“ਮਾਂ ਬੋਲੀ ਨੂੰ ਸਮਰਪਿਰਤ” ਪੰਜਾਬੀ ਦਿਵਸ
ਬੇਬੇ ਹਮੀਰ ਕੌਰ ਨੇ ਬਾਹਰਲੇ ਘਰੋਂ ਕੰਮ ਧੰਦੇ ਨਬੇੜ, ਬੀਹੀ ‘ਚ ਕੌਲ਼ੇ ਨਾਲ ਟੋਕਰਾ ਟੋਡਾ ਕਰ ਅਣਘੜਤ ਫੱਟਿਆਂ ਵਾਲਾ ਦਰਵਾਜਾ ਖੋਲਣ ਸਾਰ ਸਾਡੀ ਗੁੱਡੀ ਭੂਆ ਨੂੰ ਥਕੇਵੇਂ ਭਰੀ ਆਵਾਜ ਮਾਰਨੀ ..... ਬੀਬੋ! ਢਾਈ ਆਲ਼ੀ ਗੱਡੀ ਨੇ ਕੂਕ ਮਾਰਤੀ ਘੁੱਟ ਚਾਹ ਧਰ ਲੈ ਫਿਰ ਟੋਕਾ ਕਰਨ ਜਾਣਾ ਤੇ ਧਾਰਾਂ ਵੀ ਕੱਡਣੀਆਂ।
ਗੁਆਢੋਂ ਅਮਰ ਕਰ ਭੂਆ ਦੇ ਘਰੋਂ ਦਰੀਆਂ ਬਣਦੀਆਂ ਗੁੱਡੀ ਤੇ ਮਨਜੀਤ ਨੇ ਕੱਠਿਆਂ ਇੱਕ ਸੁਰ ਜੁਆਬ ਦੇਣਾ, ਬੇਬੇ ਹੁਣੇ ਧਰਦੇ ਆਂ ਬੱਸ ਆਢੇ ਤੇ ਦੋ ਬਰੀਆਂ ਹੋਰ ਪਾ ਲਈਏ। ਅਸੀ ਵੀ ਚਾਹ ਦੀ ਤਿਆਰੀ ਦੇਖ ਆਪੋ ਆਪਣੀਆਂ ਬਾਟੀਆਂ ਸੰਭਾਲ਼ ਲੈਣੀਆਂ ਤੇ ਜਿਆਦਾ ਚਾਅ ਤਿਲ਼ਾ ਵਾਲ਼ੀਆਂ ਪਿੰਨੀਆਂ ਅਤੇ ਪੀਪੇ ਵਾਲ਼ੇ ਬਿਸਕੁਟਾਂ ਦਾ ਹੁੰਦਾ । ਨਾਲ਼ੋ ਨਾਲ ਫਿਕਰ ਵੀ ਹੁੰਦਾ ਕਿ ਬੇਬੇ ਨੇ ਦੋ ਪੂਲੇ ਟਾਂਡਿਆਂ ਦੇ ਟੋਕਾ ਕਰਨ ਨੂੰ ਵੀ ਆਖਣਾ ਤੇ ਆਥਣ ਨੂੰ ਖੇਡਣ ਦਾ ਵੀ ਮਰ ਜਾਣਾ । ਖੈਰ! ਚਾਹ ਤੇ ਬਿਸਕੁਟਾਂ ਦਾ ਚਾਅ ਜਿਆਦਾ ਹੁੰਦਾ।
ਬੀਬੋ ਭੂਆ ਨੇਂ ਕਪਾਹ ਦੀਆਂ ਛਿਟੀਆਂ ਤੇ ਰਾਤ ਦਾ ਬਚਿਆ ਲੱਕੜ ਦਾ ਮੁੱਢ ਚੁੱਲੇ ਪਾ ਸਲਵਾੜ ਦੇ ਚਾਰ ਕੁ ਕਾਨਿਆਂ – ਸਿਰਕੜੇ ਨਾਲ ਅੱਗ ਧੁਖਾਂ ਦੇਣੀ ਤੇ ਚਾਰ ਪਿੱਤਲ਼ ਦੀ ਪਤੀਲ਼ੀ ਮਾਂਜਦੇ ਪੁੱਛਣਾਂ “ਬੇਬੇ” ਕਿੰਨੇ ਕੱਪ ਬਣਾਉਣੇ ਆਂ। ਮਨਜੀਤ ਭੂਆਂ ਨੇ ਖੂਹੀ ਵਿੱਚ ਤਾਜਾ ਪਾਣੀ ਭਰਨ ਲਈ ਡੋਲ ਸਿੱਟਣਾਂ ਤਾਂ ਖੜਾਕ ਸੁਣ ਬੇਬੇ ਗੁਰਦਿਆਲ ਕੁਰ ਦੀ ਆਵਾਜ ਆਉਣੀਂ....ਨੀਂ ਬੀਬੋ ਮੇਰਾ ਪਾਣੀ ਵੀ ਪਾ ਲਿਉ
ਅੱਜ ਘਰ ਕੱਲੀ ਆਂ, ਕਿਥੇ ਇੱਕ ਕੱਪ ਚਾਹ ਲਈ ਚੁੱਲੇ ਅੱਗ ਪਾਊਂ। ਫਿਰ ਬੇਬੇ ਹਮੀਰ ਕੁਰ ਨੇ ਉੱਚੀ ਆਵਾਜ ਮਾਰ ਕਹਿਣਾ ਅਜੈਬ ਕੁਰੇ ਤੂੰ ਵੀ ਚਾਹ ਇੱਧਰ ਹੀ ਪੀ ਲਈਂ ਨਾਲੇ ਚਾਰ ਛੱਲੀਆਂ ਅਧੇੜ ਲਾਂ ਗੇ, ਨਿਆਣੇ ਸ਼ਾਮੀ ਭੱਠੀ ਤੋਂ ਦਾਣੇ ਭੁੰਨਾ ਲਿਆਉਣਗੇ।
ਬਜੁਰਗ ਭੂਆ ਅਮਰ ਕੌਰ ਦਾ ਚਾਹ ਦਾ ਪਾਣੀ ਆਪਣੇ ਆਪ ਹੀ ਪੈ ਜਾਂਦਾ, ਉਹਦਾ ਸਾਰੇ ਬੀਹੀ ਬੇਹੜੇ ਰੋਹਬ ਸੀ, ਉਹਨੇ ਵਿਹੜੇ ਚ ਸੋਟੀ ਖੜਕਾ ਸਾਂਝਾ ਹੁਕਮ ਝਾੜ ਦੇਣਾ, ਆਹ ਵਿਹੜੇ ਚ ਝਾੜੂ ਵੀ ਲਾ ਲਿਆ ਕਰੋ, ਕੁੱਤਾ ਵੀ ਬੈਠਣ ਲੱਗਿਆਂ ਪੂਛ ਮਾਰ ਲੈਂਦਾ। ਫਟਾ ਫਟ ਕੋਈ ਝਾੜੂ ਮਾਰ ਲੈਂਦਾ ਤੇ ਕੋਈ ਪਾਣੀ ਛਿੜਕ ਲੈਂਦਾ।
ਭੜੋਲੇ ਚੋਂ ਗੁੜ ਕੱਢ ਅੰਦਾਜੇ ਨਾਲ ਹੀ ਚਾਹ ਦੀ ਪਤੀਲੀ ਚ ਭੰਨ ਕੇ ਪਾ ਦੇਣਾ, ਕਦੇ ਕਿਸੇ ਨੇ ਨਹੀਂ ਸੀ ਆਖਿਆ ਕਿ ਮਿੱਠਾ ਘੱਟ ਹੈ ਜਾਂ ਵੱਧ ਹੈ। ਕੱਲੀ ਅਮਰ ਕੁਰ ਭੂਆ ਕਾਨਿਆਂ ਵਾਲੇ ਉੱਚੇ ਮੂੜੇ ਤੇ ਬਹਿੰਦੀ, ਬਾਕੀ ਪੀੜੀਆਂ, ਫੱਟੀਆਂ ਜਾਂ ਸਣ ਦੀਆਂ ਬਣੀਆਂ ਚੌਰਸ ਤਲਾਈਆਂ ਤੇ ਬਹਿ ਚਾਹ ਪੀਂਦੇ। ਪਤੀਲੀ ਤੋਂ ਗਣਬੀ ਅਤੇ ਫਿਰ ਬਾਟੀਆਂ ਚ ’ ਬਗੈਰ ਪੁਣਿਓਂ ਚਾਹ ਵਰਤਦੀ। ਪਹਿਲੇ ਪੂਰ ਤੋਂ ਬਾਅਦ ਫਿਰ ਦੂਜਾ ਗੇੜਾ ਵਰਤਦਾ। ਬੇਬੇ, ਤਾਈ, ਚਾਚੀ ਇੱਕ ਢਾਣੀ ਚ, ਛੋਟੇ ਜੁਆਕ , ਬੀਬੋ ਤੇ ਮਨਜੀਤ ਭੂਆ ਦੂਜੀ ਢਾਣੀ ਚ ਬੈਠ ਚਾਹ ਪੀਂਦੇ ਤੇ ਗੱਲਾਂ ਕਰਦੇ। ਹਰ ਰੋਜ ਗੱਲਾਂ ਦੇ ਵਿਸ਼ੇ ਆਲੇ ਦੁਆਲੇ ਨਾਲ ਹੀ ਸੰਬੰਧਿਤ ਹੁੰਦੇ। ਰਾਜਨੀਤੀ, ਫੈਸ਼ਨ, ਅਮੀਰੀ – ਗਰੀਬੀ ਤੋਂ ਕੋਹਾਂ ਦੂਰ। ਚਾਹ ਦੇ ਸਮੇਂ ਦੀ ਸਮਾਪਤੀ ਅਮਰ ਕੌਰ ਭੂਆ ਦੇ ਅਵਾਜੇ ਨਾਲ ਹੁੰਦੀ। “ ਹੁਣ ਇੱਥੇ ਹੀ ਬੈਠੇ ਰਹਿਣਾ, ਸੂਰਜ ਦੀ ਟਿੱਕੀ ਛਿਪਣ ਨੂੰ ਆਈ ਆ, ਆਥਣ ਦੇ ਰੋਟੀ ਟੁੱਕ ਦਾ ਕੋਈ ਫਿਕਰ ਨੀ ਇਹਨਾਂ ਨੂੰ”। ਸਾਰਿਆਂ ਫਟਾ ਫਟ ਉੱਠਣਾ ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੋਵੇ ਤੇ ਆਪੋ ਅਪਣੇ ਕੰਮੀ ਲੱਗ ਜਾਣਾ। ਬੇਬੇ ਨੇ ਬਾਲਟੀ ਅਤੇ ਟੋਕਰਾ ਚੱਕ ਬਾਹਰਲੇ ਘਰ ਨੂੰ ਸੰਨੀਆਂ ਰਲਾਉਣ ਅਤੇ ਧਾਰਾਂ ਕੱਢਣ ਤੁਰ ਪੈਣਾ ਅਤੇ ਜਾਂਦੇ ਜਾਂਦੇ ਗੁੱਡੀ ਭੂਆ ਨੂੰ ਯਾਦ ਦਿਲਾਓਣੀ ਕਿ ਬਾਬੂ ਜੀ (ਬਾਪੂ ਜੀ) ਨੇ ਪੰਜ ਆਲੀ ਗੱਡੀ ਨਾਲ ਘਰੇ ਆ ਜਾਣਾ। ਉਹਦੀ ਚਾਹ ਦੀ ਕੇਤਲੀ, ਕੱਪ- ਪਲੇਟ ਤੇ ਬਿਸਕੁਟ ਤੇਆਰ ਕਰ ਰੱਖੀਂ। ਨਾਲ੍ਹੇ ਮੇਜ – ਕੁਰਸੀ ਤੇ ਕੱਪੜਾ ਮਾਰ ਦੇਵੀਂ, ਰਾਤ ਦੀ ਨੇਰੀ ਨਾਲ ਧੂੜ ਪਈ ਹੋਣੀ। ਬਾਪੂ ਜੀ ਰਿਟਾਇਰਡ ਫੌਜੀ ਸੀ, ਸਿਰਫ ਉਸਨੂੰ ਜਾਂ ਬਾਹਰੋਂ ਆਏ ਮਹਿਮਾਨ ਲਈ ਖੰਡ ਵਾਲੀ ਬਰੁੱਕ – ਬਾਂਡ ਚਾਹ ਪੱਤੀ ਵਾਲੀ ਚਾਹ ਚੀਨੀ ਦੇ ਕੱਪਾਂ ਵਿੱਚ ਵਰਤਾਈ ਜਾਂਦੀ ਸੀ।
ਅੱਜ ਅੱਧੀ ਸਦੀ ਬਾਅਦ ਵੀ ਬੇਬੇ ਦੀ ਆਵਾਜ ਦਾ ਭੁਲੇਖਾ ਪੈ ਜਾਂਦਾ ਅਤੇ ਪੁਰਾਣੇ ਕੱਚੇ ਘਰਾਂ ਦੇ ਭੜੋਲੇ, ਹਾਰੇ, ਚੁੱਲੇ, ਦਰੀਆਂ ਦੇ ਅੱਡੇ, ਸਲਵਾੜ, ਕਪਾਹ ਦੀਆਂ ਛਿਟੀਆਂ ਅਤੇ ਖੂਹੀ ਵਿੱਚ ਡਿੱਗਦੇ ਡੋਲ ਦੀ ਆਵਾਜ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰ ਜਾਂਦੀ ਹੈ। ਪਰ ਹੁਣ ਢਾਈ ਆਲੀ ਗੱਡੀ ਦੀ ਕੂਕ ਨਾਲ ਚਾਹ ਨਹੀਂ ਬਣਦੀ।