ਬਹੁਤ ਪੁਰਾਣੀ ਗੱਲ ਹੈ। ਕਿਸੇ ਥਾਂ ਇੱਕ ਭਲਾ ਆਦਮੀ ਰਹਿੰਦਾ ਸੀ ਜੋ ਸਭਨਾਂ ਨਾਲ ਬੜਾ ਪਿਆਰ ਕਰਦਾ ਸੀ ਅਤੇ ਉਸ ਦੇ ਹਿਰਦੇ ਵਿੱਚ ਜੀਵਾਂ ਦੇ ਲਈ ਬੇਹੱਦ ਹਮਦਰਦੀ ਸੀ। ਉਸ ਦੇ ਗੁਣਾਂ ਤੋਂ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਸ ਦੇ ਕੋਲ ਆਪਣਾ ਦੂਤ ਘੱਲਿਆ।
ਦੂਤ ਨੇ ਭਲੇ ਆਦਮੀ ਕੋਲ ਆ ਕੇ ਕਿਹਾ, ''ਪ੍ਰਮਾਤਮਾ ਨੇ ਮੈਨੂੰ ਤੁਹਾਡੇ ਕੋਲ ਇਹ ਕਹਿਣ ਦੇ ਲਈ ਘੱਲਿਆ ਹੈ ਕਿ ਉਹ ਤੁਹਾਡੇ ਤੋਂ ਬੜਾ ਪ੍ਰਸੰਨ ਹੈ ਅਤੇ ਤੁਹਾਨੂੰ ਕੋਈ ਦਿਵਿਆ ਸ਼ਕਤੀ ਦੇਣਾ ਚਾਹੁੰਦਾ ਹੈ। ਕੀ ਤੁਸੀਂ ਲੋਕਾਂ ਨੂੰ ਰੋਗਮੁਕਤ ਕਰਨ ਦੀ ਸ਼ਕਤੀ ਪ੍ਰਾਪਤ ਕਰਨਾ ਚਾਹੋਗੇ?''
''ਬਿਲਕੁਲ ਨਹੀਂ, ਮੈਂ ਇਹ ਚਾਹਾਂਗਾ ਕਿ ਪ੍ਰਮਾਤਮਾ ਖ਼ੁਦ ਇਸ ਗੱਲ ਦਾ ਨਿਰਣਾ ਕਰੇ ਕਿ ਕਿਸ ਨੂੰ ਰੋਗ-ਮੁਕਤ ਕੀਤਾ ਜਾਵੇ।'' ਭਲੇ ਆਦਮੀ ਨੇ ਕਿਹਾ।
ਫਿਰ ਦੂਤ ਬੋਲਿਆ,''…ਤਾਂ ਫਿਰ ਤੁਸੀਂ ਪਾਪੀਆਂ ਨੂੰ ਸਦਮਾਰਗ 'ਤੇ ਲਿਆਉਣ ਦੀ ਸ਼ਕਤੀ ਗ੍ਰਹਿਣ ਕਰ ਲਵੋ।''
''ਇਹ ਤਾਂ ਤੁਹਾਡੇ ਜਿਹੇ ਦੇਵ ਦੂਤਾਂ ਦਾ ਕੰਮ ਹੈ। ਮੈਂ ਨਹੀਂ ਚਾਹੁੰਦਾ ਕਿ ਲੋਕ ਮਸੀਹਾ ਜਾਣ ਕੇ ਮੇਰਾ ਸਤਿਕਾਰ ਕਰਨ ਜਾਂ ਮੈਨੂੰ ਇਵੇਂ ਹੀ ਮੂਰਤੀ ਸਥਾਪਤ ਕਰ ਦਿੱਤਾ ਜਾਵੇ।'' ਭਲੇ ਆਦਮੀ ਨੇ ਕਿਹਾ।
''ਤੁਸੀਂ ਤਾਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਹੈ।'' ਦੇਵਦੂਤ ਨੇ ਭਲੇ ਆਦਮੀ ਨੂੰ ਕਿਹਾ। ਮੈਂ ਤੁਹਾਨੂੰ ਕੋਈ ਸ਼ਕਤੀ ਦਿੱਤੇ ਬਿਨਾਂ ਸਵਰਗ ਵਾਪਸ ਨਹੀਂ ਜਾ ਸਕਦਾ। ਜੇਕਰ ਤੁਸੀਂ ਕੋਈ ਸ਼ਕਤੀ ਨਹੀਂ ਲੈਣਾ ਚਾਹੋਗੇ ਤਾਂ ਮਜਬੂਰ ਹੋ ਕੇ ਮੈਨੂੰ ਤੁਹਾਡੇ ਲਈ ਕੁਝ ਚੁਣਨਾ ਪਵੇਗਾ।
ਭਲੇ ਆਦਮੀ ਨੇ ਕੁਝ ਪਲਾਂ ਦੇ ਲਈ ਸੋਚਿਆ ਅਤੇ ਫਿਰ ਕਿਹਾ, ''ਠੀਕ ਹੈ ਜੇਕਰ ਇਹੋ ਜਿਹਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਪ੍ਰਮਾਤਮਾ ਮੇਰੇ ਕੋਲ ਜਿਹੜੇ ਵੀ ਸ਼ੁਭ ਕਾਰਜ ਕਰਵਾਉਣਾ ਚਾਹੁੰਦਾ ਹੈ ਉਹ ਖ਼ੁਦ ਵਾਪਰਦੇ ਰਹਿਣ, ਪਰ ਉਸ ਵਿੱਚ ਮੇਰਾ ਹੱਥ ਹੋਣ ਦਾ ਕਿਸੇ ਨੂੰ ਵੀ ਪਤਾ ਨਾ ਲੱਗੇ, ਮੈਨੂੰ ਵੀ ਨਹੀਂ ਤਾਂ ਕਿ ਖ਼ੁਦ ਨੂੰ ਇਹੋ-ਜਿਹੀ ਸਮਰੱਥਾ ਨਾਲ ਭਰਪੂਰ ਜਾਣ ਕੇ ਮੇਰੇ ਵਿੱਚ ਕਦੀ ਹੰਕਾਰ ਨਾ ਜਨਮੇ।''
''ਇਹੋ ਜਿਹਾ ਹੀ ਹੋਵੇਗਾ'' ਦੇਵਦੂਤ ਨੇ ਕਿਹਾ। ਉਸ ਨੇ ਭਲੇ ਆਦਮੀ ਦੇ ਪ੍ਰਛਾਵੇਂ ਨੂੰ ਰੋਗਮੁਕਤ ਕਰਨ ਦੀ ਦਿਵਿਆ ਸ਼ਕਤੀ ਨਾਲ ਸੰਪੂਰਨ ਕਰ ਦਿੱਤਾ ਪਰ ਉਨੇ ਸਮੇਂ ਦੇ ਲਈ ਜਦ ਉਸ ਦੇ ਚਿਹਰੇ 'ਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਹੋਣ। ਇਸ ਪ੍ਰਕਾਰ ਉਹ ਭਲਾ ਆਦਮੀ ਜਿੱਥੇ ਕਿਤੇ ਵੀ ਗਿਆ ਉੱਥੇ ਲੋਕ ਰੋਗਮੁਕਤ ਹੋ ਗਏ। ਬੰਜਰ ਧਰਤੀ ਵਿੱਚ ਫੁੱਲ ਖਿੜ੍ਹ ਪਏ ਅਤੇ ਦੁਖੀਆਂ ਦੇ ਜੀਵਨ ਵਿੱਚ ਬਸੰਤ ਆ ਗਿਆ।
ਆਪਣੀਆਂ ਸ਼ਕਤੀਆਂ ਤੋਂ ਅਣਜਾਣ ਉਹ ਭਲਾ ਆਦਮੀ ਸਾਲਾਂ ਤਕ ਦੂਰ ਦੇਸ਼ਾਂ ਦੀਆਂ ਯਾਤਰਾਵਾਂ ਕਰਦਾ ਰਿਹਾ ਅਤੇ ਉਸ ਦਾ ਪ੍ਰਛਾਵਾਂ ਪ੍ਰਮਾਤਮਾ ਦੀ ਇੱਛਾ ਨੂੰ ਪੂਰਾ ਕਰਦਾ ਰਿਹਾ। ਉਸ ਨੂੰ ਜ਼ਿੰਦਗੀ ਭਰ ਇਸ ਦਾ ਅਹਿਸਾਸ ਨਹੀਂ ਹੋਇਆ ਕਿ ਉਹ ਪ੍ਰਮਾਤਮਾ ਦੇ ਕਿੰਨਾ ਨੇੜੇ ਸੀ।
-(ਨਿਰਮਲ ਪ੍ਰੇਮੀ)