈਨੇਡਾ ਦੂਰ ਨਹੀਂ, ਬਈ! ਅੱਜ ਕੈਨੇਡਾ ਦੂਰ ਨਹੀਂ...
ਪਰਦੇਸ ਨੂੰ ਵਿਰਲਾ ਜਾਂਦਾ ਸੀ, ਜਦ ਵਾਪਿਸ ਫੇਰੀ ਪਾਂਦਾ ਸੀ
ਪਿੰਡ ਦੇਖਣ ਉਸਨੂੰ ਜਾਂਦਾ ਸੀ, ਉਹ ਵੀ ਤਾਂ ਰੋਅਬ ਜਮਾਂਦਾ ਸੀ
ਕਿਸ ਨੂੰ ਕਦ ਹੋਇਆ ਗ਼ਰੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ,
ਬਈ ਅੱਜ ਕੈਨੇਡਾ…
ਕੋਈ ਚਾਲ ਕਿਸੇ ਨੇ ਚੱਲੀ ਏ, ਨ੍ਹੇਰੀ ਸਭ ‘ਤੇ ਇਹ ਝੁੱਲੀ ਏ
ਛੱਡ ਏਥੇ ਕੁੱਲੀ, ਜੁੱਲੀ ਨੂੰ, ਪਰਦੇਸੀਂ ਲੱਭਦੇ ਗੁੱਲੀ ਨੂੰ
ਹੈ ਰਿਜ਼ਕ ‘ਜਹਾਂ’ ਉਹ ਦੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ,
ਬਈ ਅੱਜ ਕੈਨੇਡਾ ...
ਸਿਰ ਕਰਜ਼ਾ ਪਹਿਲਾਂ ਚੜ੍ਹਦਾ ਏ, ਐਵੇਂ ਨਹੀਂ ਵੀਜ਼ਾ ਲਗਦਾ ਏ
ਜੋ ਮਿਲ ਜਾਵੇ ਕੰਮ ਕਰਦਾ ਏ, ਦਿਲ ਨਿਯਮਾਂ ਤੋਂ ਵੀ ਡਰਦਾ ਏ
ਗੱਲ ਸੱਚੀ ਕੋਈ ਫ਼ਤੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ
ਬਈ ਅੱਜ ਕੈਨੇਡਾ ...
ਇਸ ਨ੍ਹੇਰੀ ਨੂੰ ਠੱਲ੍ਹ ਪੈ ਜਾਣੀ ਜਦ ਸਾਰ ਕਿਸੇ ਨੇ ਲੈ ਲੈਣੀ
ਫਿਰ ਮਿਲਣੇ ਹੱਕ ਜਵਾਨਾਂ ਦੇ, ਸਾਹ ਸੁੱਕ ਜਾਣੇ ਬੇਈਮਾਨਾਂ ਦੇ
ਪੜ੍ਹ ਲਿਖ ਬਣਨਾ ਮਜ਼ਦੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ,
ਬਈ ਅੱਜ ਕੈਨੇਡਾ ...
ਫਿਰ ਤੋਂ ਪੰਜਾਬ ਵਸਾਣਾ ਏ, ਇਹਨੂੰ ਰੰਗਾਂ ਨਾਲ ਸਜਾਣਾ ਏ
ਰਣਜੀਤ ਸਿੰਘ ਦੀਆਂ ਪੈੜਾਂ ਤੇ, ਮੁੜ ਇਸ ਨੂੰ ਲੈ ਕੇ ਜਾਣਾ ਏ
ਹੁਣ ‘ਲਾਂਬੜਾ’ ਉਹ ਦਿਨ ਦੂਰ ਨਹੀਂ, ਅੱਜ ਕੈਨੇਡਾ ਦੂਰ ਨਹੀਂ,
ਬਈ ਅੱਜ ਕੈਨੇਡਾ ...