ਪਾਣੀ

ਸਾਡੇ ਵਿਦਵਾਨ ਰੋਜ਼ ਸਾਨੂੰ,
ਪਾਣੀ ਦਾ ਮਹੱਤਵ ਸਮਝਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ,
ਪਾਣੀ ਅਜਾਂਈ ਗਵਾਉਂਦੇ ਨੇ।

ਪੰਜ ਦਰਿਆ ਦੀ ਧਰਤ ਉੱਤੇ,
ਪਾਣੀ ਦਾ ਪਾ ਦਿੱਤਾ ਕਾਲ।
ਅਉਣ ਵਾਲੇ ਸਮੇਂ ਦੇ ਵਿੱਚ,
ਸਭ ਦਾ ਹੋਣਾ ਮੰਦੜਾ ਹਾਲ।
ਬੰਦ ਕਰਨ ਦਾ ਨਾ ਨਹੀਂ ਲੈਂਦੇ,
ਮੋਟਰਾਂ ਜਦੋਂ ਚਲਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ...

ਵੇਂਹਦਿਆਂ-ਵੇਂਹਦਿਆਂ ਖੂਹ ਸੁੱਕੇ।
ਨਲਕਿਆਂ ਦੇ ਨੇ ਪਾਣੀ ਮੁੱਕੇ।
ਪਾਣੀ ਦੀ ਦੁਰਵਰਤੋਂ ਕਰਨ ਤੋਂ,
ਹਾਲੇ ਵੀ ਅਜੀਂ ਨਹੀਓਂ ਰੁਕੇ।
ਕਈ ਤਾਂ ਟੂਟੀ ਦੇ ਥੱਲੇ ਬਹਿਕੇ,
ਘੰਟਿਆਂ ਬੱਧੀ ਨਹਾਉਂਦੇ ਨੇ।
ਅਜੇ ਕਈ ਮੂਰਖ ਬੰਦੇ...

ਹਜ਼ਾਰਾਂ ਲੀਟਰ ਪਾਣੀ ਨਾਲ,
ਮਸ਼ੀਨਰੀ ਕਈ ਤਾਂ ਧੋਂਦੇ ਨੇ।
ਕਾਰਖਾਨਿਆਂ ਦਾ ਗੰਦਾ ਪਾਣੀ,
ਧਰਤੀ ਦੇ ਥੱਲੇ ਪਾਉਂਦੇ ਨੇ।
ਤਰ੍ਹਾਂ-ਤਰ੍ਹਾਂ ਦੇ ਮਾਰੂ ਰੋਗ,
ਆਸੇ-ਪਾਸੇ ਫੈਲਾਉਂਦੇ ਨੇ।
ਅਜੇ ਕਈ ਮੂਰਖ ਬੰਦੇ...

‘ਤਲਵੰਡੀ’ ਵਰਗੇ ਕਈ ਵੇਖੇ,
ਪਾਣੀ ਬਚਾਉਣਾ ਚਾਹੁੰਦੇ ਨੇ।
ਥੋੜ੍ਹੇ ਬਚਾਕੇ ਕੀ ਕਰਨਗੇ,
ਜ਼ਿਆਦਾ ਜਦੋਂ ਗਵਾਉਂਦੇ ਨੇ।
ਆਉਣ ਵਾਲੀਆਂ ਪੀੜ੍ਹੀਆਂ ਨਾਲ,
ਵੱਡਾ ਵੈਰ ਕਮਾਉਂਦੇ ਨੇ।
ਅਜੇ ਵੀ ਕਈ ਮੂਰਖ ਬੰਦੇ...