ਗਜ਼ਲ

ਸਦਾ ਲਗਦੀ ਏ ਚੰਗੀ ਸਾਨੂੰ ਪਿਆਰਿਆਂ ਦੀ ਗੱਲ।
ਜਦੋਂ ਕਰਦੇ ਉਹ ਅਜਬ ਨਜਾਰਿਆਂ ਦੀ ਗੱਲ।

ਹੁੰਦੀ ਕਾਬਲੇ ਤਾਰੀਫ ਉਸ ਨਦੀ ਦੀ ਹੈ ਚਾਲ,
ਜਿਹੜੀ ਮੰਨ ਕੇ ਹੈ ਚਲਦੀ ਕਿਨਾਰਿਆਂ ਦੀ ਗੱਲ।

ਜਿਹਨਾਂ ਸਿਖੀ ਤਰਕੀਬ ਕਿੱਦਾਂ ਜਿੰਦਗੀ ਬਿਤਾਉਣੀ,
ਕਦੇ ਮਨਦੇ ਨਾ ਬੰਦਿਆਂ ਹੰਕਾਰਿਆਂ ਦੀ ਗੱਲ।

ਜਿਹੜੇ ਆਸਾਵਾਦੀ ਹੋਣ, ਕਦੇ ਨੇਰ੍ਹੇ ‘ਚ ਨਾ ਰੋਣ,
ਰਹਿਣ ਕਰਦੇ ਉਹ ਚਾਨਣ ਮਨਾਰਿਆਂ ਦੀ ਗੱਲ।

ਸਾਦਾ ਰਹਿਣ ਸਹਿਣ, ਸਾਦੇ ਰਸਮੋ ਰਿਵਾਜ ਸਾਰੇ,
ਖੁੱਲ੍ਹੇ ਮੰਡਲਾਂ ‘ਚ ਰਹਿੰਦੇ ਵਣਜਾਰਿਆਂ ਦੀ ਗੱਲ।

ਅੱਜ ਕੋਈ ਕਰੇ ਨਾ ਅਲੋਪ ਹੋਈ ਜਾਂਦੀ ਕਾਹਤੋਂ,
ਕੱਚੇ ਕੋਠੇ, ਛੰਨਾਂ ਅਤੇ ਢਾਰਿਆਂ ਦੀ ਗੱਲ।

ਵਾਘੇ ਪਾਰ ‘ਲਾਂਬੜਾ’ ਪੰਜਾਬੀਆਂ ਦੇ ਗੀਤਾਂ ਵਿਚ
ਹੁੰਦੀ ਰਹਿੰਦੀ ਹੁੱਲੇ ਤੇ ਹੁਲਾਰਿਆਂ ਦੀ ਗੱਲ।