ਬਿਨ ਮੰਗਿਆਂ ਦਾਤਾਂ ਤੂੰ ਦੇਣ ਵਾਲਾ ,
ਤਾਂ ਵੀ ਕਰਕੇ ਅਸੀਂ ਅਰਦਾਸ ਮੰਗੀਏ
ਓਹੀ ਮੰਗੀਏ ਜੋ ਤੈਨੂੰ ਵੀ ਭਾ ਜਾਵੇ
ਚੰਗੇ ਜੀਵਨ ਲਈ ਦਾਤਾਂ ਕੁਝ ਖਾਸ ਮੰਗੀਏ
ਮਿਹਨਤ,ਬਲ,ਤੰਦਰੁਸਤੀ ਬਖਸੀਂ
ਸਭ ਕਰਮਨ ਲਈ ਚੁਸਤੀ ਬਖਸੀਂ
ਗੁਣ ਤੇਰੋ ਨਿੱਤ ਗਾਵਾਂ, ਤੇਰਾ ਸ਼ੁਕਰ ਮਨਾਵਾਂ
ਰੱਬਾ ਵੇ ਤੇਰਾ ਸ਼ੁਕਰ ਮਨਾਵਾਂ, ਮੈਂ ਤੇਰੇ ਤੋਂ ਸਦਕੇ ਜਾਵਾਂ
ਸੱਚੀ ਕਿਰਤ ਕਮਾਈ ਦੇ ਨਾਲ ਜੀਵਨ ਵਿਚ ਰੱਬ ਮਿਲਦਾ
ਖੋਜ ਲਿਆ ਜਿਸ ਧੁਰ ਅੰਦਰ, ਮਨ ਫੁੱਲ ਦੇ ਵਾਂਗਰ ਖਿਲਦਾ
ਕਿਸਮਤ ਵਾਲੇ ਲੈਕਾਂ ਨੂੰ ਮਿਲਦਾ ਤੇਰਾ ਸਿਰਨਾਵਾਂ
ਸੰਚ, ਨਿਮਰਤਾ, ਬੰਦਗੀ, ਨੇਕੀ, ਸਭ ਦੀ ਝੋਲੀ ਪਾ ਦੇਵੀਂ
ਸਿਦਕ ਸਬੂਰੀ, ਸਹਿਨਸੀਲਤਾ ਵੀ ਸਭ ਨੂੰ ਸਿਖਲਾ ਦੇਵੀਂ
ਰਹਿਮਤ ਤੇਰੀ ਤੋਂ ਖੁਸ ਹੈ, ਬੱਸ ਤੇਰਾ ਹੀ ਜਸ ਗਾਵਾਂ
ਖੁਸ਼ਹਾਲੀ ਵਿੱਚ ਉਨਤੀ ਕਰਦਾ ਸਾਡਾ ਸਭਿਆਚਾਰ ਰਹੇ
ਬਿਨ ਮਤਲਬ ਤੋਂ ਖੂਨ ਖਰਾਬੇ ਨਾ ਕੋਈ ਅਤਿਆਚਾਰ ਰਹੇ
ਮਿਲਦਾ ਦੇਖਾਂ ਹੱਕ ਸਭਨਾਂ ਨੂੰ, ਮੈਂ ਜਿੱਧਰ ਵੀ ਜਾਵਾਂ
ਜਾ ਕੇ ਵਿੱਚ ਪਰਦੇਸਾਂ ਦੇ ਵੀ ਵਤਨ ਆਪਣਾ ਯਾਦ ਕਰਾਂ
ਦੇਸ ਮਰੇ 'ਤੇ ਆਂਚ ਨਾ ਆਏ, ਬੱਸ ਇਹੈ ਫਰਿਆਦ ਕਰਾਂ
ਮਾਂ ਬੋਲੀ ਨੂੰ ਅੱਗੇ ਤੋਰਾਂ, ਇਸ ਨਾਲ ਵਫਾ ਕਮਾਵਾਂ
ਮਾਤ ਪਿਤਾ ਨਾ ਰੁਲਣ ਕਿਸੇ ਦੇ, ਸਭ ਦਾ ਹੀ ਸਤਿਕਾਰ ਹੋਵੇ
ਦੇਸ ਲਈ ਕੁਝ ਕਰ ਜਾਵੇ ਜੋ, ਉਸ ਦੀ ਜੈ ਜੈ ਕਾਰ ਹੋਵੇ
ਰੰਗ, ਨਸਲ ਤੇ ਭੋਦ ਭਾਵ, ਨਾ ਭੁਗਤਣ ਲੋਕ ਸਜਾਵਾਂ
ਕੁਦਰਤ ਦੇ ਵਿਚ ਵਾਸਾ ਤੇਰਾ, ਸਗਲੀ ਸੂਰਤ ਤੇਰੀ
ਜਲ, ਥਲ, ਪਰਬਤ, ਜੀਵ, ਬੂਟਿਆਂ ਸਭ ਤੇ ਰਹਿਮਤ ਤੇਰੀ
ਰੁੱਖਾਂ ਦੀ ਸੁਖ ਲੋੜ 'ਲਾਂਬੜਾ' ਜੀਣ ਇਨ੍ਹਾਂ ਦੀਆਂ ਛਾਵਾਂ ..