ਆਸਟ੍ਰੇਲੀਆ ‘ਚ ਭਾਰੀ ਮੀਂਹ, 4 ਲੋਕਾਂ ਦੀ ਹੋਈ ਮੌਤ, ਹਜ਼ਾਰਾਂ ਲੋਕ ਹੋਏ ਬੇਘਰ

ਆਸਟ੍ਰੇਲੀਆ, 24 ਮਈ 2025 : ਆਸਟ੍ਰੇਲੀਆ ਦੇ ਪੂਰਬੀ ਤੱਟਵਰਤੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਤਬਾਹੀ ਦਾ ਮੰਜ਼ਰ ਹੈ। ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਲਾਪਤਾ ਹੈ। ਹੜ੍ਹਾਂ ਅਤੇ ਭਾਰੀ ਮੀਂਹ ਕਾਰਨ 50 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਨੇ ਦਿਨ-ਰਾਤ ਬਿਨਾਂ ਬਿਜਲੀ ਦੇ ਬਿਤਾਏ। ਇਹ ਇਸ ਲਈ ਹੋਇਆ ਕਿਉਂਕਿ ਨਿਊ ਸਾਊਥ ਵੇਲਜ਼ ਵਿੱਚ ਕਈ ਦਿਨਾਂ ਤੋਂ ਭਾਰੀ ਮੀਂਹ ਕਾਰਨ ਹੜ੍ਹ ਆ ਗਏ। ਹਾਲਾਂਕਿ ਹੁਣ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਫਿਲਹਾਲ ਮੌਸਮ ਸਾਫ਼ ਹੋ ਗਿਆ ਹੈ, ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਨਿਊ ਸਾਊਥ ਵੇਲਜ਼ ਦੇ ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਅਨੁਮਾਨਤ 10,000 ਤੋਂ ਵੱਧ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਰਾਜ ਦੇ ਕੇਂਦਰੀ ਅਤੇ ਉੱਤਰੀ ਹਿੱਸਿਆਂ ਵਿੱਚ ਹਨ। ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸਟੋਫਰ ਮਿੰਸ ਨੇ ਸ਼ੁੱਕਰਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਮਿਨਸ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਵਲੰਟੀਅਰਾਂ ਨੇ 678 ਲੋਕਾਂ ਨੂੰ ਬਚਾਇਆ। ਮਿੰਸ ਨੇ ਕਿਹਾ ਕਿ ਜੇਕਰ ਇਹ ਵਲੰਟੀਅਰ ਨਾ ਹੁੰਦੇ, ਤਾਂ ਮਰਨ ਵਾਲਿਆਂ ਦੀ ਗਿਣਤੀ ਸੈਂਕੜੇ ਵਿੱਚ ਹੁੰਦੀ। ਮੌਸਮ ਸਾਫ਼ ਹੋਣ ਦੇ ਬਾਵਜੂਦ, ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਹੜ੍ਹਾਂ ਕਾਰਨ ਕਈ ਸੜਕਾਂ ਅਤੇ ਪੁਲ ਤਬਾਹ ਹੋ ਗਏ ਹਨ।