- ਜੂਡੋ ਕਰਾਟੇ, ਮਾਰਸ਼ਲ ਆਰਟ, ਤਾਈਕਵਾਂਡੋ ਆਦਿ 'ਚ ਵੀ ਹੈ ਸੁਜਾਨ ਕੌਰ ਦੀ ਝੰਡੀ
ਮਾਨਸਾ, 24 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ 12ਵੀਂ ਕਲਾਸ ਦੇ ਨਤੀਜੇ ਵਿਚੋਂ ਜ਼ਿਲਾ ਮਾਨਸਾ ਦੇ ਸਰਦੂਲਗੜ੍ਹ ਦੀ ਗਰੀਬ ਪਰਿਵਾਰ ਨਾਲ ਸਬੰਧਤ ਅਨੁਸੂਚਿਤ ਜਾਤੀ ਦੀ ਲੜਕੀ ਨੇ 500 ਵਿਚੋਂ 500 ਅੰਕ ਲੈ ਕੇ ਸੂਬੇ ਵਿਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਹੈ। ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਦੀ ਇਸ ਪ੍ਰਾਪਤੀ ਨੂੰ ਲੈ ਕੇ ਉਸ ਦਾ ਪਰਿਵਾਰ, ਸਕੂਲ ਅਤੇ ਇਲਾਕੇ ਵਿਚ ਖੁਸ਼ੀ ਪਾਈ ਜਾ ਰਹੀ ਹੈ। ਸੁਜਾਨ ਕੌਰ ਪੜ੍ਹਾਈ ਦੇ ਨਾਲ ਨਾਲ ਕਰਾਟੇ, ਮਾਰਸ਼ਲ ਆਰਟ, ਕਿੱਕ ਬਾਕਸਿੰਗ ਅਤੇ ਤਾਈਕਵਾਂਡੋ ਵਿਚ ਵੀ ਸੂਬਾ ਪੱਧਰੀ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ। ਉਸ ਨੇ ਆਪਣੀ ਪੜ੍ਹਾਈ ਦੌਰਾਨ ਨਾ ਕਦੇ ਕੋਈ ਟਿਊਸ਼ਨ ਰੱਖੀ ਅਤੇ ਨਾ ਹੀ ਕਦੇ ਕੋਈ ਅਲੱਗ ਤੋਂ ਕੋਚਿੰਗ ਲਈ ਹੈ। ਪਰਿਵਾਰ ਵਿਚ ਦੋ ਭੈਣਾਂ ਅਤੇ ਇਕ ਭਰਾ ਦੀ ਸਭ ਤੋਂ ਵੱਡੀ ਭੈਣ ਸੁਜਾਨ ਕੌਰ ਭਵਿੱਖ ਵਿਚ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਨਿਰਮਲ ਸਿੰਘ ਫੌਜ ਵਿਚ ਸੇਵਾ ਮੁਕਤ ਹੋਣ ਤੋਂ ਬਾਅਦ ਅੱਜ ਕੱਲ ਚੰਡੀਗੜ੍ਹ ਵਿਖੇ ਪੁਲਸ ਦੀ ਨੌਕਰੀ ਕਰ ਰਹੇ ਹਨ। ਮਾਤਾ ਸਰਬਜੀਤ ਕੌਰ ਘਰੇਲੂ ਔਰਤ ਹੈ। ਦਸ਼ਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਵਿਖੇ ਨਰਸਰੀ ਕਲਾਸ ਤੋਂ ਲੈ ਕੇ ਸੁਜਾਨ ਕੌਰ ਨੇ ਬਾਰਵੀਂ ਕਲਾਸ ਤੱਕ ਦੀ ਪੜ੍ਹਾਈ ਕੀਤੀ ਹੈ ਅਤੇ ਬਾਰਵੀਂ ਕਲਾਸ ਵਿਚ ਸੂਬੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਮਾਨਸਾ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਠਵੀਂ ਕਲਾਸ ਦੀ ਪ੍ਰੀਖਿਆ ਵਿਚ ਬੁਢਲਾਡਾ ਦੇ ਪਿੰਡ ਦਾਤੇਵਾਸ ਦੀਆਂ ਦੋ ਲੜਕੀਆਂ ਅਤੇ ਪੰਜਵੀਂ ਕਲਾਸ ਦੀ ਪ੍ਰੀਖਿਆ ਵਿਚ ਪਿੰਡ ਰੱਲਾ ਦੀਆਂ 2 ਧੀਆਂ ਨੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਸੁਜਾਨ ਕੌਰ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਤਿੰਨ ਧੀਆਂ ਅਤੇ ਇਕ ਪੁੱਤਰ ਦੇ ਪਿਤਾ ਹਨ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਹਨ। ਨੌਕਰੀ ਤੋਂ ਬਿਨਾਂ ਉਨ੍ਹਾਂ ਕੋਲ ਕੋਈ ਜਮੀਨ ਆਦਿ ਨਹੀਂ ਹੈ। ਜਿਸ ਕਰਕੇ ਉਹ ਆਪਣੇ ਬੱਚਿਆਂ ਨੂੰ ਟਿਊਸ਼ਨ ਜਾਂ ਅਲੱਗ ਤੋਂ ਕੋਈ ਕੋਚਿੰਗ ਨਹੀਂ ਦਿਵਾ ਸਕੇ। ਪਰ ਉਨ੍ਹਾਂ ਦੀ ਲੜਕੀ ਨੇ ਸੂਬੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਲਾਕੇ ਦਾ ਅਤੇ ਸਾਡਾ ਨਾਂ ਰੋਸ਼ਨ ਕੀਤਾ ਉਸ ਤੋਂ ਉਹ ਗਦਗਦ ਹੋ ਉੱਠੇ ਹਨ ਅਤੇ ਧੀਆਂ ਦੇ ਮਾਪਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਲੜਕੀਆਂ ਨੂੰ ਕਿਸੇ ਕੰਮ ਵਿਚ ਘੱਟ ਨਾ ਸਮਝਣ। ਪੜ੍ਹਾਈ ਅਤੇ ਹੁਨਰ ਅੱਗੇ ਆਰਥਿਕ ਹਾਲਾਤ ਛੋਟੇ ਤਾਂ ਪੈ ਜਾਂਦੇ ਹਨ ਪਰ ਮੱਧਮ ਕਦੇ ਨਹੀਂ ਹੁੰਦੇ। ਸਿੱਖਿਆ ਦਾ ਚਾਨਣ ਹੁਨਰ ਨੂੰ ਤਰਾਸ਼ਦਾ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪੁੱਤਰੀ ਨੂੰ ਕੋਈ ਅਫਸਰ ਬਣਾ ਕੇ ਆਪਣੇ ਵਾਂਗ ਦੇਸ਼ ਸੇਵਾ ਕਰਵਾਉਣਾ ਚਾਹੁੰਦੇ ਹਨ। ਸਕੂਲ ਪਿ੍ਰੰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਜਾਨ ਕੌਰ ਦੀ ਪ੍ਰਾਪਤੀ ਤੇ ਇਲਾਕੇ ਅਤੇ ਸਕੂਲ ਦਾ ਨਾਂ ਉਚਾ ਹੋਇਆ ਹੈ। ਇਹ ਧੀ ਪੂਰੇ ਪੰਜਾਬ ਲਈ ਪ੍ਰੇਰਣਾਦਾਇਕ ਬਣ ਗਈ ਹੈ।