ਖੈਬਰ ਪਖਤੂਨਖਵਾ, 21 ਨਵੰਬਰ 2024 : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਖੈਬਰ ਪਖਤੂਨਖਵਾ ਦੇ ਡਾਊਨ ਕੁਰੱਮ ਇਲਾਕੇ 'ਚ ਯਾਤਰੀ ਵਾਹਨਾਂ 'ਤੇ ਹੋਇਆ। ਹਮਲੇ 'ਚ ਇਕ ਪੁਲਸ ਅਧਿਕਾਰੀ ਅਤੇ ਔਰਤਾਂ ਸਮੇਤ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ। ਜਾਣਕਾਰੀ ਮੁਤਾਬਕ ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ 'ਚ ਅੱਤਵਾਦੀਆਂ ਨੇ ਸ਼ੀਆ ਮੁਸਲਿਮ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਯਾਤਰੀ ਵਾਹਨਾਂ 'ਤੇ ਗੋਲੀਬਾਰੀ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਇਸ ਖੇਤਰ ਵਿੱਚ ਇਹ ਸਭ ਤੋਂ ਘਾਤਕ ਹਮਲਾ ਹੈ। ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਖੇਤਰ 'ਚ ਯਾਤਰੀ ਵਾਹਨਾਂ 'ਤੇ ਗੋਲੀਬਾਰੀ ਕੀਤੀ। ਚੌਧਰੀ ਨੇ ਦੱਸਿਆ ਕਿ ਕੁਰੱਮ ਕਬਾਇਲੀ ਜ਼ਿਲੇ 'ਚ ਇਸ ਹਮਲੇ 'ਚ ਮਾਰੇ ਗਏ ਲੋਕਾਂ 'ਚ ਇਕ ਔਰਤ ਅਤੇ ਇਕ ਬੱਚਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ''ਇਹ ਇਕ ਵੱਡੀ ਤ੍ਰਾਸਦੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਖੇਤਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਵਿਚਾਲੇ ਦਹਾਕਿਆਂ ਤੋਂ ਤਣਾਅ ਚੱਲ ਰਿਹਾ ਹੈ। ਕਿਸੇ ਸਮੂਹ ਨੇ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜਾਣਕਾਰੀ ਅਨੁਸਾਰ, "ਯਾਤਰੀ ਵਾਹਨਾਂ ਦੇ ਦੋ ਕਾਫਲੇ ਸਨ, ਇੱਕ ਯਾਤਰੀਆਂ ਨੂੰ ਪੇਸ਼ਾਵਰ ਤੋਂ ਪਾਰਾਚਿਨਾਰ ਅਤੇ ਦੂਜਾ ਪਾਰਾਚਿਨਾਰ ਤੋਂ ਪੇਸ਼ਾਵਰ ਵੱਲ ਲੈ ਜਾ ਰਿਹਾ ਸੀ, ਜਦੋਂ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।" ਚੌਧਰੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਕਾਫ਼ਲੇ ਵਿੱਚ ਪੇਸ਼ਾਵਰ ਤੋਂ ਜਾ ਰਹੇ ਸਨ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪੀਪੀਪੀ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਨਿਰਦੋਸ਼ ਯਾਤਰੀਆਂ 'ਤੇ ਹਮਲਾ ਕਰਨਾ ਕਾਇਰਤਾਪੂਰਨ ਅਤੇ ਅਣਮਨੁੱਖੀ ਕਾਰਵਾਈ ਹੈ। ਪਾਰਟੀ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।