ਗਜ਼ਲ

ਮਹਿਫਲ ਵਿਚ ਆਏ ਹੋ ਕੁਝ ਬੋਲ ਸੁਣਾ ਦਿਉ।
ਬੀਤੇ ਦੀ ਯਾਦਾਂ ਵਾਲੀ ਤਾਰ ਹਿਲਾ ਦਿਉ।

ਲਾਵੋ ਅਜਿਹੀ ਸੁਰ ਖੁਸ਼ ਹੋ ਜਾਵਣ ਸਾਰੇ,
ਗਮ ਪੀੜਾਂ ਦੁੱਖਾਂ ਤਾਈਂ ਦੂਰ ਭਜਾ ਦਿਉ।

ਔੜ ਚ ਸੜਦੇ ਇੰਨਾਂ ਬਿਰਖਾਂ ਦੇ ਤਾਂਈ,
ਪਾਣੀ ਦੀਆਂ ਬੂੰਦਾਂ ਪਾ ਟਹਿਕਣ ਲਾ ਦਿਉ।

ਹੋਏ ਬੇ-ਚੈਨ ਦੱਸੋ ਤੁਸੀਂ ਕਿਸ ਗੱਲੋਂ,
ਭੇਦ ਲਕੋਏ ਜੋ ਦਿਲ ਵਿਚ ਅੱਜ ਬਤਾ ਦਿਉ।

ਖੁਸ਼ਬੋ ਸਾਹਾਂ ਦੀ ਫਿੱਜਾ ਵਿਚ ਖਿੰਡਾ ਕੇ,
ਰੁੱਤ ਖਿਜਾਂ ਦੀ ਤਾਈ' ਵੀ ਮਹਿਕਣ ਲਾ ਦਿਉ।

ਇਹ ਪੱਥਰ ਤਰਸ ਰਹੇ ਜਿੰਨਾਂ ਪੈੜਾਂ ਨੂੰ,
ਆ ਚਰਨ ਮੁਬਾਰਕ ਇੰਨਾਂ ਉਪਰ ਟਿਕਾ ਦਿਉ।

ਹੋ ਜਾਈਏ ਸਰਸਾਰ ਹੁਸਨ ਅਸੀ ਵੇਖ,
ਘੁੰਡ ਉਠਾ ਕੇ ਜਲਵਾ ਏ ਨੂਰ ਵਿਖਾ ਦਿਉ।

ਹੋ ਜਾਵੇ ਰੰਗੀਨ ਮਹਿਫਲ ਫਿਰ ਦੁਵਾਰਾ,
ਭੁੱਲ ਗਮਾਂ ਨੂੰ ਫਿਰ ਤੋਂ ਗੀਤ ਉਹੀ ਗਾ ਦਿਉ।

ਹੋਜੇ ਚਾਨਣ ਸਿੱਧੂ ਫਿਰ ਨ੍ਹੇਰੇ ਘਰ ਵਿਚ,
ਦੀਪਾਂ ਵਿਚ ਆਸਾਂ ਦਾ ਪਾ ਤੇਲ ਜਗਾ ਦਿਉ।