ਕਲਮ ਦਾ ਫੱਟ ਹੁੰਦਾ ਤਲਵਾਰ ਤੋਂ ਡੂੰਘਾ
ਜੇਕਰ ਕਲਮ ਸੱਚ ਲਿਖਣਾ ਜਾਣਦੀ ਏ
ਕਲਮ ਵਿਕਾਊ ਹੋ ਕੇ ਲਿਖੇ ਜਿਹੜੀ
ਫਿਰ ਉਹ ਝੂਠ ਦੇ ਰੰਗਾਂ ਨੂੰ ਮਾਣਦੀ ਏ।
ਕਲਮ ਸਿਰ ਕਟਵਾਕੇ ਫਿਰ ਕਲਮ ਬਣੇ
ਜਿਵੇਂ ਸ਼ਹੀਦਾ ਨੇ ਸੀਸ ਕਟਵਾਇਆ ਏ
ਕਲਮ ਕਿਉਂ ਨਾ ਸ਼ਹਾਦਤਾ ਨੂੰ ਸੱਚ ਲਿਖੇ
ਹਿੰਦ ਚਾਦਰ ਬਣ ਧਰਮ ਬਚਾਇਆ ਏ।
ਕਲਮ ਲਿਖਦੀ ਜਦੋਂ ਰੰਗ ਜ਼ਿੰਦਗੀ ਦੇ
ਜੋਬਨ ਰੰਗਾਂ ਨੂੰ ਸੋਹਣਾ ਬਿਆਨ ਕਰਦੀ ਏ
ਗੂੜੀਆਂ ਪ੍ਰੀਤਾਂ ਪੈਣ ਜਦੋਂ ਸੱਜਣਾ ਨਾਲ
ਸੁੰਨੇ ਥਾਵਾਂ ਤੇ ਮਿਲਣ ਦੀ ਹਾਮੀ ਭਰਦੀ ਏ।
ਗੀਤ ਘੋੜੀਆਂ ਬੋਲੀਆਂ ਸੁਹਾਗ ਟੱਪੇ
ਸਿਆਸਤ ਰਿਸ਼ਵਤ ਨਸ਼ੇ ਨੂੰ ਲਿਖਦੀ ਏ
ਸਮੇਂ ਦੀ ਹਿੱਕ ਤੇ ਸਵਾਰ ਹੋਕੇ ਸੱਚ ਲਿਖੇ
ਜਿਹੜੀ ਅੱਖਾਂ ਦੇ ਮੂਹਰੇ ਗੱਲ ਦਿਸਦੀ ਏ।
ਨਾਮ ਰੰਗ ਨੂੰ ਜਦੋਂ ਲਿਖਣ ਲੱਗੇ ਕਲਮ
ਸੋਹਣੇ ਸ਼ਬਦਾ ਨਾਲ ਬਿਆਨ ਕਰਦੀ ਏ
ਅਧਿਆਤਮਕ ਵਿਸ਼ਿਆ ਨੂੰ ਜਦੋ ਸ਼ੋਹੇ
ਪਹਿਲਾਂ ਉਸ ਰੱਬ ਦਾ ਧਿਆਨ ਧਰਦੀ ਏ।