ਜਦ ਤਕ ਸਾਸ ਗਿਰਾਸ ਨੇ ਚਲਦੇ ਜੀਵੀਏ ਜ਼ਿੰਦਗੀ ਜੀਅ ਭਰ ਭਰ ਕੇ,
ਮਾਣੀਏ ਜੀਵਨ ਦੇ ਹਰ ਪਲ ਨੂੰ, ਨਾ ਵਕਤ ਟਪਾਈਏ ਮਰ ਮਰ ਕੇ।
ਛੱਡ ਸ਼ਿਕਵੇ, ਸ਼ੁਕਰਾਨੇ ਕਰੀਏ, ਦੁਖ-ਸੁਖ ਉਸਦੀ ਰਜ਼ਾ ’ਚ ਜਰੀਏ,
ਕਾਦਰ ਦੀ ਕੁਦਰਤ ਨੂੰ ਤੱਕੀਏ, ਖ਼ੁਸ਼ ਹੋਈਏ ਸਿਜਦੇ ਕਰ ਕਰ ਕੇ।
ਹਿੰਮਤ ਅਤੇ ਸਿਆਣਪ ਰੱਖਣੀ, ਗੱਲ ਪਤੇ ਦੀ ਸਭ ਨੂੰ ਦੱਸਣੀ,
ਜੀਅ-ਜਾਨ ਸੰਗ ਫਰਜ਼ ਨਿਭਾਉਣੇ, ਨਾ ਰਹਿਣਾ ਜੱਗ ਤੇ ਡਰ ਡਰ ਕੇ।
ਵੱਖਰੀ ਇਕ ਪਹਿਚਾਣ ਬਣਾਉਣੀ, ਜਿੰਦ ਸੱਜਣਾਂ ਦੇ ਲੇਖੇ ਲਾਉਣੀ,
ਜੋ ਮੰਗਣਾ ਮੰਗੀਏ ਸਾਈਂ ਤੋਂ ਦਿਲ ’ਚੋਂ ਅਰਦਾਸਾਂ ਕਰ ਕਰ ਕੇ।
ਸਾਂਝੇ ਹਿੱਤ ਲਈ ਮਰ ਮਿਟ ਜਾਣਾ, ਪਿੱਛੇ ਨਾ ਫਿਰ ਕਦਮ ਹਟਾਣਾ,
ਦਿਲ ਜਿੱਤ ਕੇ ਇਤਿਹਾਸ ਰਚਾਣਾ, ਬਦੀਆਂ ਤਾਈਂ ਸਰ ਕਰ ਕਰ ਕੇ।
ਬਿਨ ਬੋਲੀ ਹਰ ਸ਼ਖ਼ਸ ਅਧੂਰਾ, ਮਾਨਵ ਹੋ ਨਹੀਂ ਸਕਦਾ ਪੂਰਾ,
ਮਾਂ-ਬੋਲੀ ਵਿਚ ਭਰਿਆ ਅੰਮ੍ਰਿਤ, ਰੱਜ ਜਾਈਏ ਘੁੱਟਾਂ ਭਰ ਭਰ ਕੇ।
ਨਿਰਮਲ ਕਰਮ ਜੇ ਹੋਵਣ ਜੱਗ ’ਤੇ, ਤਾਹੀਓਂ ਜੀਵਨ ਚੰਗੇ ਲਗਦੇ,
‘ਲਾਂਬੜਾ’ ਸੇਧ ਦਵੇ ਗੁਰਬਾਣੀ, ਭਵਜਲ ਪਾਰ ਕਰੋ ਤਰ ਤੁਰ ਕੇ।