ਕਈ ਲੋਕ ਅੱਜ ਕੱਲ੍ਹ ਮਤਲਬ ਕਰਕੇ ਦੋਸਤੀ ਕਰਦੇ ਹਨ। ਜ਼ੁਬਾਨ ਦੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕੱਢਵਾ ਲੈਂਦੇ ਹਨ। ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਠੱਗੇ ਜਾਂਦੇ ਹਾਂ
ਹਰ ਇਨਸਾਨ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਂਦਾ ਹੈ। ਸਮਾਜ ਵਿੱਚ ਵਿਚਰਦਿਆਂ ਸਾਡੇ ਬਹੁਤ ਸਾਰੇ ਲੋਕਾਂ ਨਾਲ ਸਬੰਧ ਬਣ ਜਾਂਦੇ ਹਨ। ਦੋਸਤੀ ਪਰਿਵਾਰਕ ਸਬੰਧਾਂ ਤੱਕ ਫੈਲ ਜਾਂਦੀ ਹੈ। ਇਸ ਤਰ੍ਹਾਂ ਅਸੀਂ ਦੋਸਤਾਂ ਨਾਲ ਘੁਲ ਮਿਲ ਜਾਂਦੇ ਹਾਂ। ਕਈ ਲੋਕ ਅੱਜ ਕੱਲ੍ਹ ਮਤਲਬ ਦੇਖ ਕੇ ਦੋਸਤੀ ਕਰਦੇ ਹਨ। ਜ਼ੁਬਾਨ ਦੇ ਇੰਨੇ ਮਿੱਠੇ ਬਣ ਕੇ ਆਪਣੇ ਨਿੱਜੀ ਕੰਮ ਸਾਡੇ ਤੋਂ ਕਢਵਾ ਲੈਂਦੇ ਹਨ। ਸਾਨੂੰ ਵੀ ਲੱਗਦਾ ਹੁੰਦਾ ਕਿ ਇਹ ਬੰਦਾ ਦਿਲੋਂ ਸਾਡੇ ਕਿੰਨਾ ਕਰੀਬੀ ਹੈ। ਸਾਡੇ ਪ੍ਰਤੀ ਉਸ ਦੇ ਦਿਲ ’ਚ ਬਿਲਕੁਲ ਵੀ ਨਫ਼ਰਤ ਨਹੀਂ ਹੈ। ਅੱਜ ਦੇ ਜ਼ਮਾਨੇ ਵਿੱਚ ਜੋ ਲੋਕ ਮੂੰਹ ਦੇ ਜ਼ਿਆਦਾ ਮਿੱਠਾ ਹੁੰਦੇ ਹਨ, ਦਰਅਸਲ ਉਨ੍ਹਾਂ ਦੇ ਮਨ ਅੰਦਰ ਤੁਹਾਡੇ ਪ੍ਰਤੀ ਈਰਖਾ, ਨਫ਼ਰਤ, ਵੈਰ ਬਹੁਤ ਜ਼ਿਆਦਾ ਭਰੀ ਹੁੰਦੀ ਹੈ। ਅਜਿਹੇ ਇਨਸਾਨ ਤੁਹਾਡੀ ਤਰੱਕੀ ਦੇਖ ਕੇ ਬਿਲਕੁਲ ਖ਼ੁਸ਼ ਨਹੀਂ ਹੁੰਦੇ। ਜਦੋਂ ਕੋਈ ਤੁਹਾਡਾ ਵਧੀਆ ਕਾਰਜ ਹੁੰਦਾ ਹੈ ਤਾਂ ਤੁਹਾਨੂੰ ਉੱਪਰਲੇ ਦਿਲ ਤੋਂ ਵਧਾਈ ਦਿੰਦੇ ਹਨ, ਪਰ ਅੰਦਰੋਂ ਇੰਨੀ ਨਫ਼ਰਤ ਰੱਖਦੇ ਹਨ ਕਿ ਇਹ ਸੋਚਦੇ ਰਹਿੰਦੇ ਹਨ ਕਿ ਇਹ ਬੰਦਾ ਕਿਵੇਂ ਤਰੱਕੀ ਕਰ ਰਿਹਾ ਹੈ। ਅੱਜ ਦੇ ਜ਼ਮਾਨੇ ਵਿੱਚ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਵੱਧ ਫੁਲ ਰਿਹਾ ਹੈ ਝੂਠ
ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਝੂਠ ਫ਼ਲ ਰਿਹਾ ਹੈ। ਜੋ ਬੰਦਾ ਝੂਠ ਜ਼ਿਆਦਾ ਬੋਲਣ ਵਾਲਾ ਹੁੰਦਾ ਹੈ, ਉਸ ਦੇ ਦੋਸਤ ਬਹੁਤ ਜ਼ਿਆਦਾ ਹੁੰਦੇ ਹਨ। ਬੰਦਾ ਕਦਮ-ਕਦਮ ’ਤੇ ਮੁਕਰ ਜਾਂਦਾ ਹੈ। ਸੱਚ ’ਤੇ ਖੜ੍ਹਾ ਨਹੀਂ ਹੁੰਦਾ। ਪੁਰਾਣੇ ਵੇਲਿਆਂ ਦੀ ਗੱਲ ਕਰੀਏ ਲੋਕ ਸੱਚ ਸੱਚ ਨੂੰ ਤਰਜੀਹ ਦਿੰਦੇ ਸਨ। ਜਿੱਥੇ ਕਹਿ ਦਿੱਤਾ,ਉੱਥੇ ਖੜ੍ਹ ਗਏ। ਕੋਈ ਝੂਠ ਨਹੀਂ ਬੋਲਦਾ ਸੀ। ਪਿਆਰ ਬਹੁਤ ਜ਼ਿਆਦਾ ਸੀ। ਨਫ਼ਰਤ ਨਹੀਂ ਸੀ, ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਸੀ। ਪੈਸੇ ਦੀ ਅਹਿਮੀਅਤ ਸੀ। ਅੱਜ ਪੈਸੇ ਦੀ ਹੋੜ ਲੱਗੀ ਹੋਈ ਹੈ। ਅੱਜ ਤਾਂ ਉਹ ਸਮਾਂ ਹੈ ਜੇ ਤੁਸੀਂ ਕਿਸੇ ਤੋਂ ਮਦਦ ਵੀ ਲੈ ਲਈ ਅਗਲਾ ਬੰਦਾ ਸਾਰੇ ਸ਼ਹਿਰ ਵਿੱਚ ਢੰਡੋਰਾ ਪਿੱਟ ਦਿੰਦਾ ਹੈ ਕਿ ਮੈਂ ਇਸ ਇਨਸਾਨ ਦੀ ਪੈਸੇ ਨਾਲ ਮਦਦ ਕੀਤੀ ਸੀ ਜਾਂ ਮੈਂ ਇਸ ਬੰਦੇ ਦਾ ਇਹ ਕੰਮ ਕਰਾਉਣ ਵਿੱਚ ਮਦਦ ਕੀਤੀ ਸੀ। ਆਪਸੀ ਪ੍ਰੀਤ, ਪਿਆਰ ਖ਼ਤਮ ਹੋ ਚੁੱਕਿਆ ਹੈ। ਮਤਲਬੀ ਲੋਕ ਕਦੇ ਵੀ ਕਿਸੇ ਦੇ ਸਕੇ ਨਹੀ ਹੁੰਦੇ। ਮੂੰਹ ’ਤੇ ਤੁਹਾਡੀ ਚੰਗਿਆਈ, ਪਿੱਠ ’ਤੇ ਬੁਰਾਈ ਕਰਦੇ ਹਨ। ਅਜਿਹੇ ਲੋਕ ਤੁਹਾਨੂੰ ਮਿੱਠਾ ਜ਼ਹਿਰ ਦੇ ਕੇ ਡੰਗ ਲੈਂਦੇ ਹਨ। ਅਜਿਹੇ ਲੋਕ ਦੋਹਰੇ ਕਿਰਦਾਰ ਵਾਲੇ ਹੁੰਦੇ ਹਨ। ਕਿਸੇ ਨੇ ਸਹੀ ਹੀ ਕਿਹਾ ਹੈ, ‘ਮੂੰਹ ’ਤੇ ਰਾਮ ਰਾਮ, ਬਗਲ ’ਚ ਛੁਰੀ। ਅੱਜ ਦਾ ਇਨਸਾਨ ਮੁਖੌਟਾਧਾਰੀ ਹੈ ਉਸ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨਹੀਂ ਹੈ। ਦੋਹਰੇ ਕਿਰਦਾਰ ਦੀ ਲਪੇਟ ਵਿੱਚ ਇਨਸਾਨ ਘਿਰ ਗਿਆ ਹੈ।
ਰਿਸ਼ਤਿਆਂ ਦੀ ਰੱਖੋ ਲਾਜ
ਚਾਹੇ ਕੋਈ ਵੀ ਇਨਸਾਨ ਹੋਵੇ ਉਸ ਨੂੰ ਪਹਿਲਾਂ ਪਰਖੋ। ਵਿਸ਼ਵਾਸ ਸੋਚ ਸਮਝ ਕੇ ਕਰੋ। ਜੇ ਕੋਈ ਇਨਸਾਨ ਤੁਹਾਡਾ ਵਿਸ਼ਵਾਸ ਖ਼ਤਮ ਕਰ ਚੁੱਕਿਆ ਹੈ ਤਾਂ ਦੁਬਾਰਾ ਉਸ ’ਤੇ ਵਿਸ਼ਵਾਸ ਕਰਨਾ ਮੂਰਖਤਾ ਹੈ। ਬਹੁਤ ਚਲਾਕ ਲੋਕ ਅੱਜ ਕੱਲ੍ਹ ਸਮਾਜ ਵਿੱਚ ਵਿਚਰ ਰਹੇ ਹਨ। ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਝੂਠ ਬੋਲ ਕੇ ਆਪਣਾ ਕੰਮ ਕੱਢ ਲੈਂਦੇ ਹਨ। ਅਜਿਹੇ ਲੋਕ ਸੋਚਦੇ ਹਨ ਕਿ ਮੈਂ ਫਲਾਣੇ ਬੰਦੇ ਨੂੰ ਮੂਰਖ ਬਣਾਕੇ ਕੰਮ ਕੱਢ ਲਿਆ, ਮੇਰੇ ਨਾਲੋਂ ਵੱਧ ਚਲਾਕ ਕੋਈ ਨਹੀਂ ਹੈ। ਅਜਿਹੇ ਇਨਸਾਨ ਭੁੱਲ ਚੁੱਕੇ ਹਨ ਕਿ ਦਾਤਾ ਸਾਰਾ ਹਿਸਾਬ ਕਿਤਾਬ ਲੈ ਕੇ ਬੈਠਾ ਹੈ। ਕਦੇ ਨਾ ਕਦੇ ਤਾਂ ਤੁਹਾਡਾ ਚਿਹਰਾ ਦੂਜੇ ਇਨਸਾਨ ਦੇ ਸਾਹਮਣੇ ਜ਼ਰੂਰ ਆ ਜਾਵੇਗਾ। ਪਰਮਾਤਮਾ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਤਾਂ ਜ਼ਰੂਰ ਹੁੰਦਾ ਹੈ। ਆਪਣੇ ਕਾਰੋਬਾਰ ਨੂੰ ਹੀ ਪਹਿਲ ਦੇਣ ਵਾਲੇ ਲੋਕ ਝੂਠ ਤੂਫ਼ਾਨ ਬੋਲ ਕੇ ਆਪਣਿਆਂ ਨੂੰ ਹੀ ਰਗੜੇ ਲਗਾ ਲੈਂਦੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਕਿ ਇੱਕ ਭਰਾ ਨੇ ਗਲਤ ਪ੍ਰੋਪਰਟੀ ਆਪਣੀ ਭੈਣ ਨੂੰ ਦੇ ਕੇ ਉਸ ਤੋਂ ਖੂਬ ਕਮਾਈ ਕੀਤੀ। ਦੇਖੋ ਖ਼ੂਨ ਦੇ ਰਿਸ਼ਤਿਆਂ ’ਚ ਕਿਸ ਤਰ੍ਹਾਂ ਗਿਰਾਵਟ ਆ ਚੁੱਕੀ ਹੈ। ਭਾਈ ਭੈਣ ਨੂੰ ਨਹੀ ਬਖ਼ਸ਼ ਰਿਹਾ। ਭੈਣਾਂ ਨੂੰ ਭਰਾਵਾਂ ਤੋਂ ਬਹੁਤ ਉਮੀਦ ਹੁੰਦੀ ਹੈ। ਮਰਦੇ ਦਮ ਤੱਕ ਭੈਣ ਨੂੰ ਉਮੀਦ ਹੁੰਦੀ ਹੈ ਕਿ ਕੱਲ੍ਹ ਨੂੰ ਉਸ ਦਾ ਭਰਾ ਉਸ ’ਤੇ ਕੱਫ਼ਣ ਜ਼ਰੂਰ ਪਾਉਣ ਆਏਗਾ। ਪਰ ਅੱਜ ਦੇ ਜ਼ਮਾਨੇ ਵਿੱਚ ਮਤਲਬੀ ਲੋਕਾਂ ਦੇ ਕਿਰਦਾਰ ਦਿਲ ਨੂੰ ਡੂੰਘੀ ਸੱਟ ਮਾਰਦੇ ਹਨ।
ਕਿਸ ’ਤੇ ਕੀਤਾ ਜਾਏ ਵਿਸ਼ਵਾਸ
ਅੱਜ ਦੇ ਜਮਾਨੇ ਵਿੱਚ ਵਿਸ਼ਵਾਸ ਕਰਨ ਯੋਗ ਬਹੁਤ ਥੋੜ੍ਹੇ ਹਨ। ਬੱਚੇ ਮਾਂ ਬਾਪ ਨਾਲ ਝੂਠ ਬੋਲਦੇ ਹਨ। ਸਕੂਲ ਜਾਣ ਦੀ ਥਾਂ ਪਾਰਕਾਂ ਵਿੱਚ ਬੈਠ ਜਾਂਦੇ ਹਨ। ਕਲਾਸਾਂ ਮਿਸ ਕਰਦੇ ਹਨ। ਜੋ ਇਨਸਾਨ ਅੱਜ ਕੱਲ੍ਹ ਦੋਹਰੇ ਕਿਰਦਾਰ ਨਿਭਾ ਰਹੇ ਹਨ। ਅਜਿਹੇ ਲੋਕਾਂ ਨੂੰ ਤਾਂ ਦੂਰ ਤੋਂ ਹੀ ਸਲਾਮ ਹੈ। ਅਜਿਹੇ ਲੋਕਾਂ ਨਾਲ ਤਾਂ ਕੋਈ ਲੈਣ ਦੇਣ ਵੀ ਨਹੀਂ ਕਰਨਾ ਚਾਹੀਦਾ। ਘਰ ਵਿੱਚ ਬਿਲਕੁਲ ਵੀ ਅਜਿਹੇ ਲੋਕਾਂ ਨਹੀਂ ਬੁਲਾਉਣਾ ਚਾਹੀਦਾ। ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਲੋਕਾਂ ਨੂੰ ਭਰਮਾ ਕੇ ਨੁਕਸਾਨ ਕਰ ਜਾਂਦੇ ਹਨ। ਫਿਰ ਠੀਕਰਾ ਦੂਜੇ ਦੇ ਸਿਰ ਡੰਨ ਦਿੰਦੇ ਹਨ। ਦੋਸਤ ਜ਼ਰੂਰ ਬਣਾਓ, ਪਰ ਹੋਵੇ ਵਿਸ਼ਵਾਸ ਵਾਲਾ, ਜੋ ਤੁਹਾਡਾ ਨੁਕਸਾਨ ਨਾ ਕਰੇ। ਪੈਸੇ ਦੀ ਬਹੁਤ ਜ਼ਿਆਦਾ ਹੋੜ ਕਾਰਨ ਅੱਜ ਖ਼ੂਨ ਦੇ ਰਿਸ਼ਤਿਆਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਅੱਜ ਦੇ ਜ਼ਮਾਨੇ ਵਿੱਚ ਆਪਣੇ ਆਸ-ਪਾਸ ਸਮਾਜ ਵਿੱਚ ਲੋਕਾਂ ਨੂੰ ਪਰਖ ਕੇ ਹੀ ਉਨ੍ਹਾਂ ਨਾਲ ਨੇੜਤਾ ਪਾਓ। ਦੇਖੋ ਕੋਈ ਮੂਰਖ ਬਣਾ ਕੇ ਤਾਂ ਤੁਹਾਡੇ ਤੋਂ ਕੰਮ ਨਹੀਂ ਕਢਵਾ ਰਿਹਾ। ਅਜਿਹੇ ਇਨਸਾਨ ਜੇ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ ਹੈ ਤਾਂ ਉਸ ਨੂੰ ਹੱਥ ਜੋੜ ਕੇ ਅਲਵਿਦਾ ਕਹਿ ਦੇਵੋ। ਤਾਂ ਕਿ ਕੱਲ੍ਹ ਨੂੰ ਤੁਹਾਨੂੰ ਜ਼ਿਆਦਾ ਰਗੜਾ ਨਾ ਲੱਗ ਸਕੇ।