ਚੁੰਨੀ ਤੇ ਪੱਗ ਦੋਵੇਂ ਔਰਤ ਤੇ ਮਰਦ ਦੇ ਸਿਰ ਦੇ ਤਾਜ਼ ਹੁੰਦੇ ਹਨ |ਬੱਚਾ ਜਦੋ ਥੋੜਾ ਜਿਹਾ ਸਮਝਦਾਰ ਹੋਣ ਲਗਦਾ ਹੈ |ਉਸ ਸਮੇ ਘਰ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਸੀ ਕਿ ਕਾਕਾ ਹੁਣ ਜਵਾਨ ਹੋਣ ਲਗ ਪਿਆ ਹੈ |ਇਸ ਦੀ ਪੱਗ ਬਣਾਉਣ ਦੀ ਰਸਮ ਕਰ ਲਈਏ |ਫਿਰ ਨਾਨਕਿਆਂ ਨੂੰ ਇਤਲਾਹ ਕੀਤੀ ਜਾਂਦੀ ਸੀ |ਕਿ ਆਪਾਂ ਫਲਾਣੇ ਦਿਨ ਘਰ ਵਿੱਚ ਪ੍ਰੋਗਰਾਮ ਕਰਕੇ ਕਾਕੇ ਨੂੰ ਬੰਨਾਉਣੀ ਹੈ |ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਸਨ |ਸਾਰੇ ਸ਼ਰੀਕੇ ਕਬੀਲੇ ਵਿੱਚ ਨਾਨਕੇ ਮੁੰਡੇ ਨੂੰ ਪੱਗ ਬੰਨਦੇ ਸਨ |ਫਿਰ ਸਾਰਿਆਂ ਨੇ ਸਰਦਾ ਪੁੱਜਦਾ ਸਗਨ ਵੀ ਪਾਉਣਾ ਤੇ ਖੁਸ਼ੀਆਂ ਦੇ ਭੰਗੜੇ ਵੀ ਪਾਉਣੇ |ਫਿਰ ਹੌਲੀ ਹੌਲੀ ਮੁੰਡਾ ਆਪ ਸਿਰ ਤੇ ਪੱਗ ਬੰਨਣ ਦਾ ਵੱਲ ਸਿੱਖ ਲੈਂਦਾ ਸੀ |ਪੁਰਾਣੇ ਸਮਿਆਂ ਵਿੱਚ ਅਜਕਲ ਵਾਂਗੂੰ ਰੰਗਦਾਰ ਪੱਗਾਂ ਦੁਕਾਨਾਂ ਤੇ ਨਹੀਂ ਸਨ ਮਿਲਦੀਆਂ | ਉਹਨਾਂ ਸਮਿਆਂ ਵਿੱਚ ਸਿਰਫ ਚਿੱਟੀਆਂ ਹੀ ਪੱਗਾਂ ਆਉਂਦੀਆਂ ਸਨ |ਘਰ ਵਾਲਿਆ ਨੇ ਚਿੱਟੀਆਂ ਪੱਗਾਂ ਲਲਾਰੀ ਕੋਲ ਲੈ ਕੇ ਜਾਣੀਆਂ |ਆਪਣੇ ਮਨ ਪਸੰਦ ਰੰਗ ਉਸ ਨੂੰ ਦੱਸਣਾ ਤੇ ਫਿਰ ਉਸ ਨੇ ਉਹੀ ਰੰਗ ਪੱਗ ਨੂੰ ਕਰ ਕੇ ਦੇਣਾ |ਇਹ ਰਿਵਾਜ਼ ਕੋਈ ਅੱਜ ਤੋਂ ਨਹੀਂ ਬਲਕਿ ਜਦੋਂ ਤੋਂ ਇਨਸਾਨ ਨੂੰ ਜੀਵਨ ਦੀ ਜਾਂਚ ਆਈ ਹੈ| ਉਸ ਸਮੇਂ ਤੋਂ ਇਹ ਕੰਮ ਵੀ ਚਲਦਾ ਆ ਰਿਹਾ ਸੀ |ਫਿਰ ਲਲਾਰੀ ਇੱਕਲੇ ਪੱਗਾਂ ਰੰਗਦੇ ਹੀ ਨਹੀਂ ਸਨ ਸਗੋਂ ਪੱਗਾਂ ਨੂੰ ਮਾਵਾ ਵੀ ਲਾਉਂਦੇ ਸਨ |ਪਿੰਡਾਂ ਦੇ ਚੌਧਰੀ ਤੇ ਨੰਬਰਦਾਰ ਮਾਵੇ ਵਾਲੀ ਪੱਗ ਦਾ ਸਮਲਾ ਛੱਡ ਕੇ ਪੱਗ ਬੰਨਦੇ ਸੀ |ਦੂਰੋਂ ਹੀ ਪਤਾ ਚੱਲ ਜਾਂਦਾ ਸੀ ਕਿ ਇਹ ਕੋਈ ਪਿੰਡ ਦਾ ਮੋਹਤਬਰ ਬੰਦਾ ਹੋਵੇਂਗਾ |ਜਿਥੇ ਵੀ ਕੋਈ ਪੰਚਾਇਤ ਹੋਣੀ ਉੱਥੇ ਸਾਰੇ ਲੋਕ ਹੀ ਪੱਗਾਂ ਬੰਨ ਕੇ ਜਾਂਦੇ ਸੀ |ਇਸ ਤੋਂ ਇਲਾਵਾ ਜਦੋ ਕਿਸੇ ਪਰਿਵਾਰ ਦਾ ਮੁਖੀ ਚਲ ਵੱਸਦਾ ਤਾਂ ਸਾਰੇ ਸਾਕ ਸਬੰਧੀ ਪਰਿਵਾਰ ਦੇ ਵੱਡੇ ਮੁੰਡੇ ਨੂੰ ਪੱਗ ਬਨਾਉਂਦੇ |ਇਹ ਕਹਿ ਕੇ ਕਿ ਹੁਣ ਉਸ ਤੋਂ ਬਾਹਦ ਪਰਿਵਾਰ ਦੀ ਸਾਰੀ ਜੁਮੇਵਾਰੀ ਤੇਰੇ ਸਿਰ ਉਤੇ ਹੈ |ਹੁਣ ਤੂੰ ਵੇਖਣਾ ਹੈ ਕਿ ਅਗੇ ਪਰਿਵਾਰ ਨੂੰ ਕਿਵੇਂ ਚਲਾਉਣਾ ਹੈ |ਫਿਰ ਅਗਲਾ ਵੀ ਪੂਰੀ ਜ਼ੁੰਮੇਵਾਰੀ ਤੇ ਤਨਦੇਹੀ ਨਾਲ ਪਰਿਵਾਰ ਦੀ ਦੇਖ ਭਾਲ ਕਰਦਾ ਸੀ |ਕਿ ਕੋਈ ਇਹ ਨਾ ਆਖੇ ਕਿ ਬਾਪੂ ਜਾਣ ਤੋਂ ਬਾਹਦ ਮੇਰੇ ਸਿਰ ਤੇ ਪੱਗ ਰੱਖੀ ਸੀ |ਤੇ ਮੈ ਕੋਈ ਅਜਿਹਾ ਕੰਮ ਨਾ ਕਰ ਬੈਠਾਂ ਜਿਸ ਨਾਲ ਪਰਿਵਾਰ ਨੂੰ ਥੱਲੇ ਨਾ ਵੇਖਣਾ ਪਵੇ |ਪੱਗ ਦਾ ਬਹੁਤ ਮਹੱਤਵ ਹੁੰਦਾ ਸੀ |ਇਥੋਂ ਤਕ ਲੋਕ ਕਹਿੰਦੇ ਹੁੰਦੇ ਸੀ ਕਿ ਪੱਗ ਲੱਥ ਗਈ ਸਮਝੋ ਸਿਰ ਲੱਥ ਗਿਆ |ਇਸੇ ਤਰਾਂ ਚੁੰਨੀ ਵੀ ਆਪਣੀ ਥਾਂ ਬਹੁਤ ਅਹਿਮੀਅਤ ਰੱਖਦੀ ਸੀ |ਬੀਬੀਆਂ ਭੈਣਾਂ ਨੇ ਵੀ ਆਪਣੇ ਸੂਟ ਦੇ ਰੰਗ ਨਾਲ ਦੀ ਚੁੰਨੀ ਲਲਾਰੀ ਤੋਂ ਰੰਗਵਾਉਂਦੀਆਂ ਹੁੰਦੀਆਂ ਸਨ |ਜਦੋਂ ਕਿੱਧਰੇ ਵਿਆਹ ਸਾਦੀਆਂ ਜਾਂ ਖੁਸ਼ੀ ਦੇ ਪ੍ਰੋਗਰਾਮ ਵਿੱਚ ਜਾਣਾ ਤੇ ਉਸ ਸਮੇਂ ਗੂੜੇ ਗੂੜੇ ਰੰਗਾਂ ਵਾਲੀਆਂ ਚੁੰਨੀਆਂ ਸਿਰਾਂ ਤੇ ਲੈ ਕੇ ਜਾਣਾ |ਜੇ ਕਿਸੇ ਨੇ ਕਿਸੇ ਘਰ ਗ਼ਮੀ ਦੇ ਮੌਕੇ ਤੇ ਜਾਣਾ ਉਸ ਸਮੇਂ ਚਿੱਟੀਆਂ ਚੁੰਨੀਆਂ ਲੈ ਕੇ ਜਾਣਾ |ਦੂਰੋਂ ਹੀ ਪਤਾ ਲੱਗ ਜਾਣਾ ਕਿ ਕੋਈ ਸੋਗ ਦੇ ਬੀਬੀਆਂ ਜਾ ਰਹੀਆਂ ਹਨ |ਇਸੇ ਤਰਾਂ ਪੱਗਾਂ ਦੇ ਤੇ ਚੁੰਨੀਆਂ ਦੇ ਰੰਗ ਖੁਸ਼ੀ ਗਮੀ ਦੇ ਪ੍ਰਤੀਕ ਨੂੰ ਦਰਸਾ ਦਿੰਦੇ ਸਨ |ਉਹਨਾਂ ਸਮਿਆਂ ਵਿੱਚ ਲਲਾਰੀਆਂ ਦਾ ਵੀ ਤੋਰੀ ਫੁੱਲਕਾ ਤੁਰਿਆ ਰਹਿੰਦਾ ਸੀ |ਪਰ ਜੇ ਕਰ ਅੱਜਕਲ ਦੀ ਗੱਲ ਕਰੀਏ ਤਾਂ ਗੱਲ ਕੋਈ ਸਮਝ ਵਿੱਚ ਨਹੀਂ ਪੈਂਦੀ |ਮੁੰਡੇ ਘੋਨੇ ਮੋਨੇ ਹੋ ਗਏ ਨੇ |ਪੱਗ ਸਿਰ ਤੇ ਭਾਰੀ ਲੱਗਣ ਲੱਗ ਪਈ ਹੈ |ਸਾਡੀਆਂ ਧੀਆਂ ਭੈਣਾਂ ਆਪਣੇ ਰੰਗ ਨੂੰ ਛੱਡ ਕੇ ਪੱਛਮੀ ਸੱਭਿਅਤਾ ਦੇ ਰੰਗਾਂ ਵਿੱਚ ਰੰਗੀਆਂ ਗਈਆਂ ਹਨ |ਚੁੰਨੀ ਤਾਂ ਕਿਸ ਨੇ ਲੈਣੀ ਹੈ ਤੇ ਰੰਗਾਉਂਣੀ ਹੈ |ਸਿਰ ਦੇ ਵਾਲ ਹੀ ਭਾਰੇ ਲੱਗਣ ਲੱਗ ਪਏ ਹਨ |ਵਾਲਾਂ ਨੂੰ ਕੈਂਚੀ ਨੇ ਆਪਣੇ ਹਵਾਲੇ ਕਰ ਲਿਆ ਹੈ |ਸੌ ਵਿੱਚੋ ਇੱਕ ਦੋ ਹੀ ਕੁੜੀਆਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ ਬਿਊਟੀ ਪਾਰਲਰ ਦਾ ਦਰਵਾਜ਼ਾ ਨਹੀਂ ਖੜਕਾਉਂਦੀਆਂ | ਨਹੀਂ ਤੇ ਬਾਕੀ ਸਾਰੀਆਂ ਹੀ ਉਥੋਂ ਆਪਣਾ ਮੁਖ ਸਜਾਉਣ ਲਈ ਮੱਦਦ ਲੈ ਰਹੀਆਂ ਹਨ | ਦਾਦੀਆਂ ਅੱਜ ਵੀ ਲੰਮੀ ਸਾਰੀ ਚੁੰਨੀ ਨਾਲ ਆਪਣਾ ਸਿਰ ਢੱਕ ਕੇ ਰੱਖਦੀਆਂ ਹਨ |ਨੂੰਹਾਂ ਚੁੰਨੀ ਨੂੰ ਗੱਲ ਵਿੱਚ ਪਾ ਕੇ ਰੱਖਦੀਆਂ ਹਨ ਤੇ ਧੀਆਂ ਨੇ ਚੁੰਨੀ ਤੋਂ ਮੁਖ ਹੀ ਮੋੜ ਲਿਆ ਹੈ |ਇਸੇ ਕਰਕੇ ਅੱਜਕਲ ਲਲਾਰੀ ਅਲੋਪ ਹੁੰਦੇ ਜਾ ਰਹੇ ਹਨ |ਜਦੋ ਚੁੰਨੀਆਂ ਤੇ ਪੱਗਾਂ ਕਿਸੇ ਨੇ ਰੰਗਾਉਣੀਆਂ ਹੀ ਨਹੀਂ ਹਨ |ਤੇ ਫਿਰ ਉਹਨਾਂ ਲਲਾਰੀਆਂ ਨੇ ਵਿਹਲੇ ਕੀ ਕਰਨਾ ਹੈ |ਹੁਣ ਰੱਬ ਹੀ ਜਾਣੇ ਸਾਡਾ ਸਮਾਜ ਪੱਛਮੀ ਸਭਿਅਤਾ ਵਿੱਚੋ ਬਾਹਰ ਨਿੱਕਲ ਕੇ ਆਵੇਗਾ ਜਾਂ ਨਹੀਂ |