ਘਰ ਵਿੱਚ ਲਹਿਰ ਖੁਸ਼ੀ ਦੀ ਛਾਈ,
ਮਾਂ ਦੀ ਜਦ ਸੀ ਕੁੱਖ ਹਰਿਆਈ।
ਵੰਸ ਅਗਾਂਹ ਹੁਣ ਚੱਲਦਾ ਹੋਜੂ,
ਟੱਬਰ ਨੇ ਸੀ ਚਿੰਤਾ ਲਾਹੀ।
ਕਿਉਂ ਖਬਰ ਮੇਰੇ ਜੰਮਣ ਦੀ ਸਭ ਨੂੰ ਜਿਉਂਦਿਆਂ ਮਾਰ ਗਈ।
ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।
ਜੱਗ ਜਣਨੀ ਅੱਜ ਰੱਬਾ................................
ਜਨਮ ਮੇਰੇ ਤੋੰ ਪਹਿਲਾਂ ਘਰ ਵਿੱਚ,
ਮਾਂ ਦੀਆਂ ਸੀ ਜੋ ਤਲੀਆਂ ਚੱਟਦੇ।
ਹੁਣ ਕਿੱਥੋਂ ਕਹਿਣ ਕੁਲਿਹਣੀ ਆਈ,
ਦੇਖ ਦੇਖ ਸਭ ਘੂਰੀਆਂ ਵੱਟਦੇ।
ਬੱਚਦੇ ਦਿਨ ਮਾਂ ਪੇਕੀਂ ਕੱਟ ਸਬ ਦਰਦ ਸਹਾਰ ਗਈ,
ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।
ਜੱਗ ਜਣਨੀ ਅੱਜ ਰੱਬਾ................................
ਮਾਂ ਮੇਰੀ ਦਿਨ ਔਖੇ ਕੱਟੇ,
ਮੈਂ ਪੜ੍ਹਨ ਸਕੂਲੇ ਪਾਈ ਸੀ।
ਸੁੰਨੇ ਰਾਹ ਵਿੱਚ ਜਾਨਵਰਾਂ,
ਮੇਰੀ ਕੋਰੀ ਇੱਜਤ ਲਾਹੀ ਸੀ।
ਮੈਂ ਅਬਲਾ ਦੇ ਰਾਖੇ ਅਖ਼ਵਾ ਵੋਟਾਂ ਲੈ ਹਰ ਸਰਕਾਰ ਗਈ।
ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।
ਜੱਗ ਜਣਨੀ ਅੱਜ ਰੱਬਾ................................
ਮੈਂ ਭੁੱਬੀ ਰੋਈ ਚੀਕ ਚਿਹਾੜੀ,
ਜਦ ਦੁਨੀਆ ਨਾਰੀ ਦਿਵਸ ਮਨਾਇਆ।
ਏਤੀ ਮਾਰ ਪਈ ਕੁਰਲਾਣੁ, ਤੈਂ ਕੀ ਦਰਦ ਨਾ ਆਇਆ।
ਇੱਕ ਮਾਤਾ ਸੀ ਸਰਬੰਸ ਆਪਣਾ ਜੱਗ ਤੋਂ ਵਾਰ ਗਈ।
ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।
ਜੱਗ ਜਣਨੀ ਅੱਜ ਰੱਬਾ................................
ਖੌਰੇ ਤੂੰ ਡਰਪੋਕ ਹੋ ਗਿਆ,
ਜਾਂ ਪੱਖਰ ਦਿਲ ਬਣਿਐਂ।
ਜਾਂ ਫਿਰ ਸਿਆਸਤਦਾਨਾਂ ਦੇ ਨਾਲ,
ਤੂੰ ਵੀ ਜਾਪੈ ਰਲਿਐਂ।
ਤੇਰੇ ਪੈਦਾ ਕੀਤੇ ਬੰਦੇ ਦੀ ਦੱਸ ਕਿਉਂ ਮੱਤ ਮਾਰ ਗਈ।
ਜੱਗ ਜਣਨੀ ਅੱਜ ਰੱਬਾ, ਜੱਗ ਤੇਰੇ ਤੋਂ ਹਾਰ ਗਈ।
ਜੱਗ ਜਣਨੀ ਅੱਜ ਰੱਬਾ................................