ਕੈਨੇਡਾ ‘ਚ ਹਿੱਟ ਐਂਡ ਰਨ ਮਾਮਲੇ ‘ਚ 2 ਪੰਜਾਬੀ ਵਿਦਿਆਰਥੀ ਦੋਸ਼ੀ ਕਰਾਰ, ਸਜ਼ਾ ਪੂਰੀ ਕਰਨ ਤੋਂ ਬਾਅਦ ਕੀਤਾ ਜਾਵੇਗਾ ਡਿਪੋਰਟ

ਸਰੀ, 24 ਮਈ 2025 : ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਦੇ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਨੂੰ ਦੋਸ਼ੀ ਪਾਇਆ ਗਿਆ ਹੈ ਮੁਲਜ਼ਮਾਂ ਦਾ ਨਾਮ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਹੈ। ਦੋਵਾਂ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਡਿਪੋਰਟ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਭਗ 1.3 ਕਿਲੋਮੀਟਰ ਤੱਕ ਘਸੀਟ ਕੇ ਲੈ ਗਏ ਅਤੇ ਫਿਰ ਉਸਦੀ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ ਸੀ। ਇਹ ਘਟਨਾ 27 ਜਨਵਰੀ, 2024 ਦੀ ਰਾਤ ਨੂੰ ਲਗਭਗ 1:38 ਵਜੇ ਵਾਪਰੀ ਸੀ। ਪੀੜਤ ਦੀ ਪਛਾਣ ਜੇਸਨ ਐਲਬਰਟ ਗ੍ਰੇ ਵਜੋਂ ਹੋਈ। ਗਗਨਪ੍ਰੀਤ ਸਿੰਘ ਨੇ 6 ਜਨਵਰੀ, 2025 ਨੂੰ ਅਤੇ ਜਗਦੀਪ ਸਿੰਘ ਨੇ 7 ਫਰਵਰੀ, 2025 ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਖ਼ਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਸਰੀਰ ਨਾਲ ਛੇੜਛਾੜ ਦੇ ਦੋਸ਼ਾਂ ਵਿੱਚ ਦੋਸ਼ੀ ਮੰਨਿਆ। ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ, ਜਿਸ ਵਿੱਚ ਗਗਨਪ੍ਰੀਤ ਨੂੰ ਤਿੰਨ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ, ਜਦੋਂ ਕਿ ਜਗਦੀਪ ਨੂੰ ਚਾਰ ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ। ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਦੋਵੇਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਦੇਸ਼ ਨਿਕਾਲਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ‘ਤੇ ਕੈਨੇਡਾ ਵਿੱਚ ਸਨ।