ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !
ਕਿਹੜੇ ਰਾਹ ਤੂੰ ਜਾਣਾ ਸੀ, ਕਿੱਧਰ ਚੱਲਿਆ
ਚੜ੍ਹਦੀ ਜਵਾਨੀ ਤੇਰੀ ਮੱਤ ਮਰ ਗਈ
ਜੱਗ `ਤੇ ਅਲਾਮਤਾਂ ਦਾ ਪਿੜ ਮੱਲਿਆ
ਬੱਲੇ ਓ ਪੰਜਾਬ ਦਿਆ ਸੇਰ ਬੱਲਿਆ !
ਲਾਡ-ਲਾਡ ਵਿਚ ਬਚਪਨ ਲੰਘਿਆ, ਹੁੱਬ ਕੇ ਆਈ ਜਵਾਨੀ
ਜੀਵਨ ਵਿਚ ਇਕ ਵਾਰ ਹੀ ਆਉਂਦੀ ਰੰਗਲੀ ਰੁੱਤ ਮਸਤਾਨੀ
ਤੈਨੂੰ ਬੜਾ ਸਮਝਾਇਆ, ਤੇਰੀ ਸਮਝ ਨਾ ਆਇਆ
ਹੁਣ ਵਕਤ ਇਹ ਹੱਥੋਂ ਲੰਘ ਚੱਲਿਆ, ਓਏ ਬੱਲਿਆ !...
ਏਸ ਉਮਰ ਵਿਚ ਦੋ ਹੀ ਗੱਲਾਂ, ਜਾਂ ਸੰਭਲੇ ਜਾਂ ਫਿਸਲੇ
ਮੁੜਦੇ ਬੋਲ ਕਦੇ ਨਹੀਓਂ ਇਕ ਵਾਰ ਜੁਬਾਨੋਂ ਨਿਕਲੇ
ਜਾਂਦਾ ਵਕਤ ਸੰਭਾਲ, ਰੱਖੀਂ ਸਿੱਧੀ ਹੁਣ ਚਾਲ
ਹੋਣਾ ਸੰਭਲ ਨਾ ਜਦ ਤੂੰ ਫਿਸਲਿਆ, ਓਏ ਬੱਲਿਆ !...
ਨਸਾ ਜਵਾਨੀ ਦਾ ਹੀ ਕਾਫੀ, ਹੋਰ ਨਸੇ ਕੀ ਕਰਨੇ
ਵਹਿ ਛੇਵੇਂ ਦਰਿਆ ਦੇ ਵਿਚ ਦੁੱਖ ਤੈਨੂੰ ਪੈਣੇ ਜਰਨੇ
ਜਰਾ ਹੋਸ ਨੂੰ ਸੰਭਾਲ, ਤੇਰਾ ਭਖਦਾ ਜਲਾਲ
ਤੇਥੋਂ ਜਾਣਾ ਨੁਕਸਾਨ ਨਹੀਓਂ ਝੱਲਿਆ, ਓਏ ਬੱਲਿਆ !...
ਇਸ ਦੁਨੀਆ ਤੇ ਆ ਕੇ ਇਸ ਨੂੰ ਵਧੀਆ ਹੋਰ ਬਣਾਓ
ਮਿਹਨਤ ਕਰਕੇ ਚੂਰੀ ਖਾਓ, ਤੇ ਕੰਮ ਕਿਸੇ ਦੇ ਆਓ
ਬੇਈਮਾਨੀ ਦੀ ਕਮਾਈ, ਰਾਸ ਕਿਸੇ ਨੂੰ ਨਾ ਆਈ
ਸਿੱਕਾ ਖੋਟਾ ਨਾ ਕਿਸੇ ਦਾ ਨਿੱਤ ਚੱਲਿਆ, ਓਏ ਬੱਲਿਆ !...
ਜਿਸ ਨੇ ਕੰਚਨ ਕਾਇਆ ਦਿੱਤੀ, ਉਸਦਾ ਸੁਕਰ ਮਨਾਈਏ
ਪੈ ਕੇ ਵਿਚ ਨਸ਼ਿਆਂ ਦੇ ਕਿਧਰੇ, ਉਸ ਨੂੰ ਨਾ ਭੁੱਲ ਜਾਈਏ
ਰਹਿ ਕੇ ਨਸ਼ਿਆਂ ਤੋਂ ਦੂਰ, ਮਾਣੋ ਜ਼ਿਦਗੀ ਸਰੂਰ
ਗੱਲ “ਲਾਂਬੜਾ” ਪਤੇ ਦੀ ਦੱਸ ਚਲਿਆ, ਓ ਬੱਲਿਆ!...