ਜ਼ਿੰਦਗੀ ਇਕ ਸੰਘਰਸ ਹੈ। ਕਈ ਵਾਰ ਸਾਨੂੰ ਜ਼ਿੰਦਗੀ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ। ਜਿੰਨ੍ਹਾਂ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿਚ ਹੀ ਸਬਰ-ਸੰਤੋਖ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਿਸੇ ਕੋਲ ਵੱਧ ਹੁੰਦਾ ਹੈ, ਕਿਸੇ ਕੋਲ ਘੱਟ ਹੁੰਦਾ ਹੈ। ਕਿਸੇ ਕੋਲ ਬਹੁਤ ਘੱਟ ਸੀਮਤ ਮਾਤਰਾ ਵਿਚ ਸਾਧਨ ਹੁੰਦੇ ਹਨ। ਅੱਜ ਦੇ ਜ਼ਮਾਨੇ ਵਿਚ ਪੈਸੇ ਦੀ ਹੋੜ ਬਹੁਤ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ । ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ। ਪੈਸਿਆਂ ਕਾਰਨ ਸਾਰੇ ਹੀ ਅੱਜਕਲ੍ਹ ਰਿਸ਼ਤੇ ਟੁੱਟ ਚੁੱਕੇ ਹਨ। ਏਨਾ ਮਾੜਾ ਸਮਾਂ ਆ ਗਿਆ ਹੈ ਕਿ ਭਰਾ-ਭਰਾ ਇਕ-ਦੂਜੇ ਦੀ ਸ਼ਕਲ ਦੇਖਣ ਨੂੰ ਪਸੰਦ ਨਹੀਂ ਕਰਦੇ। ਬਸ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੈਸੇ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਤਾਂ ਪ੍ਰਣ ਕਰੀਏ! ਕਿ ਅਸੀਂ, ਸਾਰਾ ਦਿਨ ਖ਼ੁਸ਼ ਰਹਿਣਾ ਹੈ। ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ। ਹਮੇਸ਼ਾ ਚੰਗਾ ਸੋਚੋ। ਕਦੇ ਵੀ ਕਿਸੇ ਪ੍ਰਤੀ ਨਕਾਰਾਤਮਿਕ ਵਿਚਾਰ ਨਾ ਰੱਖੋ। ਸਵੇਰੇ ਉੱਠਦੇ ਸਾਰ ਹੀ ਤੁਹਾਡੇ ਚਿਹਰੇ ’ਤੇ ਖੁਸ਼ੀ ਹੋਣੀ ਚਾਹੀਦੀ ਹੈ। ਮੱਥੇ ’ਤੇ ਪਈ ਤਿਊੜੀ ਨਾਲ ਅਸੀਂ ਆਪ ਵੀ ਦੁਖੀ ਹੁੰਦੇ ਹਾਂ। ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸੀਬਤ ਵਿਚ ਪਾ ਦਿੰਦੇ ਹਨ। ਜੇ ਚਿਹਰੇ ’ਤੇ ਖੁਸ਼ੀ ਰਹੇਗੀ ਤਾਂ ਘਰ ਦਾ ਮਾਹੌਲ ਵੀ ਬਹੁਤ ਵਧੀਆਂ ਹੋਵੇਗਾ। ਘਰ ਦੇ ਜੀਅ ਇਕ-ਦੂਜੇ ਦੀ ਕਦਰ ਕਰਨਗੇ। ਆਪਸੀ ਪਿਆਰ ਬਹੁਤ ਵਧੇਗਾ। ਕਿਸੇ ਪ੍ਰਤੀ ਨਫ਼ਰਤ ਨੂੰ ਨਹੀਂ ਰੱਖਣਗੇ। ਕਹਿਣ ਦਾ ਭਾਵ ਹੈ ਕਿ ਸਾਰੇ ਘਰ ਦਾ ਮਹੌਲ ਸਵਰਗ ਵਰਗਾ ਪ੍ਰਤੀਤ ਹੋਵੇਗਾ। ਇਕ ਦੂਜੇ ਦੀ ਇੱਜ਼ਤ ਹੋਵੇਗੀ ਮਾਣ-ਸਤਿਕਾਰ ਵਧੇਗਾ।
ਕਈ ਵਾਰ ਅਸੀਂ ਪਰਮਾਤਮਾ ਨੂੰ ਕੋਸਦੇ ਰਹਿੰਦੇ ਹਾਂ ਕਿ ਤੂੰ ਮੈਨੂੰ ਇਹ ਨਹੀਂ ਦਿੱਤਾ ਮੈਂ ਏਨੀ ਮਿਹਨਤ ਕੀਤੀ। ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾ ਛੋਟੀ ਕਾਰ, ਜਾਂ ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ ਦਾਤ ਨਹੀਂ ਬਖ਼ਸ਼ੀ ਜਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ, ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ ਜਾਂ ਮੇਰੇ ਕੋਲ ਛੋਟੀ ਕਾਰ ਹੈ, ਹੋਰ ਵੀ ਕਈ ਤਰ੍ਹਾਂ ਦੇ ਮਨ-ਮੁਟਾਵ ਮਨ ਵਿਚ ਹੁੰਦੇ ਹਨ। ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ ਦੇਖ ਕੇ ਆਉਂਦੇ ਹਨ। ਕਈ ਵਾਰ ਅਸੀਂ ਆਪਣੇ ਦੁੱਖ ਨਾਲੋਂ ਜ਼ਿਆਦਾ ਦੁਖੀ ਨਹੀਂ ਹੁੰਦੇ, ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਨ ਜਿੰਨਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਸਾਨੂੰ ਉਸ ਵਿਚ ਹੀ ਸਬਰ ਕਰਨਾ ਚਾਹੀਦਾ ਹੈ। ਅਕਸਰ ਸਾਡੇ ਸਮਾਜ ਵਿਚ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ ਕਿ ਜੋ ਸਾਨੂੰ ਹਮੇਸ਼ਾ ਖ਼ੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਕਈ ਵਾਰ ਸਾਡੇ ਸਾਹਮਣੇ ਅਜਿਹੀਆਂ ਉਦਾਹਰਨਾ ਹੁੰਦੀਆਂ ਹਨ, ਜਿਨ੍ਹਾਂ ਕੋਲ ਸੀਮਤ ਸਾਧਨ ਹੁੰਦੇ ਹਨ ਉਹ ਬਹੁਤ ਖ਼ੁਸ਼ੀ ਨਾਲ ਜ਼ਿੰਦਗੀ ਗੁਜ਼ਾਰਦੇ ਹਨ। ਜੋ ਝੁੱਗੀ ਝੋਪੜੀਆਂ ਵਾਲੇ ਹੁੰਦੇ ਹਨ, ਉਹ ਹਰ ਰੋਜ਼ ਕਮਾਉਂਦੇ ਹਨ ਤੇ ਸ਼ਾਮ ਨੂੰ ਖਾ ਲੈਂਦੇ ਹਨ। ਉਨ੍ਹਾਂ ਨੂੰ ਅਗਲੇ ਦਿਨ ਦੀ ਫਿਕਰ ਵੀ ਨਹੀਂ ਹੁੰਦੀ ਹੈ। ਫਿਰ ਵੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ। ਗ਼ਰੀਬ ਲੋਕਾਂ ਨੂੰ ਮਕਾਨ ਬਣਾਉਣਾ ਦੀ ਵੀ ਫ਼ਿਕਰ ਨਹੀਂ ਹੁੰਦੀ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਅੱਜ ਦਾ ਦਿਨ ਵਧੀਆ ਗੁਜ਼ਰਿਆ ਹੈ। ਸੋ ਕੱਲ੍ਹ ਦਾ ਵੀ ਦਿਨ ਵਧੀਆ ਗੁਜ਼ਰੇਗਾ। ਅਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਗੁਜ਼ਾਰਦੇ ਹਨ। ਕਈ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖ਼ੁਸੀ ਨਾਲ ਗੁਜ਼ਾਰਦੇ ਹਨ। ਅਜਿਹੇ ਲੋਕਾਂ ਦੀ ਜ਼ਿੰਦਗੀ ਵਿਚ ਫਿਰ ਦੁੱਖ ਬਹੁਤ ਘੱਟ ਹੁੰਦੇ ਹਨ ਕਿਉਂਕਿ ਉਹ ਜ਼ਿੰਦਗੀ ਦਾ ਹਰ ਪਲ ਖ਼ੁਸ਼ੀ ਨਾਲ ਗੁਜ਼ਾਰਦੇ ਹਨ। ਘਰ ਵਿਚ ਇਕ-ਦੂਜੇ ਦੀ ਇੱਜ਼ਤ ਕਰਦੇ ਹਨ। ਜੇ ਉਨ੍ਹਾਂ ਕੋਲ ਸੀਮਤ ਸਾਧਨ ਹਨ ਤਾਂ ਉਸੇ ਵਿਚ ਖ਼ੁਸ਼ ਰਹਿੰਦੇ ਹਨ। ਦੂਜਿਆਂ ਦੀ ਤਰੱਕੀ ਨੂੰ ਦੇਖ ਕੇ ਜਲਦੇ ਨਹੀਂ ਹਨ। ਹਮੇਸ਼ਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ ਕਿ ਇਹ ਰੱਬ ਜਿੰਨਾ ਵੀ ਤੂੰ ਸਾਨੂੰ ਦਿੱਤਾ ਉਸੇ ਵਿਚ ਹੀ ਸਾਨੂੰ ਸਬਰ ਹੈ। ਕਹਿਣ ਦਾ ਮਤਲਬ ਇਹ ਹੈ ਕਿ ਅਜਿਹੇ ਲੋਕਾਂ ਨੂੰ ਜਿੰਦਗੀ ਨਾਲ ਕੋਈ ਵੀ ਸ਼ਿਕਵਾ ਨਹੀਂ ਹੁੰਦਾ।
ਅਜਿਹੇ ਲੋਕ ਜਿੰਨ੍ਹਾਂ ਨੂੰ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਹੁੰਦੇ ਹਨ, ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ। ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਉਂਦਾ ਦੇ ਦਿੰਦੇ ਹਨ। ਅੱਜਕਲ੍ਹ ਤਾਂ ਵੈਸੇ ਹੀ ਜ਼ਿੰਦਗੀ ਬਹੁਤ ਛੋਟੀ ਹੈ। ਪਤਾ ਹੀ ਨਹੀਂ ਲੱਗਦਾ ਸਮੇਂ ਦਾ ਕਿ ਕਦੋਂ ਮੌਤ ਹੋ ਜਾਂਦੀ ਹੈ। ਕਿਉਂ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ? ਕਿਉਂ ਅਸੀਂ ਹਮੇਸ਼ਾ ਖ਼ੁਸ਼ ਰਹਿਣਾ ਨਹੀਂ ਚਾਹੁੰਦੇ। ਜਿੰਨ੍ਹਾਂ ਵੀ ਹੈ, ਉਸੇ ਵਿਚ ਹੀ ਸਬਰ ਕਰਨਾ ਚਾਹੀਦਾ ਹੈ। ਜੇਕਰ ਅਸੀਂ ਖੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ। ਜੇ ਅਸੀਂ ਖ਼ੁਸ਼ ਰਹਾਂਗੇ ਤਾਂ ਸਾਡੀ ਦੇਖਾ-ਦੇਖੀ ਵਿਚ ਪਰਿਵਾਰਕ ਮੈਂਬਰ ਵੀ ਖੁਸ਼ ਰਹਿਣਾ ਸਿੱਖ ਲੈਣਗੇ। ਇਸ ਲਈ ਆਓ, ਜ਼ਿੰਦਗੀ ਨੂੰ ਹੱਸ ਖੇਡ ਕੇ ਗੁਜ਼ਾਰੀਏ ਤੇ ਖ਼ੁਦ ਵੀ ਖ਼ੁਸ਼ ਰਹੀਏ ਤੇ ਹੋਰਾਂ ਨੂੰ ਵੀ ਖ਼ੁਸ਼ ਰਹਿਣ ਦੇਈਏ।