ਜਗ ਵਾਲਿਓ ਸੁਣੋ ਸੁਣਾਵਾਂ,ਮੈਂ ਕੁੱਝ ਕੁ ਸੱਚੀਆਂ ਗੱਲਾਂ ਨੂੰ।
ਜਗ ਨੂੰ ਏਹਦੀ ਲੋੜ ਹੈ ਹੁੰਦੀ,ਖੁਰਾਕ ਦੀ ਜਿੱਦਾਂ ਮੱਲਾਂ ਨੂੰ।
ਹੁਸਨ ਜਵਾਨੀ ਮਾਪੇ ਕੇਰਾਂ,ਜ਼ਿਦਗੀ ਦੇ ਵਿੱਚ ਮਿਲਦੇ ਨੇ।
ਸਾਂਭ ਲਏ ਜਿਸ ਨੇ ਤਿੰਨੇ ਲੋਕੋ,ਵਾਂਗ ਗੁਲਾਬ ਦੇ ਖਿਲਦੇ ਨੇ।
ਗਵਾਕੇ ਫਿਰ ਪਛਤਾਉਣਾ ਪੈਂਦਾ,ਪੈਂਦਾ ‘ਕੱਲ-ਮਕੱਲਾਂ’ ਨੂੰ।
ਜੱਗ ਨੂੰ ਏਹਦੀ ਲੋੜ ਹੈ ਹੁੰਦੀ…….......................।
ਗੱਲ ਜ਼ੁਬਾਨੋ ਤੀਰ ਕਮਾਨੋ,ਨਿਕਲੇ ਕਦੇ ਵੀ ਮੁੜਦੇ ਨਾ।
ਫੱਟ ਤਲਵਾਰ ਦੇ ਸੀਤੇ ਜਾਂਦੇ ਫੱਟ ਜ਼ੁਬਾਨ ਦੇ ਜੁੜਦੇ ਨਾ।
ਬੋਲੀ ਦੇ ਸੱਲ ਐਸੇ ਹੁੰਦੇ, ਮੇਟ ਨਾ ਸਕੇ ਕੋਈ ਸੱਲਾਂ ਨੂੰ।
ਜੱਗ ਨੂੰ ਏਹਦੀ ਲੋੜ ਹੈ ਹੁੰਦੀ…….....................।
ਕਦੀ ਛੋਟਾ ਨਾ ਸਮਝੋ ਲੋਕੋ,ਕਰਜ਼ਾ ਵੈਰ ਬੀਮਾਰੀ ਨੂੰ।
ਚੋਰੀ ਚੁਗਲੀ ਤੇ ਝੂਠ ਬੋਲਕੇ,ਸਮਝੋ ਨਾ ਹੁਸ਼ਿਆਰੀ ਨੂੰ।
ਦਿਲ ਵਿੱਚ ਲੈ ਕੇ ਪਾਪ ਅਨੇਕਾਂ ਨਾ ਖੜਕਾਓ ਟੱਲਾਂ ਨੂੰ।
ਜੱਗ ਨੂੰ ਏਹਦੀ ਲੋੜ ਹੈ ਹੁੰਦੀ…….....................।
ਚੌਧਰ ਪਿੱਛੇ ਜੇ ਕੋਈ ਭੱਜਦਾ,ਚੌਧਰ ਅੱਗੇ ਨੂੰ ਭੱਜਦੀ ਏ।
ਚਾਹੁੰਣ ਵਾਲੇ ਨੂੰ ਮਿਲੇ ਨਾ ਚੌਧਰ,ਏਹੋ ਰੀਤੀ ਜੱਗ ਦੀ ਏ।
‘ਅਮਰੀਕ ਤਲਵੰਡੀ’ ਸੱਚ ਆਖਦਾ,ਪੱਲੇ ਬੰਨ੍ਹ ਲਓ ਗੱਲਾਂ ਨੂੰ।
ਜੱਗ ਨੂੰ ਏਹਦੀ ਲੋੜ ਹੈ ਹੁੰਦੀ……........................।