ਅਲਿਫ਼ ਲੈਲਾ
ਪੁਰਾਣੇ ਸਮੇਂ ਖ਼ੁਰਾਸਾਨ ਵਿਚ ਇਕ ਬੁੱਢਾ ਸੌਦਾਗਰ ਰਹਿੰਦਾ ਸੀ । ਉਸਦਾ ਇਕੋ ਇਕ ਲੜਕਾ ਸੀ ਜਿਸ ਦਾ ਨਾਂ ਅਲੀਸ਼ੇਰ ਸੀ । ਇਕ ਦਿਨ ਉਸ ਸੌਦਾਗਰ ਨੇ ਅਲੀਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ, "ਵੇਖ, ਬੇਟਾ, ਹੁਣ ਮੈਂ ਬੁਢਾ ਹੋ ਗਿਆਂ, ਪਤਾ ਨਹੀਂ ਕਿਸ ਵੇਲੇ ਚਲ ਬਸਾਂ ! ਮੈਂ ਮਰਨ ਤੋਂ ਪਹਿਲਾਂ ਤੇਰੇ ਭਲੇ ਲਈ ਤੈਨੂੰ ਦੋ ਚਾਰ ਗੱਲਾਂ ਦੱਸ ਜਾਣਾ ਚਾਹੁੰਦਾ ਆਂ :
“ਇਕ ਤਾਂ ਇਹ ਯਾਦ ਰਖੀਂ ਕਿ ਬੁਰੇ ਲੋਕ ਭਲਿਆਂ ਵਿਰੁਧ ਸਦਾ ਸਾਜ਼ਸ਼ਾਂ ਘੜਦੇ ਰਹਿੰਦੇ ਨੇ ।
ਦੂਜਾ, ਇਕ ਸੱਚਾ ਮਿੱਤਰ ਜੋ ਖਰੀ ਖਰੀ ਕਹਿ ਸੁਣਾਏ ਚਾਪਲੂਸਾਂ ਨਾਲੋਂ ਹਜ਼ਾਰ ਦਰਜੇ ਚੰਗਾ ਹੁੰਦਾ ਏ ।
ਤੀਜਾ, ਸਦਾ ਨੇਕੀ ਕਰਨ ਦੀ ਕੋਸ਼ਿਸ਼ ਕਰੀਂ ਪਰ ਨੇਕੀ ਕਰ ਕੇ ਉਹਨੂੰ ਭੁਲਾ ਦਈਂ। ਨੇਕੀ ਕਰ ਕੇ ਜਿਤਾਉਣਾ ਜਾਂ ਉਹਦਾ ਸਿਲਾ ਮੰਗਣਾ । ਨੇਕੀ ਨੂੰ ਖੂਹ ਵਿਚ ਪਾਉਣ ਦੇ ਬਰਾਬਰ ਏ ।
ਚੌਥੇ, ਉਹਨਾਂ ਲੋਕਾਂ ਦੀ ਨੇਕ ਸਲਾਹ, ਜੋ ਤੈਥੋਂ ਜ਼ਿਆਦਾ ਤਜਰਬਾ ਰਖਦੇ ਨੇ, ਬੜੇ ਧਿਆਨ ਨਾਲ ਸੁਣੀਂ । ਕਿਸੇ ਦੀ ਨੇਕ ਸਲਾਹ ਨੂੰ ਸੁਣਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ । ਇਕ ਆਦਮੀ ਦੋਵੇਂ ਪੱਖ ਨਹੀਂ ਵੇਖ ਸਕਦਾ ।
ਪੰਜਵੇਂ, ਜੋ ਦੌਲਤ ਮੈਂ ਤੇਰੇ ਲਈ ਪਿੱਛੇ ਛੱਡ ਚਲਿਆ ਆਂ ਉਹਨੂੰ ਬੜੇ ਧਿਆਨ ਨਾਲ ਵਰਤੀਂ ਕਿਉਂ ਕਿ ਉਹ ਮੈਂ ਬੜੀ ਮਿਹਨਤ ਨਾਲ ਕਮਾਈ ਏ ।
ਛੇਵੇਂ, ਸ਼ਰਾਬ ਤੋਂ ਬਚੀਂ। ਇਹ ਮਨੁੱਖ ਦੀ ਮੱਤ ਮਾਰ ਦਿੰਦੀ ਏ ।”
ਕੁਝ ਦਿਨਾਂ ਪਿਛੋਂ ਸੌਦਾਗਰ ਚਲਾਣਾ ਕਰ ਗਿਆ । ਅਲੀਸ਼ੇਰ ਨੂੰ ਆਪਣੇ ਪਿਤਾ ਦੇ ਵਿਛੋੜੇ ਦਾ ਬੜਾ ਦੁਖ ਹੋਇਆ। ਇਧਰੋਂ ਥੋੜ੍ਹੇ ਚਿਰ ਪਿਛੋਂ ਉਹਦੀ ਮਾਤਾ ਵੀ ਚਲਾਣਾ ਕਰ ਗਈ । ਅਲੀਸ਼ੇਰ ਹੁਣ ਦੁਨੀਆਂ ਵਿਚ ਇਕੱਲਾ ਹੀ ਰਹਿ ਗਿਆ ਕਿਉਂਕਿ ਉਹਦਾ ਹੋਰ ਕੋਈ ਭੈਣ ਭਰਾ ਜਾਂ ਸਾਕ ਅੰਗ ਨਹੀਂ ਸੀ।
ਦੋ ਚਾਰ ਸਾਲ ਤਾਂ ਉਹ ਆਪਣਾ ਕਾਰੋਬਾਰ ਬੜਾ ਦਿਲ ਲਾ ਕੇ ਕਰਦਾ ਰਿਹਾ, ਪਰ ਹੌਲੀ ਹੌਲੀ ਉਹ ਬੁਰਿਆਂ ਦੀ ਸੰਗਤ ਵਿਚ ਪੈ ਗਿਆ । ਉਹਨੂੰ ਸ਼ਰਾਬ ਪੀਣ ਦੀ ਵਾਦੀ ਪੈ ਗਈ ਅਤੇ ਉਹ ਆਪਣਾ ਪੈਸਾ ਪਾਣੀ ਵਾਂਙੂੰ ਰੁੜ੍ਹਾਉਣ ਲਗ ਪਿਆ । ਥੋੜੇ੍ਹ ਚਿਰ ਵਿਚ ਹੀ ਉਹ ਬਿਲਕੁਲ ਕੰਗਾਲ ਹੋ ਗਿਆ । ਉਹਦੇ ਸਾਰੇ ਸਾਥੀ ਉਹਦਾ ਸਾਥ ਛੱਡ ਗਏ ।
ਹੁਣ ਉਹਨੂੰ ਆਪਣੇ ਪਿਤਾ ਦੀ ਸਿੱਖਿਆ ਯਾਦ ਆਈ ਅਤੇ ਉਹਨੂੰ ਪਤਾ ਲਗਾ ਕਿ ਉਹਨੇ ਕਿੱਡੀ ਵੱਡੀ ਮੂਰਖਤਾ ਕੀਤੀ ਹੈ !
ਇਕ ਦਿਨ ਅਲੀਸ਼ੇਰ ਪਾਸ ਖਾਣ ਲਈ ਵੀ ਕੁਝ ਨਹੀਂ ਸੀ । ਇਸ ਲਈ ਉਹ ਮੰਗਣ ਲਈ ਮੰਡੀ ਵਲ ਤੁਰ ਪਿਆ । ਮੰਡੀ ਵਿਚ ਬੜੀ ਭੀੜ ਲਗੀ ਹੋਈ ਸੀ। ਉਹਨੇ ਕੋਲ ਜਾ ਕੇ ਵੇਖਿਆ ਤਾਂ ਉਹਨੂੰ ਪਤਾ ਲੱਗਾ ਕਿ ਇਕ ਸੁੰਦਰ ਗੁਲਾਮ ਔਰਤ ਦੀ ਨੀਲਾਮੀ ਬੋਲੀ ਜਾ ਰਹੀ ਹੈ ।
ਅਲੀਸ਼ੇਰ ਨੇ ਜਦ ਉਸ ਗੁਲਾਮ ਸੁੰਦਰੀ ਦੀ ਮਨਮੋਹਣੀ ਸ਼ਕਲ ਵੇਖੀ ਤਾਂ ਉਹ ਬੁੱਤ ਬਣ ਕੇ ਉਹਨੂੰ ਵੇਖਣ ਲਗ ਪਿਆ । ਬਾਕੀ ਵਪਾਰੀਆਂ ਨੇ ਸਮਝਿਆ ਕਿ ਅਲੀਸ਼ੇਰ ਉਹਨੂੰ ਖ਼ਰੀਦਣਾ ਚਾਹੁੰਦਾ ਹੈ । ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਤਾਂ ਰੋਟੀ ਤੋਂ ਵੀ ਆਤਰ ਹੈ ।
ਨੀਲਾਮੀ ਕਰਨ ਵਾਲਾ ਕਹਿਣ ਲੱਗਾ, 'ਇਹ ਸੁੰਦਰੀ ਅਪੱਛਰਾਂ ਨੂੰ ਵੀ ਮਾਤ ਪਾ ਰਹੀ ਏ ! ਜੇ ਇਹਦੇ ਗੁਣਾਂ ਵਲੋਂ ਦੱਸਾਂ ਤਾਂ ਹੈਰਾਨ ਰਹਿ ਜਾਓਗੇ । ਇਹ ਰੇਸ਼ਮ ਦੇ ਕਪੜੇ ਬੁਣ ਸਕਦੀ ਏ । ਕਵਿਤਾ ਲਿਖ ਸਕਦੀ ਏ । ਗਾਉਣ ਵਿਚ ਬੁਲਬੁਲ ਨੂੰ ਵੀ ਮਾਤ ਪਾ ਦਿੰਦੀ ਏ ।”
ਨੀਲਾਮੀ ਸ਼ੁਰੂ ਹੋ ਗਈ । ਹੌਲੀ ਹੌਲੀ ਬੋਲੀ ਚੜ੍ਹਦੀ ਗਈ । ਆਖ਼ਰ ਸੌ ਅਸ਼ਰਫ਼ੀਆਂ ਤੇ ਆ ਕੇ ਰੁਕ ਗਈ।
ਇਹ ਵੇਖ ਕੇ ਨੀਲਾਮੀ ਬੋਲਣ ਵਾਲਾ ਕਹਿਣ ਲੱਗਾ, 'ਇਹਦਾ ਨਾਂ ਜ਼ਮੁਰਦ ਹੈ-ਜ਼ਹਿਰ ਮੁਹਰੇ ਰੰਗ ਦਾ ਹੀਰਾ । ਇਹ ਇਕ ਨਹੀਂ ਹਜ਼ਾਰਾਂ ਹੀਰਿਆਂ ਦੇ ਤੁੱਲ ਏ । ਇਹਦੇ ਹੱਥ ਦਾ ਕਢਿਆ ਪੜਦਾ ਸੌ ਸੌ ਅਸ਼ਰਫ਼ੀਆਂ ਨੂੰ ਵਿਕਦਾ ਏ । ... ... ਆਓ, ਫੇਰ ਇਹ ਮੌਕਾ ਹੱਥ ਨਹੀਂ ਲਗਣਾ । ਆਓ ਵਧਾਓ ਬੋਲੀ... ।'
ਉਸ ਗੁਲਾਮ ਦੇ ਵਪਾਰੀ ਨੇ ਦਲਾਲ ਨੂੰ ਹੌਲੀ ਜਿਹੀ ਕਿਹਾ, "ਇਹਨੂੰ ਵੀ ਪੁੱਛ ਲਓ ਇਹ ਕਿਸ ਸੌਦਾਗਰ ਕੋਲ ਵਿਕਣਾ ਚਾਹੁੰਦੀ ਏ ।”
“ਕਿਉਂ ਜਨਾਬ !'' ਉਹਨੇ ਅਲੀਸ਼ੇਰ ਵਲ ਮੂੰਹ ਕਰ ਕੇ ਕਿਹਾ “ਤੁਸ ਬੋਲੀ ਦੇਣੀ ਪਸੰਦ ਕਰੋਗੇ ?”
ਅਲੀਸ਼ੇਰ ਨੇ ਅਗੋਂ ਸਿਰ ਹਿਲਾ ਦਿਤਾ । ਉਹਨੇ ਆਪਣੇ ਮਨ ਵਿਚ ਕਿਹਾ, ਘਰ ਖਾਣ ਨੂੰ ਰੋਟੀ ਤਕ ਨਹੀਂ ਤੇ ਇਹਨੂੰ ਮੈਂ ਕਿਵੇਂ ਮੁਲ ਲੈ ਸਕਦਾ ਆਂ । ਪਰ ਮੈਂ ਕਾਹਨੂੰ ਆਪਣਾ ਪਾਜ ਖੋਲ੍ਹਾਂ । ਮੈਂ ਹਾਂ, ਨਾਂਹ ਕਰਦਾ ਈ ਨਹੀਂ।
ਪਰ ਜ਼ਮੁਰਦ ਨੇ ਅਲੀਸ਼ੇਰ ਨੂੰ ਵੇਖ ਲਿਆ ਸੀ । ਉਹ ਫ਼ੌਰਨ ਤਾੜ ਗਈ ਸੀ ਕਿ ਇਹ ਨੇਕ ਆਦਮੀ ਹੈ ਅਤੇ ਜ਼ਰੂਰ ਉਹਦਾ ਖ਼ਿਆਲ ਰਖੇਗਾ । ਉਹਨੇ ਅਲੀਸ਼ੇਰ ਨੂੰ ਨੇੜੇ ਹੋ ਕੇ ਕਿਹਾ, “ਜੇ ਤੂੰ ਮੈਨੂੰ ਖਰੀਦ ਲਵੇਂ ਤਾਂ ਤੇਰੀ ਕਿਸਮਤ ਖੁਲ੍ਹ ਜਾਏਗੀ !''
ਉਹਨੇ ਉੱਤਰ ਦਿੱਤਾ, “ਮੇਰੇ ਕੋਲ ਏਨੀ ਰਕਮ ਕਿਥੇ ਕਿ ਮੈਂ ਤੈਨੂੰ ਖ਼ਰੀਦ ਸਕਾਂ ! ਮੇਰੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ।”
ਜ਼ਮੁਰਦ ਨੇ ਉਹਦੇ ਹੱਥ ਵਿਚ ਚੋਰੀ ਚੋਰੀ ਇਕ ਥੈਲੀ ਫੜਾਉਂਦਿਆਂ ਹੋਇਆਂ ਕਿਹਾ, “ਇਹ ਲੈ ਤੇ ਨੌ ਸੌ ਅਸ਼ਰਫ਼ੀਆਂ ਬੋਲੀ ਦੇ ਦੇ !''
ਅਲੀਸ਼ੇਰ ਨੇ ਇਸੇ ਤਰ੍ਹਾਂ ਕੀਤਾ ! ਉਹਦੀ ਬੋਲੀ ਸਭ ਤੋਂ ਵੱਧ ਸੀ । ਇਸ ਲਈ ਜ਼ਮੁਰਦ ਉਹਦੇ ਹਵਾਲੇ ਕੀਤੀ ਗਈ ।
ਉਹ ਜ਼ਮੁਰਦ ਨੂੰ ਆਪਣੇ ਘਰ ਲੈ ਗਿਆ । ਜ਼ਮੁਰਦ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਇਹੋ ਜਿਹਾ ਭਾਂ ਭਾਂ ਕਰਦਾ ਘਰ ਕਦੀ ਨਹੀਂ ਸੀ ਵੇਖਿਆ । ਉਹਨੇ ਕਢਾਈ ਦੇ ਕੰਮ ਤੋਂ ਕੁਝ ਰਕਮ ਬਚਾਈ ਹੋਈ ਸੀ। ਉਹਨੇ ਆਪਣੀ ਥੈਲੀ ਵਿਚੋਂ ਕੁਝ ਹੋਰ ਪੈਸੇ ਕਢ ਕੇ ਅਲੀਸ਼ੇਰ ਨੂੰ ਦਿੱਤੇ ਅਤੇ ਕਿਹਾ, “ਜਾਹ ਬਜ਼ਾਰੋਂ ਕੁਝ ਖਾਣ ਪੀਣ ਦੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਲੈ ਆ।''
ਥੋੜ੍ਹੇ ਦਿਨਾਂ ਵਿਚ ਹੀ ਜ਼ਮੁਰਦ ਨੇ ਇਸ ਬੇਆਬਾਦ ਘਰ ਨੂੰ ਮੁੜ ਆਬਾਦ ਕਰ ਦਿਤਾ। ਦੋਹਾਂ ਵਿਚ ਇਤਨਾ ਪਿਆਰ ਪੈ ਗਿਆ ਕਿ ਉਹਨਾਂ ਨੇ ਆਪਸ ਵਿਚ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ ।
ਇਕ ਦਿਨ ਜ਼ਮੁਰਦ ਨੇ ਅਲੀਸ਼ੇਰ ਨੂੰ ਬਾਜ਼ਾਰੋਂ ਇਕ ਪੜਦੇ ਲਈ ਦਮਸ਼ਕ ਦਾ ਰੇਸ਼ਮ ਅਤੇ ਕਢਾਈ ਲਈ ਸੂਈਆਂ ਅਤੇ ਸੁਨਹਿਰੀ ਧਾਗਾ ਲਿਆਉਣ ਲਈ ਕਿਹਾ। ਜਦ ਸਭ ਸਾਮਾਨ ਆ ਗਿਆ ਤਾਂ ਜ਼ਮੁਰਦ ਨੇ ਉਸ ਤੇ ਫੁਲ ਪੱਤਿਆਂ ਦਾ ਇਕ ਬਹੁਤ ਸੁੰਦਰ ਨਮੂਨਾ ਕੱਢਿਆ । ਅੱਠਾਂ ਦਿਨਾਂ ਵਿਚ ਜਦ ਪੜਦਾ ਮੁਕੰਮਲ ਹੋ ਗਿਆ ਤਾਂ ਜ਼ਮੁਰਦ ਨੇ ਅਲੀਸ਼ੇਰ ਨੂੰ ਕਿਹਾ, “ਜਾਉ, ਇਹਨੂੰ ਬਾਜ਼ਾਰ ਵਿਚ ਲੈ ਜਾਉ ! ਪੰਜਾਹ ਅਸ਼ਰਫੀਆਂ ਤੋਂ ਘਟ ਤੇ ਨ ਵੇਚਣਾ । ਇਹ ਵੀ ਖ਼ਿਆਲ ਰੱਖਣਾ ਕਿ ਇਹ ਕੇਵਲ ਵਾਕਫ਼ਕਾਰਾਂ ਕੋਲ ਈ ਵੇਚਣਾ ।
ਅਲੀਸ਼ੇਰ ਨੇ ਉਹ ਪੜਦਾ ਆਪਣੇ ਇਕ ਵਾਕਫ਼ ਕੋਲ ਪੰਜਾਹ ਅਸ਼ਰਫ਼ੀਆਂ ਨੂੰ ਵੇਚ ਦਿੱਤਾ ।
ਇਸ ਤਰਾਂ ਜ਼ਮੁਰਦ ਅੱਠਾਂ ਦਿਨਾਂ ਵਿਚ ਇਕ ਸੁੰਦਰ ਪੜਦਾ ਕਢ ਲੈਂਦੀ ਅਤੇ ਅਲੀਸ਼ੇਰ ਉਹਨੂੰ ਕਿਸੇ ਵਾਕਫ਼ ਦੇ ਹੱਥ ਪੰਜਾਹ ਅਸ਼ਰਫ਼ੀਆਂ ਤੇ ਵੇਚ ਦਿੰਦਾ। ਇਸ ਤਰ੍ਹਾਂ ਉਹ ਜਲਦੀ ਹੀ ਅਮੀਰ ਹੋ ਗਏ !
ਇਕ ਦਿਨ ਬਜ਼ਾਰ ਵਿਚ ਇਕ ਅਜਨਬੀ ਉਹਦੇ ਮਗਰ ਲਗ ਗਿਆ । ਉਹਨੇ ਪੜਦੇ ਲਈ ਸੱਠ ਅਸ਼ਰਫੀਆਂ ਪੇਸ਼ ਕੀਤੀਆਂ । ਅਲੀਸ਼ੇਰ ਨੂੰ ਜ਼ਮੁਰਦ ਦੀ ਗੱਲ ਯਾਦ ਸੀ । ਇਸ ਲਈ ਉਹਨੇ ਪੜਦਾ ਉਸ ਅਜਨਬੀ ਦੇ ਹੱਥ ਵੇਚਣੋਂ ਨਾਂਹ ਕਰ ਦਿੱਤੀ । ਇਸ ਤੋਂ ਅਜਨਬੀ ਨੇ ਸੌ ਅਸ਼ਰਫ਼ੀਆਂ ਦੇਣੀਆਂ ਕੀਤੀਆਂ । ਲਾਲਚ ਵਿਚ ਆ ਕੇ ਅਲੀਸ਼ੇਰ ਨੇ ਪੜਦਾ ਉਹਦੇ ਹੱਥ ਵੇਚ ਦਿੱਤਾ । ਪੈਸੇ ਲੈ ਕੇ ਉਹ ਘਰ ਵਲ ਤੁਰ ਪਿਆ । ਅਲੀਸ਼ੇਰ ਨੂੰ ਝੌਲਾ ਜਿਹਾ ਪਿਆ ਕਿ ਅਜਨਬੀ ਉਹਦਾ ਪਿੱਛਾ ਕਰ ਰਿਹਾ ਹੈ ! ਉਹਨੇ ਅਜਨਬੀ ਨੂੰ ਪੁੱਛਿਆ,
“ਤੂੰ ਮੇਰੇ ਮਗਰ ਮਗਰ ਕਿਉਂ ਆ ਰਿਹਾ ਏਂ ?"
ਅਜਨਬੀ ਨੇ ਉੱਤਰ ਦਿੱਤਾ, “ਮੈਨੂੰ ਬੜੀ ਪਿਆਸ ਲੱਗੀ ਹੋਈ ਏ । ਕਿਰਪਾ ਕਰ ਕੇ ਮੈਨੂੰ ਆਪਣੇ ਘਰਾਂ ਦੋ ਘੁਟ ਪਾਣੀ ਤਾਂ ਪਿਆ ਦੇ !''
ਅਲੀਸ਼ੇਰ ਨੂੰ ਆਪਣੀ ਮੁਸੀਬਤ ਦੇ ਦਿਨ ਯਾਦ ਆ ਗਏ ਅਤੇ ਉਹ ਅਜਨਬੀ ਲਈ ਅੰਦਰੋਂ ਪਾਣੀ ਦਾ ਭਰਿਆ ਹੋਇਆ ਗਲਾਸ ਲੈ ਆਇਆ ।
ਅਜਨਬੀ ਨੇ ਪਾਣੀ ਪੀ ਲਿਆ । ਫੇਰ ਵੀ ਉਹ ਆਪਣੀ ਥਾਂ ਤੋਂ ਨ ਹਿਲਿਆ ਅਤੇ ਕਹਿਣ ਲੱਗਾ, “ਭੁਖ ਨਾਲ ਮੇਰੀ ਜਾਨ ਨਿਕਲ ਰਹੀ ਏ । ਰਬ ਦੇ ਵਾਸਤੇ ਬਹੀ ਰੋਟੀ ਦੇ ਹੀ ਦੋ ਕੁ ਟੁਕ ਦੇ ਦਿਓ ! “
ਤੰਗ ਆ ਕੇ ਅਲੀਸ਼ੇਰ ਬੂਹੇ ਨੂੰ ਤਾਲਾ ਲਾ ਕੇ ਬਜ਼ਾਰੋ ਕੁਝ ਖਾਣ ਪੀਣ ਲਈ ਲੈ ਆਇਆ । ਅਜਨਬੀ ਕਹਿਣ ਲੱਗਾ, “ਇਹ ਤਾਂ ਬਹੁਤ ਕੁਝ ਏ, ਤੂੰ ਵੀ ਮੇਰੇ ਨਾਲ ਈ ਖਾ ਲੈ ।''
ਅਜਨਬੀ ਦੇ ਮਜਬੂਰ ਕਰਨ ਤੋਂ ਅਲੀਸ਼ੇਰ ਉਹਦੇ ਨਾਲ ਹੀ ਖਾਣ ਲਗ ਪਿਆ ! ਅੱਖ ਬਚਾ ਕੇ ਅਜਨਬੀ ਨੇ ਇਕ ਕੇਲਾ ਦੋ ਫਾੜ ਕਰ ਕੇ ਵਿਚ ਅਫ਼ੀਮ ਪਾ ਦਿੱਤੀ । ਅਲੀਸ਼ੇਰ ਉਹ ਕੇਲਾ ਖਾ ਕੇ ਬੇਹੋਸ਼ ਹੋ ਗਿਆ ।
ਅਲੀਸ਼ੇਰ ਦੇ ਬੇਹੋਸ਼ ਹੁੰਦਿਆਂ ਹੀ ਅਜਨਬੀ ਭੱਜਾ ਭੱਜਾ ਬਾਹਰ ਗਿਆ। ਉਥੇ ਇਕ ਖ਼ਚਰ ਲਾਗੇ ਉਹ ਹੀ ਆਦਮੀ ਖੜ੍ਹਾ ਸੀ ਜਿਸਨੇ ਨੀਲਾਮੀ ਵੇਲੇ ਸਭ ਤੋਂ ਵਧ ਬੋਲੀ ਦਿੱਤੀ ਸੀ । ਇਸ ਦਾ ਨਾਂ ਰਸ਼ੀਦ ਸੀ ਅਤੇ ਉਹਨੇ ਮਨ ਵਿਚ ਠਾਨੀ ਹੋਈ ਸੀ ਕਿ ਉਹ ਜ਼ਮੁਰੁਦ ਨੂੰ ਕਾਬੂ ਕਰ ਕੇ ਹੀ ਛੱਡੇਗਾ । ਇਸ ਲਈ ਉਹ ਜ਼ਮੁਰਦ ਦੇ ਥਾਂ ਟਿਕਾਣੇ ਬਾਰੇ ਸੂਹ ਕਢਦਾ ਰਿਹਾ ਸੀ। ਅਜਨਬੀ ਉਹਦਾ ਭਰਾ ਬਸਰੂਮ ਸੀ ਅਤੇ ਜ਼ਮੁਰਦ ਨੂੰ ਲਭਣ ਵਿਚ ਆਪਣੇ ਭਰਾ ਦੀ ਮਦਦ ਕਰ ਰਿਹਾ ਸੀ ।
ਦੋਵੇਂ ਦਬਾ ਦਬ ਅਲੀਸ਼ੇਰ ਦੇ ਘਰ ਅੰਦਰ ਗਏ ਅਤੇ ਜ਼ਮੁਰਦ ਨੂੰ ਖ਼ਚਰ ਤੇ ਪਾ ਕੇ ਆਪਣੇ ਘਰ ਲੈ ਗਏ ਅਤੇ ਉਹਨੂੰ ਅੰਦਰ ਡੱਕ ਦਿਤਾ ।
ਜਦ ਅਲੀਸ਼ੇਰ ਨੂੰ ਹੋਸ਼ ਆਈ ਤਾਂ ਉਹ ਜ਼ਮੁਰਦ ਨੂੰ ਘਰ ਵਿਚ ਨ ਵੇਖ ਕੇ ਪਾਗਲਾਂ ਵਾਂਝ ਜ਼ਮੁਰਦ ਜ਼ਮੁਰਦ ਕਰਦਾ ਬਾਹਰ ਵਲ ਦੌੜਿਆ । ਰਾਹ ਵਿਚ ਉਹਨੂੰ ਇਕ ਬੁਢੀ ਮਿਲੀ । ਉਹਨੂੰ ਅਲੀਸ਼ੇਰ ਤੇ ਬੜਾ ਤਰਸ ਆਇਆ। ਉਹਨੇ ਅਲੀਸ਼ੇਰ ਨੂੰ ਮਦਦ ਕਰਨ ਦਾ ਪ੍ਰਣ ਕੀਤਾ ।
ਅਲੀਸ਼ੇਰ ਨੇ ਉਹਨੂੰ ਸਾਰੀ ਕਹਾਣੀ ਸੁਣਾਈ । ਬੁਢੀ ਇੱਕ ਦਮ ਤਾੜ ਗਈ ਕਿ ਇਹ ਸ਼ਰਾਰਤ ਕਿਸੇ ਨਾ ਕਿਸੇ ਸੌਦਾਗਰ ਦੀ ਹੀ ਹੈ ।
ਉਹ ਬੁਢੀ ਫੇਰੀ ਵਾਲੀ ਦਾ ਭੇਸ ਵਟਾ ਕੇ ਸ਼ਹਿਰ ਦੇ ਉਸ ਪਾਸੇ ਵਲ ਤੁਰ ਪਈ ਜਿਥੇ ਆਮ ਤੌਰ ਤੇ ਸੌਦਾਗਰ ਰਹਿੰਦੇ ਸਨ ।
ਇਕ ਦਿਨ ਫੇਰੀ ਲਾਉਂਦਿਆਂ ਉਹ ਇਕ ਐਸੇ ਘਰ ਪਹੁੰਚੀ ਜਿਸ ਦੇ ਅੰਦਰੋਂ ਰੋਣ ਅਤੇ ਸਿਸਕੀਆਂ ਲੈਣ ਦੀ ਆਵਾਜ਼ ਆ ਰਹੀ ਸੀ । ਉਹਨੇ ਨੌਕਰਾਂ ਪਾਸੋਂ ਪੁੱਛਿਆ ਕਿ ਇਹ ਕੌਣ ਰੋ ਰਿਹਾ ਹੈ । ਉਹਨਾਂ ਦਸਿਆ ਕਿ ਇਹ ਇਕ ਨਵੀਂ ਦਾਸੀ ਹੈ ਜੋ ਉਹਨਾਂ ਦੇ ਮਾਲਕ ਨੇ ਕੁਝ ਦਿਨ ਹੋਏ ਮੁਲ ਲਿਆਂਦੀ ਸੀ।
ਬੁਢੀ ਨੇ ਇਕ ਪਾਸੇ ਹੋ ਕੇ ਜ਼ਮੁਰਦ ਨਾਲ ਗੱਲ ਕੀਤੀ । ਉਹਨੇ ਜ਼ਮੁੱਦ ਦੇ ਕੰਨ ਵਿਚ ਕਿਹਾ, “ਅੱਧੀ ਰਾਤ ਵੇਲੇ ਜਦ ਸਭ ਸੌਂ ਗਏ ਹੋਣ ਤਾਂ ਤੂੰ ਖਿੜਕੀ ਲਾਗੇ ਆ ਜਾਈਂ । ਅਲੀਸ਼ੇਰ ਥੱਲੇ ਖੜ੍ਹਾ ਹੋਏਗਾ । ਤੂੰ ਰੱਸੀ ਦਵਾਰਾ ਥੱਲੇ ਉੱਤਰ ਆਈ !”
ਜ਼ਮੁਰਦ ਇਹ ਸੁਣ ਕੇ ਬੜੀ ਖ਼ੁਸ਼ ਹੋਈ। ਅਲੀਸ਼ੇਰ ਨੂੰ ਵੀ ਜਦ ਬੁੱਢੀ ਨੇ ਜਾ ਸਾਰੀ ਖ਼ਬਰ ਸੁਣਾਈ ਤਾਂ ਉਹਦਾ ਚਿਤ ਖਿੜ ਗਿਆ। ਰਾਤ ਨੂੰ ਉਹ ਵਕਤ ਤੋਂ ਪਹਿਲਾਂ ਹੀ ਉਸ ਘਰ ਲਾਗੇ ਜਾ ਕੇ ਬੈਠ ਗਿਆ ਅਤੇ ਉਡੀਕਣ ਲੱਗਾ ਕਿ ਕਦ ਸਭ ਥਾਂ ਚੁੱਪ ਚਾਂ ਵਰਤ ਜਾਏ ਅਤੇ ਉਹ ਜ਼ਮੁਰਦ ਨੂੰ ਲੈ ਕੇ ਉੱਥੋਂ ਜਾਣ ਦੀ ਕਰੇ ।
ਪਰ ਗਲ ਕੁਝ ਇਸ ਤਰ੍ਹਾਂ ਹੋਈ ਕਿ ਜ਼ਮੁਰਦ ਦੇ ਮਿਲਨ ਦੀ ਖੁਸ਼ੀ ਵਿਚ ਅਲੀਸ਼ੇਰ ਨੇ ਪਿਛਲੀ ਸਾਰੀ ਰਾਤ ਅਨੀਂਦਰੇ ਵਿਚ ਕੱਟੀ ਸੀ। ਇਸ ਲਈ ਹੁਣ ਅਚਾਨਕ ਉਹਦੀ ਅੱਖ ਲਗ ਗਈ ।
ਉਸੇ ਰਾਤ ਇਕ ਡਾਕੂ, ਜਿਸ ਦਾ ਨਾਂ ਜਵਾਨ ਸੀ, ਚੋਰੀ ਕਰਨ ਲਈ ਸੌਦਾਗਰ ਦੇ ਘਰ ਦੇ ਲਾਗੇ ਫਿਰ ਰਿਹਾ ਸੀ । ਉਸੇ ਵੇਲੇ ਖਿੜਕੀ ਖੁਲ੍ਹੀ ਅਤੇ ਜ਼ਮੁਰਦ ਨੇ ਡਾਕੂ ਨੂੰ ਅਲੀਸ਼ੇਰ ਸਮਝ ਕੇ ਇਸ਼ਾਰਾ ਕੀਤਾ। ਡਾਕੂ ਨੇ ਉਸੇ ਵੇਲੇ ਇਸ਼ਾਰੇ ਦਾ ਉਤਰ ਦਿੱਤਾ ! ਇਹ ਵੇਖ ਕੇ ਜ਼ਮੁਰਦ ਰੱਸੀ ਰਾਹੀਂ ਲਮਕ ਕੇ ਹੌਲੀ ਹੌਲੀ ਉਤਰ ਆਈ । ਉਹ ਆਪਣੇ ਨਾਲ ਅਸ਼ਰਫ਼ੀਆਂ ਦੀਆਂ ਦੋ ਥੈਲੀਆਂ ਵੀ ਲੈ ਆਈ । ਜਵਾਨ ਨੇ ਥੈਲੀਆਂ ਇਕ ਦਮ ਸੰਭਾਲ ਲਈਆਂ ਅਤੇ ਜ਼ਮੁਰਦ ਨੂੰ ਆਪਣੇ ਪਿੱਛੇ ਘੋੜੇ ਤੇ ਬਿਠਾ ਕੇ ਦੂਰ ਇਕ ਜੰਗਲ ਵਿਚ ਆਪਣੀ ਗਾਰ ਵਿਚ ਲੈ ਗਿਆ । ਜਦ ਅੱਗ ਦੀ ਰੌਸ਼ਨੀ ਵਿਚ ਜ਼ਮੁਰਦ ਨੇ ਡਾਕੂ ਦੀ ਸ਼ਕਲ ਵੇਖੀ ਤਾਂ ਉਹ ਘਬਰਾ ਕੇ ਪੁੱਛਣ ਲਗੀ, “ਤੂੰ ਕੌਣ ਏਂ ?''
ਡਾਕੂ ਨੇ ਦਸਿਆ, “ਮੈਂ ਡਾਕੂ ਆਂ । ਮੇਰਾ ਨਾਂ ਜਵਾਨ ਏ । ਇਹਨਾਂ ਥੈਲੀਆਂ ਦਾ ਹੁਣ ਮੈਂ ਮਾਲਕ ਆਂ ।”
ਇਹ ਸੁਣਦਿਆਂ ਹੀ ਜ਼ਮੁਰਦ ਗਸ਼ ਖਾ ਕੇ ਡਿਗ ਪਈ। ਡਾਕੂ ਜ਼ਮੁਰਦ ਨੂੰ ਆਪਣੀ ਬੁਢੀ ਮਾਂ ਦੇ ਹਵਾਲੇ ਕਰ ਕੇ ਕਿਸੇ ਕੰਮ ਲਈ ਸ਼ਹਿਰ ਵਲ ਚਲਾ ਗਿਆ !
ਜਦ ਜ਼ਮੁਰਦ ਨੂੰ ਹੋਸ਼ ਆਈ ਤਾਂ ਉਹ ਉਥੋਂ ਨੱਸਣ ਦੀਆਂ ਵਿਉਂਤਾਂ ਸੱਚਣ ਲਗੀ ! ਉਹਨੇ ਲਾਗੇ ਹੀ ਸਿਪਾਹੀਆਂ ਵਾਲੀ ਇਕ ਵਰਦੀ ਅਤੇ ਇਕ ਤਲਵਾਰ ਪਈ ਹੋਈ ਵੇਖੀ । ਲਾਗ ਹੀ ਇਕ ਘੋੜਾ ਬੱਝਾ ਪਿਆ ਸੀ । ਜਦ ਬੁਢੀ ਜ਼ਰਾ ਊਂਘਣ ਲੱਗੀ ਤਾਂ ਜ਼ਮੁਰਦ ਨੇ ਇਕ ਦਮ ਵਰਦੀ ਪਾਈ, ਅਸ਼ਰਫ਼ੀਆਂ ਦੀਆਂ ਥੈਲੀਆਂ ਕਾਬੂ ਕੀਤੀਆਂ ਅਤੇ ਇਕ ਸਿਪਾਹੀ ਦੇ ਭੇਸ ਵਿਚ ਘੋੜੇ ਤੇ ਚੜ੍ਹ ਕੇ ਉਥੋਂ ਹਰਨ ਹੋ ਗਈ ।
ਦਸ ਦਿਨ ਤਕ ਜ਼ਮਰਦ ਸਫ਼ਰ ਕਰਦੀ ਰਹੀ । ਆਖ਼ਰ ਗਿਆਰਵੇਂ ਦਿਨ ਇਕ ਬੜੇ ਵੱਡੇ ਸ਼ਹਿਰ ਲਾਗੇ ਪਹੁੰਚੀ । ਸ਼ਹਿਰ ਦੇ ਵੱਡੇ ਬੂਹੇ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ ।
ਜ਼ਮੁਰਦ ਦੇ ਬੂਹੇ ਅੰਦਰ ਵੜਦਿਆਂ ਹੀ ਖ਼ੁਸ਼ੀ ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉਠਿਆ। ਫ਼ੌਜਾਂ ਨੇ ਸਲਾਮੀ ਦਿੱਤੀ । ਜ਼ਮੁਰਦ ਨੇ ਪੁੱਛਿਆ, “ਗੱਲ ਕੀ ਏ ! ਇਹ ਖ਼ੁਸ਼ੀ ਦੇ ਨਾਅਰੇ ਕਿਸ ਲਈ ਨੇ ?”
ਵੱਡੇ ਵਜ਼ੀਰ ਨੇ ਉੱਤਰ ਦਿੱਤਾ, “ਇਸ ਸ਼ਹਿਰ ਦਾ ਰਿਵਾਜ ਏ ਕਿ ਜਦ ਪਿਛਲਾ ਰਾਜਾ ਬਿਨਾਂ ਉਲਾਦ ਚਲਾਣਾ ਕਰ ਜਾਏ ਤਾਂ ਉਸ ਤੋਂ ਤਿੰਨ ਦਿਨ ਪਿਛੋਂ ਜਿਹੜਾ ਵੀ ਪਹਿਲਾ ਆਦਮੀ ਸ਼ਹਿਰ ਵਿਚ ਦਾਖ਼ਲ ਹੋਏ, ਉਹ ਬਾਦਸ਼ਾਹ ਬਣਨ ਦਾ ਹਕਦਾਰ ਹੁੰਦਾ ਏ। ਰੱਬ ਨੇ ਤੁਹਾਨੂੰ ਇਹ ਮਾਣ ਬਖ਼ਸ਼ਿਆ ਏ । ਅਜ ਤੋਂ ਤੁਸੀ ਸਾਡੇ ਸਿਰ ਦੇ ਤਾਜ ਓ !”
ਇਸ ਪਿਛੋਂ ਸਾਰੇ ਲੋਕ ਜਲੂਸ ਦੇ ਰੂਪ ਵਿਚ ਜ਼ਮੁਰਦ ਨੂੰ ਸ਼ਾਹੀ ਮਹੱਲ ਵਿਚ ਲੈ ਗਏ । ਉਥੇ ਸਭ ਨੇ ਬਾਦਸ਼ਾਹ ਦੀ ਵਫ਼ਾਦਾਰੀ ਦੀ ਸੌਂਹ ਚੁਕੀ ।
ਜ਼ਮੁਰਦ ਭਾਵੇਂ ਤਖ਼ਤ ਤੇ ਬੈਠ ਗਈ ਪਰ ਉਹ ਅੰਦਰੋਂ ਖ਼ੁਸ਼ ਨਹੀਂ ਸੀ । ਅਲੀਸ਼ੇਰ ਦੀ ਯਾਦ ਉਹਨੂੰ ਦਿਨ ਰਾਤ ਸਤਾਉਂਦੀ ਰਹਿੰਦੀ ਸੀ। ਇਕ ਦਿਨ ਸੋਚਦਿਆਂ ਸੋਚਦਿਆਂ ਉਹਨੂੰ ਅਲੀਸ਼ੇਰ ਨੂੰ ਲਭਣ ਦੀ ਇਕ ਵਿਉਂਤ ਸੁੱਝੀ । ਉਹਨੇ ਸ਼ਹਿਰ ਦੇ ਇਕ ਪਾਸੇ ਇਕ ਖੁਲ੍ਹੀ ਥਾਂ ਤੇ ਵੱਡੀ ਸਾਰੀ ਇਮਾਰਤ ਬਣਵਾਈ ਅਤੇ ਹੁਕਮ ਦਿੱਤਾ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ਼ ਉਸ ਥਾਂ ਦਾਅਵਤ ਹੋਇਆ ਕਰੇਗੀ ਜਿਸ ਵਿਚ ਸ਼ਹਿਰ ਦੇ ਸਭ ਅਮੀਰ ਗਰੀਬ ਇਕੱਠੇ ਖਾਣਾ ਖਾਇਆ ਕਰਨਗੇ ।
ਹੁਕਮ ਅਨੁਸਾਰ ਸ਼ਹਿਰ ਦੇ ਸਭ ਲੋਕ, ਕੀ ਅਮੀਰ ਕੀ ਗ਼ਰੀਬ, ਮਹੀਨੇ ਦੀ ਪਹਿਲੀ ਤਾਰੀਖ਼ ਹੁਮ ਹੁਮਾ ਕੇ ਖਾਣਾ ਖਾਣ ਆਏ । ਉਹਨਾਂ ਵਿਚ ਇਕ ਐਸਾ ਆਦਮੀ ਵੀ ਸੀ ਜੋ ਹਾਬੜਿਆਂ ਵਾਂਙ ਖਾ ਰਿਹਾ ਸੀ ਅਤੇ ਬਾਕੀਆਂ ਦਾ ਹਿੱਸਾ ਵੀ ਚੱਟਮ ਕਰੀ ਜਾਂਦਾ ਸੀ । ਜ਼ਮੁਰਦ ਇਕ ਦਮ ਪਛਾਣ ਗਈ ਕਿ ਇਹ ਬਸਰੂਮ ਹੈ । ਜੋ ਉਹਨੂੰ ਫੜ ਕੇ ਆਪਣੇ ਭਰਾ ਦੇ ਘਰ ਲੈ ਗਿਆ ਸੀ। ਜ਼ਮੁਰਦ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਬਸਰੂਮ ਨੂੰ ਹਾਜ਼ਰ ਕਰਨ । ਜਦ ਬਸਰੂਮ ਨੂੰ ਜ਼ਮੁਰਦ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਬਸਰੂਮ ਪਾਸੋਂ ਪੁੱਛਣ ਲਗੀ,
“ਤੇਰਾ ਕੀ ਨਾਂ ਏ ਤੇ ਤੂੰ ਸ਼ਹਿਰ ਵਿਚ ਕਿਸ ਲਈ ਆਇਆ ਏਂ ?
ਉਸ ਨੇ ਉੱਤਰ ਦਿੱਤਾ, “ਮੇਰਾ ਨਾਂ ਅਲੀ ਏ ! ਮੈਂ ਇਕ ਜੁਲਾਹਾ ਆਂ ਤੇ ਮੈਂ ਸ਼ਹਿਰ ਵਿਚ ਆਪਣਾ ਬੁਣਿਆ ਹੋਇਆ ਕਪੜਾ ਵੇਚਣ ਲਈ ਆਇਆ ਆਂ।”
ਇਹ ਸੁਣ ਕੇ ਜ਼ਮੁਰਦ ਨੇ ਆਪਣੇ ਨੌਕਰਾਂ ਨੂੰ ਜਾਦੂ ਦੀ ਰੇਤ ਅਤੇ ਤਾਂਬੇ ਦੀ ਕਲਮ ਲਿਆਉਣ ਲਈ ਕਿਹਾ। ਉਹਨੇ ਰੇਤ ਨੂੰ ਮੇਜ਼ ਤੇ ਖਿਲਾਰ ਦਿੱਤਾ ਅਤੇ ਕਲਮ ਨਾਲ ਪੁੱਠਾ ਸਿੱਧਾ ਕੁਝ ਲਿਖਿਆ । ਕੁਝ ਚਿਰ ਲਿਖਤ ਵਲ ਟਿਕਟਿਕੀ ਲਾਉਣ ਪਿਛੋਂ ਉਹਨੇ ਅੱਖਾਂ ਲਾਲ ਕਰ ਕੇ ਬਸਰੂਮ ਨੂੰ ਕਿਹਾ, "ਦਗਾਬਾਜ਼, ਬਦਮਾਸ਼ । ਬਾਦਸ਼ਾਹ ਸਾਹਮਣੇ ਝੂਠ ਬੋਲਣ ਦੀ ਤੈਨੂੰ ਕਿਸਤਰਾਂ ਹਿੰਮਤ ਪਈ ਏ । ਤੇਰਾ ਨਾਂ ਤਾਂ ਬਸਰੂਮ ਏ ਤੇ ਤੂੰ ਇਕ ਗੁਲਾਮ ਦੀ ਭਾਲ ਵਿਚ ਏਥੇ ਆਇਆ ਏਂ ! ਸਚ ਸਚ ਦਸ ਦੇ ਨਹੀਂ ਤਾਂ ਤੇਰੀ ਖੈਰ ਨਹੀਂ। ਮੈਂ ਇਸ ਜਾਦੂ ਦੀ ਰੇਤ ਰਾਹੀਂ ਸਭ ਕੁਝ ਜਾਣ ਲਿਆ ਏ !”
ਬਸਰੂਮ ਹੱਕਾ ਬੱਕਾ ਹੋ ਕੇ ਜ਼ਮੁਰਦ ਦੇ ਪੈਰੀਂ ਡਿਗ ਪਿਆ ਅਤੇ ਉਹਨੇ ਸਾਰੀ ਗੱਲ ਇਕਬਾਲ ਕਰ ਲਈ । ਇਸ ਤੇ ਜ਼ਮੁਰਦ ਨੇ ਉਹਨੂੰ ਕਾਲ ਕੋਠੜੀ ਵਿਚ ਡੱਕ ਦੇਣ ਲਈ ਹੁਕਮ ਦੇ ਦਿੱਤਾ।
ਦੂਜੇ ਮਹੀਨੇ ਫੇਰ ਮਹਿਫਲ ਕੀਤੀ ਗਈ । ਜਦੋਂ ਲੋਕੀਂ ਖਾਣ ਪੀਣ ਵਿਚ ਰੁਝੇ ਹੋਏ ਸਨ, ਤਾਂ ਪਹਿਲਾਂ ਵਾਂਙ ਇਕ ਹੋਰ ਅਜਨਬੀ ਉਥੇ ਆ ਪਹੁੰਚਿਆ ਅਤੇ ਇਕ ਖ਼ਾਲੀ ਥਾਂ ਵੇਖ ਕੇ ਉਥੇ ਬੈਠ ਗਿਆ। ਉਹਨੂੰ ਭੁੱਖ ਬਹੁਤ ਲਗੀ ਹੋਈ ਸੀ । ਇਸ ਲਈ ਉਹ ਵੀ ਹਾਬੜਿਆਂ ਵਾਂਙ ਖਾਣ ਲਗ ਪਿਆ । ਜ਼ਮੁਰਦ ਨੇ ਇਕ ਦਮ ਉਹਨੂੰ ਪਛਾਣ ਲਿਆ । ਇਹ ਉਹ ਹੀ ਡਾਕੂ ਸੀ। ਜਿਹੜਾ ਜ਼ਮੁਰਦ ਨੂੰ ਫੜ ਕੇ ਅਪਣੀ ਗਾਰ ਵਿਚ ਲੈ ਗਿਆ ਸੀ । ਜ਼ਮੁਰਦ ਨੇ ਉਹਨੂੰ ਆਪਣੀ ਹਜ਼ੂਰੀ ਵਿਚ ਹਾਜ਼ਰ ਹੋਣ ਲਈ ਕਿਹਾ । ਜਦ ਉਹ ਸਾਹਮਣੇ ਪੇਸ਼ ਹੋਇਆ ਤਾਂ ਜ਼ਮੁਰਦ ਨੇ ਪੁੱਛਿਆ, “ਤੇਰਾ ਨਾਂ ਕੀ ਏ ?”
ਉਹਨੇ ਉੱਤਰ ਦਿੱਤਾ, “ਮੇਰਾ ਨਾਂ ਉਸਮਾਨ ਏ ਤੇ ਮੈਂ ਕੰਮ ਕਾਰ ਦੀ ਭਾਲ ਵਿਚ ਏਥੇ ਆਇਆ ਆਂ।
ਜ਼ਮੁਰਦ ਨੇ ਫੇਰ ਜਾਦੂ ਦੀ ਰੇਤ ਮੇਜ਼ ਤੇ ਖ਼ਿਲਾਰੀ ਅਤੇ ਤਾਂਬੇ ਦੀ ਕਲਮ ਨਾਲ ਉਲੀਕੀ ਹੋਈ ਲਿਖਤ ਵੇਖ ਕੇ ਕਹਿਣ ਲਗੀ, “ਝੂਠ ਕਿਉਂ ਬੋਲਦਾ ਏਂ ! ਤੇਰਾ ਨਾਂ ਤਾਂ ਜਵਾਨ ਏਂ। ਤੂੰ ਬੜਾ ਵੱਡਾ ਡਾਕੂ ਏਂ ! ਤੂੰ ਤਾਂ ਆਪਣੇ ਘੋੜੇ ਦੀ ਭਾਲ ਵਿਚ ਏਥੇ ਆਇਆ ਏਂ !”
ਡਾਕੂ ਨੂੰ ਸੁਫ਼ਨੇ ਵਿਚ ਵੀ ਨਹੀਂ ਸੀ ਖੁੜਕ ਸਕਦੀ ਕਿ ਇਹ ਉਹ ਹੀ ਲੜਕੀ ਹੈ ਜਿਸਨੂੰ ਉਹ ਆਪਣੀ ਗਾਰ ਵਿਚ ਚੁਕ ਲਿਆਇਆ ਸੀ । ਉਹ ਗਿੜਗਿੜਾ ਕੇ ਜ਼ਮੁਰਦ ਦੇ ਪੈਰੀਂ ਪੈ ਗਿਆ ਅਤੇ ਜਾਨ ਬਖ਼ਸ਼ੀ ਲਈ ਹਾੜੇ ਕਰਨ ਲੱਗਾ ! ਜ਼ਮੁਰਦ ਨੇ ਉਹਨੂੰ ਵੀ ਕਾਲ ਕੋਠੜੀ ਵਿਚ ਡੱਕਣ ਦਾ ਹੁਕਮ ਦਿੱਤਾ ।
ਇਸਤਰ੍ਹਾਂ ਜਦ ਤੀਜਾ ਮਹੀਨਾ ਆਇਆ ਤਾਂ ਫੇਰ ਮਹਿਫ਼ਲ ਲਾਈ ਗਈ । ਜਦ ਲੋਕ ਅਧ ਪਚੱਧਾ ਖਾਣਾ ਖਾ ਚੁਕੇ ਤਾਂ ਅਚਾਨਕ ਇਕ ਲੰਮਾਂ ਅਤੇ ਬੜੀ ਸੁੰਦਰ ਡੀਲ ਡੌਲ ਵਾਲਾ ਅਜਨਬੀ ਉਥੇ ਇਕ ਖ਼ਾਲੀ ਥਾਂ ਵੇਖ ਕੇ ਖਾਣ ਲਈ ਬੈਠ ਗਿਆ ।
ਜ਼ਮੁਰਦ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਕਿ ਇਹ ਅਲੀਸ਼ੇਰ ਹੈ । ਖ਼ੁਸ਼ੀ ਨਾਲ ਉਹਦਾ ਦਿਲ ਧੱਕ ਧੱਕ ਕਰਨ ਲਗ ਪਿਆ । ਉਹ ਲੰਮਾ ਸਫ਼ਰ ਕਰ ਕੇ ਆਇਆ ਸੀ ! ਇਸ ਲਈ ਉਹਨੂੰ ਭੁੱਖ ਬਹੁਤ ਲੱਗੀ ਹੋਈ ਸੀ । ਉਹ ਦਬਾ ਦਬ ਖਾਣਾ ਖਾਣ ਲਗ ਪਿਆ ।
ਲੋਕਾਂ ਵਿਚੋਂ ਇਕ ਨੇ ਕਿਹਾ, “ਇਸ ਕੁਰਸੀ ਤੇ ਜੋ ਵੀ ਬੈਠਦਾ ਏ ਉਹਨੂੰ ਕਾਲ ਕੋਠੜੀ ਵਿਚ ਡਕ ਦਿੱਤਾ ਜਾਂਦਾ ਏ । ਤੂੰ ਏਥੋਂ ਉਠ ਪਉ ।”
ਉਹ ਕਹਿਣ ਲੱਗਾ, 'ਕੋਈ ਫ਼ਿਕਰ ਨਹੀਂ। ਮੈਂ ਬੜੇ ਲੰਮੇ ਸਫ਼ਰ ਤੋਂ ਆਇਆ ਆਂ । ਪਹਿਲਾਂ ਮੈਨੂੰ ਰਜ ਕੇ ਰੋਟੀ ਤਾਂ ਖਾ ਲੈਣ ਦਿਓ । ਫੇਰ ਵੇਖੀ ਜਾਊ ਜੋ ਹੋਊ !
ਅਲੀਸ਼ੇਰ ਸ਼ੇਰ ਨੇ ਖਾਣਾ ਖਾ ਲਿਆ ਤਾਂ ਜ਼ਮੁਰਦ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਅਜਨਬੀ ਨੂੰ ਉਹਦੇ ਸਾਹਮਣੇ ਪੇਸ਼ ਕਰਨ । ਸਭ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਵੀ ਜ਼ਰੂਰ ਕਾਲ ਕੋਠੜੀ ਦੀ ਸੈਰ ਕਰੇਗਾ !
ਅਲੀਸ਼ੇਰ ਨੇ ਬਾਦਸ਼ਾਹ ਨੂੰ ਕਿਹਾ, 'ਮੈਂ ਖੁਰਾਸਨ ਦਾ ਸੌਦਾਗਰ ਆਂ ਤੇ ਆਪਣੀ ਪਤਨੀ ਨੂੰ ਲਭਦਾ ਲਭਦਾ ਏਥੇ ਆ ਪਹੁੰਚਿਆ ਆਂ । ਉਹ ਮੈਨੂੰ ਦੁਨੀਆਂ ਵਿਚ ਸਭ ਤੋਂ ਪਿਆਰੀ ਏ ! ਉਸ ਬਿਨਾਂ ਮੈਂ ਜੀਅ ਨਹੀਂ ਸਕਦਾ !''
ਜ਼ਮੁਰਦ ਨੇ ਫੇਰ ਜਾਦੂ ਦੀ ਰੇਤ ਅਤੇ ਤਾਂਬੇ ਦੀ ਕਲਮ ਮੰਗਵਾਈ ਅਤੇ ਲਿਖਤ ਨੂੰ ਗਹੁ ਨਾਲ ਪੜ੍ਹ ਕੇ ਕਹਿਣ ਲਗੀ, “ਤੂੰ ਸੱਚ ਬੋਲਿਆ ਏਂ । ਇਸ ਲਈ ਤੂੰ ਰਤੀ ਫ਼ਿਕਰ ਨ ਕਰ । ਤੈਨੂੰ ਤੇਰੀ ਪਤਨੀ ਜਲਦੀ ਹੀ ਵਾਪਸ ਮਿਲ ਜਾਏਗੀ।”
ਜ਼ਮੁਰਦ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਅਲੀਸ਼ੇਰ ਨੂੰ ਮਹੱਲ ਵਿਚ ਲੈ ਜਾਣ ਅਤੇ ਪਹਿਨਣ ਲਈ ਉਹਨੂੰ ਸੁੰਦਰ ਲਿਬਾਸ ਦੇਣ ਅਤੇ ਸ਼ਾਮ ਨੂੰ ਉਹਦੇ ਸਾਹਮਣੇ ਪੇਸ਼ ਕਰਨ । ਜਦ ਅਲੀਸ਼ੇਰ ਬੜੀ ਸਜ ਧਜ ਵਿਚ ਬਾਦਸ਼ਾਹ ਸਾਹਮਣੇ ਹਾਜ਼ਰ ਹੋਇਆ, ਤਾਂ ਬਾਦਸ਼ਾਹ ਨੇ ਉਸ ਤੋਂ ਉਹਦੇ ਦੇਸ਼ ਅਤੇ ਟਿਕਾਣੇ ਬਾਰੇ ਕੁਝ ਸਵਾਲ ਕੀਤੇ ।
ਅਲੀਸ਼ੇਰ ਨੇ ਸਭ ਗੱਲਾਂ ਦਾ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ। ਇਸ ਤੇ ਬਾਦਸ਼ਾਹ ਨੇ ਉਹਨੂੰ ਕਿਹਾ, “ਤੂੰ ਆਦਮੀ ਤਾਂ ਚੰਗਾ ਲਗਦਾ ਏਂ ਪਰ ਤੇਰੇ ਮੂੰਹ ਤੇ ਮੁਸਕਰਾਹਟ ਦਾ ਨਾਂ ਨਿਸ਼ਾਨ ਨਹੀਂ । ਗੱਲ ਕੀ ਏ ।
ਅਲੀਸ਼ੇਰ ਨੇ ਉੱਤਰ ਦਿੱਤਾ, “ਮੇਰੀ ਆਤਮਾ ਮੇਰੀ ਪਤਨੀ ਦੀ ਯਾਦ ਵਿਚ ਤੜਫ਼ ਰਹੀ ਏ । ਮੈਨੂੰ ਹਾਸਾ ਮਖੌਲ ਕਿਥੇ ਸੁਝਦਾ ਏ !”
ਇਸ ਤੇ ਜ਼ਮੁਰਦ ਨੇ ਹੱਸ ਕੇ ਕਿਹਾ, “ਜੇ ਇਹ ਗੱਲ ਏ ਤਾਂ ਤੂੰ ਉਦਾਸ ਨ ਹੋ ! ਮੈਂ ਈ ਤੇਰੀ ਪਿਆਰੀ ਪਤਨੀ ਜ਼ਮੁਰਦ ਆਂ ।” ਇਹ ਕਹਿ ਕੇ ਉਹਨੇ ਆਪਣੇ ਸਿਰ ਤੇ ਰਖੀ ਹੋਈ ਪੱਗ ਲਾਹ ਦਿਤੀ । ਅਲੀਸ਼ੇਰ ਇਕ ਦਮ ਜ਼ਮੁਰਦ ਨੂੰ ਪਛਾਣ ਗਿਆ । ਉਹ ਦੋਵੇਂ ਇਕ ਦੂਜੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ ।
ਅਗਲੇ ਦਿਨ ਜ਼ਮੁਰਦ ਨੇ ਆਪਣੇ ਅਹਿਲਕਾਰਾਂ ਨੂੰ ਬੁਲਾ ਕੇ ਕਿਹਾ, “ਮੈਂ ਕੁਝ ਦਿਨਾਂ ਲਈ ਸਫ਼ਰ ਤੇ ਚਲਿਆ ਆਂ। ਮੇਰੀ ਥਾਂ ਕਿਸੇ ਹੋਰ ਨੂੰ ਚੁਣ ਲੈਣਾ ਤਾਂ ਜੋ ਉਹ ਮੇਰੀ, ਗ਼ੈਰ ਹਾਜ਼ਰੀ ਵਿੱਚ ਰਾਜ ਪ੍ਰਬੰਧ ਚਲਾ ਸਕੇ ।”
ਉਸੇ ਦਿਨ ਸਫ਼ਰ ਦੀ ਤਿਆਰੀ ਕਰ ਕੇ ਉਹ ਆਪਣੇ ਦੇਸ਼ ਵਲ ਤੁਰ ਪਏ । ਉਥੇ ਪਹੁੰਚ ਕੇ ਉਹਨਾਂ ਬਾਕੀ ਜੀਵਨ ਬੜੀ ਖ਼ੁਸ਼ੀ ਵਿਚ ਗੁਜ਼ਾਰਿਆ !