ਸਾਹਿਤ ਰਚਣ ਵਿੱਚ ਲੁਧਿਆਣੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲੁਧਿਆਣਾ ਗੀਤ ਸੰਗੀਤ ਦੇ ਵਿੱਚ ਵੀ ਪੁਰਾਣੇ ਸਮਿਆਂ ਤੋਂ ਸਾਰੇ ਸੰਸਾਰ ਵਿੱਚ ਇੱਕ ਹੱਬ ਬਣਕੇ ਉਭਰ ਕੇ ਸਾਹਮਣੇ ਆਇਆ ਸੀ। ਏਸੇ ਲੁਧਿਆਣੇ ਦੇ ਆਸ ਪਾਸ ਤੋਂ ਬਹੁਤ ਸਿਰਮੌਰ ਕਲਮਾਂ ਸਾਹਿਤਕ ਗੀਤ ਸੰਗੀਤ ’ਚ ਬਹੁਤ ਵੱਡਾ ਯੋਗਦਾਨ ਪਾ ਚੁੱਕੀਆਂ ਹਨ। ਜੇ ਦੇਖਿਆ ਜਾਵੇ ਤਾਂ ਅੱਜ ਕੱਲ ਵੀ ਲੁਧਿਆਣੇ ਤੋਂ ਬਹੁਤ ਕਲਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਹਨ। ਇਹਨਾਂ ਕਲਮਾਂ ’ਚੋਂ ਇੱਕ ਨਾਮ ਆਉਂਦਾ ਹੈ, ‘ਮਨਜੀਤ ਕੌਰ ਧੀਮਾਨ’ ਜੀ ਦਾ। ਇਹ ਕਲਮ ਥੋੜੇ ਜਿਹੇ ਸਮੇਂ ’ਚ ਵੱਡੀਆਂ ਪੁਲਾਘਾਂ ਪੁੱਟ ਕੇ ਕਲਮਾਂ ਦੀ ਮੂਹਰਲੀ ਕਤਾਰ ’ਚ ਪਹੁੰਚਣ ’ਚ ਯਤਨਸ਼ੀਲ ਹੈ। ਮਨਜੀਤ ਤੇ ਪਰਮਾਤਮਾਂ ਦੀ ਐਨੀ ਬਖਸ਼ਿਸ਼ ਹੈ, ਰਚਨਾਂ ਨੂੰ ਸੋਹਣੇ ਢੰਗ ਨਾਲ ਉਹੋ ਰੰਗਤ ਚਾੜ੍ਹ ਦੇਂਦੀ ਹੈ, ਜਿਹੜੀ ਵੀ ਜ਼ਿੰਦਗੀ ਦੇ ਰੰਗ ਨੂੰ ਉਹ ਲਿਖ ਰਹੀ ਹੋਵੇ। ਕਵਿਤਾ ਨੂੰ ਸੁੱਚੇ ਮੋਤੀਆਂ ਦੀ ਮਾਲ਼ਾ ਦੇ ਵਾਂਗ ਢੁੱਕਵੇਂ ਥਾਂ ਤੇ ਪਰੋਣਾ ਜਾਣਦੀ ਹੈ। ਆਓ ਇਸ ਕਲਮ ਵੱਲੋਂ ਲਿਖੀਆਂ ਕਵਿਤਾਵਾਂ ਦੀ ਵੰਨਗੀ ਤੇ ਝਾਤ ਪਾਉਂਦੇ ਆਂ:-
ਮੈਂ ਤੇ ਮੇਰੀ ਧੀ....
ਮੈਂ ਤੇ ਮੇਰੀ ਧੀ ਇੱਕੇ ਜਿਹੀਆਂ,
ਰੰਗ ਗੁਲਾਬੀ ਫਿੱਕੇ ਜਿਹੀਆਂ।
ਮੈਂ ਤੇ ਮੇਰੀ ਧੀ.....
ਹੱਸਦੀ ਉਹ ਤਾਂ ਆਪ ਨੂੰ ਤੱਕਾਂ,
ਟੌਹਰ ਨੰਨ੍ਹੀ ਦੀ ਵੇਖ਼ ਨਾ ਥੱਕਾਂ।
ਗੱਲਾਂ ਕਰੇ ਜਾਦੂਗਰ ਨਿੱਕੇ ਜਿਹੀਆਂ।
ਮੈਂ ਤੇ ਮੇਰੀ ਧੀ....
ਛੋਟੇ-ਛੋਟੇ ਬੁੱਲ੍ਹ ਨੇ ਗੁਲਾਬੀ,
ਮੈਂ ਜਿੰਦਰਾ ਤੇ ਉਹ ਹੈ ਚਾਬੀ।
ਦੋ ਪਾਸੇ ਇੱਕੋ ਸਿੱਕੇ ਜਿਹੀਆਂ।
ਮੈਂ ਤੇ ਮੇਰੀ ਧੀ.....
ਮਾਂ ਧੀ ਦੇ ਪਿਆਰ ਨੂੰ ਸੱਚੀਆਂ ਭਾਵਨਾਵਾਂ ਨਾਲ ਚਿੱਟੇ ਦੁੱਧ ਵਰਗੇ ਰਿਸ਼ਤੇ ਨੂੰ ਕਲਮ ਬੱਧ ਕੀਤਾ ਹੈ, ਮਨਜੀਤ ਕੌਰ ਧੀਮਾਨ ਨੇ।
ਇੱਕ ਸੱਚ ਨੂੰ ਬਾਣੀ ਦੇ ਆਧਾਰ ਤੇ ਖੂਬਸੂਰਤ ਲਾਈਨਾਂ ਵਾਲੀ ਕਵਿਤਾ ਲਿਖਦੀ ਮਨਜੀਤ ਇੰਝ ਬਿਆਨ ਕਰ ਰਹੀ ਹੈ:-
ਧੰਨੁ ਲੇਖਾਰੀ ਨਾਨਕਾ....
ਕਵੀਆਂ ਨੂੰ ਸਤਿਕਾਰ ਦਿੱਤਾ,
ਗੁਰੂਆਂ ਅਤੇ ਪੀਰਾਂ ਨੇ ਵੀ।
ਸਲਾਹਾਂ ਪੁੱਛ ਕੇ ਕੰਮ ਕੀਤੇ ਸੀ,
ਰਾਜਿਆਂ ਅਤੇ ਵਜ਼ੀਰਾਂ ਨੇ ਵੀ।
ਕਵੀਆਂ ਨੂੰ....
ਧੰਨੁ ਲੇਖਾਰੀ ਨਾਨਕਾ,
ਜਿਨਿ ਨਾਮੁ ਲਿਖਾਇਆ ਸਚੁ।
ਸਤਿਗੁਰ ਦੀ ਸਿਫ਼ਤ ਸੱਚੀ,
ਬਾਕੀ ਸਾਰੀ ਕਾਇਆ ਕੱਚ।
ਬਖਸ਼ੀ ਕੁਦਰਤਿ ਸਾਦਗੀ ਤੇ,
ਨਿਵ ਕੇ ਚਲਦੇ ਨੀਰਾਂ ਨੇ ਵੀ।
ਕਵੀਆਂ ਨੂੰ.....
ਇਸ਼ਕ ਮਜਾਜ਼ੀ,
ਇਸ਼ਕ ਹਕੀਕੀ,
ਇਸ਼ਕ ਕਮਾਉਂਦੇ ਕਲਮ ਨਾਲ।
ਧਾਰ ਲੈਂਦੇ ਜਿਹਨੂੰ ਰੂਹ ਦਾ ਹਾਣੀ,
ਵਫ਼ਾ ਨਿਭਾਉਂਦੇ ਬਲਮ ਨਾਲ।
ਰਾਂਝਿਆਂ ਨੇ ਜੇ ਮੌਤ ਹੰਢਾਈ,
ਇਸ਼ਕ ਪੁਗਾਇਆ ਹੀਰਾਂ ਨੇ ਵੀ।
ਕਵੀਆਂ ਨੂੰ....
ਧੁਰ ਤੋਂ ਆਉਂਦੇ ਅੱਖਰ ਸਾਹਵੇਂ,
ਰਾਜ਼ੀ ਰੱਬ ਦੀ ਰਜ਼ਾ ਨੂੰ ਲਿਖਦੇ।
ਆਪਣੇ ਕੋਲੋਂ ਕੁਝ ਨਾ ਸੁੱਝਦਾ,
ਨਾ ਇਹ ਬਹਿ ਜਮਾਤੀਂ ਸਿਖਦੇ।
ਪਿਆਰ ’ਚ ਅੰਨ੍ਹੇ ਹੋ ਕੇ ਲਿਖਿਆ,
ਅਨਪੜ੍ਹ ਅਤੇ ਫ਼ਕੀਰਾਂ ਨੇ ਵੀ।
ਕਵੀਆਂ ਨੂੰ......
ਮਾੜਾ ਇਹਨਾਂ ਦੇ ਨਾਲ ਨਾ,
ਕੋਈ ਕਦੇ ਕਮਾਇਓ ਬਈ।
ਛਪ ਜਾਣਾ ਹਰ ਅੱਖਰ-ਅੱਖਰ,
ਸੋਚ ਕੇ ਗੱਲ ਸੁਣਾਇਓ ਸਈ।
ਇੱਕ ਇੱਕ ਕੱਠੀ ਕਰ ਲੈਣੀ ਏ,
ਖਿੱਦੋ ਬਣ ਜਾਣਾ ਲੀਰਾਂ ਨੇ ਵੀ।
ਕਵੀਆਂ ਨੂੰ....
ਮਨਜੀਤ ਕੌਰ ਕਹਿੰਦੀ ਹੈ ਕਿ ਲਿਖਣ ਦਾ ਸ਼ੌਂਕ ਉਸਨੂੰ ਬਚਪਨ ਤੋਂ ਹੀ ਸੀ, ਕੋਰੇ ਕਾਗਜ਼ ਤੇ ਲਿਖ ਲੈਦੀਂ ਤੇ ਮਿਟਾ ਦੇਂਦੀ।ਸੱਤਵੀਂ ਜਾਂ ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਇੱਕ ਮਿੰਨੀ ਕਹਾਣੀ ‘ਖ਼ੁਸ਼ੀ ਬਨਾਮ ਰਾਜਨੀਤੀ’ ਲਿਖੀ। ਕਿਸੇ ਦੀ ਸਲਾਹ ਤੇ ਅਮਲ ਕਰਕੇ ਰੋਜ਼ਾਨਾ ਅਜੀਤ ਪੰਜਾਬੀ ਅਖ਼ਬਾਰ ਨੂੰ ਭੇਜ ਦਿੱਤੀ ਜਦੋਂ ਮਨਜੀਤ ਦੀ ਪਹਿਲੀ ਕਹਾਣੀ ‘ਖੁਸ਼ੀ ਬਨਾਮ ਰਾਜਨੀਤੀ’ ਅਜੀਤ ਅਖ਼ਬਾਰ ਵਿੱਚ ਛਪੀ ਤਾਂ ਮਨਜੀਤ ਕੌਰ ਧੀਮਾਨ ਨੂੰ ਆਪਣੇ ਅੰਦਰ ਦੀ ਕਲਾ ਦਾ ਅਹਿਸਾਸ ਹੋਇਆ ਨਾਲ ਹੀ ਉਸਨੂੰ ਬਹੁਤ ਸਾਰੀਆਂ ਚਿੱਠੀਆਂ ਵੀ ਆਈਆਂ, ਜਿਨ੍ਹਾਂ ਨੇ ਉਸਨੂੰ ਬਹੁਤ ਹੌਸਲਾ ਬਖਸ਼ਿਆ। ਸਮਝੋ ਇਸ ਕਹਾਣੀ ਨੇ ਉਸ ਦੀ ਕਲਮ ਦਾ ਨੀਂਹ-ਪੱਥਰ ਰੱਖਿਆ ਤੇ ਕਲਮੀਂ ਮਾਰਗ ਉੱਤੇ ਤੋਰ ਲਿਆ।
ਇਹ ਸ਼ਬਦ ਹਨ, ਪੰਜਾਬੀ ਮਾਂ- ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਤਨ, ਮਨ, ਲਗਨ, ਸ਼ੌਂਕ ਤੇ ਦ੍ਰਿੜ੍ਹਤਾ ਨਾਲ ਤੁਰੀ ਹੋਈ ਬੀਬਾ ਮਨਜੀਤ ਕੌਰ ਧੀਮਾਨ ਦੇ। ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਕਰਾਵਰ(ਕਰੋਰ) ਵਿੱਚ, ਅਕਤੂਬਰ, 1984 ਨੂੰ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਅਤੇ ਸਰਦਾਰ ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਜਨਮੀ ਅਤੇ ਅੱਜ ਕੱਲ੍ਹ ਆਪਣੇ ਜੀਵਨ ਸਾਥੀ ਸ੍ਰੀ ਨਰੇਸ਼ ਕੁਮਾਰ ਧੀਮਾਨ ਅਤੇ ਇਕਲੌਤੀ ਬੇਟੀ ਸੀਰਤ ਨਾਲ ਲੁਧਿਆਣਾ ਸ਼ਹਿਰ ਵਿੱਚ ਵਸਦੀ ਮਨਜੀਤ ਦੱਸਦੀ ਹੈ ਕਿ ਮੁੱਢਲੀ ਪੜ੍ਹਾਈ ਉਸਨੇ ਬੀ.ਏ.ਬੀ. ਸਕੂਲ ਬਲਾਚੌਰ ਤੋਂ ਕੀਤੀ। ਬੀ. ਏ. ਦੀ ਡਿਗਰੀ (ਪੰਜਾਬ ਯੂਨੀਵਰਸਿਟੀ ਚੰਡੀਗੜ) ’ਤੋਂ ਐਮ. ਏ. ਸਰਕਾਰੀ ਕਾਲਜ ਰੋਪੜ, (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੋਂ ਅਤੇ ਬੀ.ਐਡ.ਸਾਈਂ ਕਾਲਜ ਆਫ ਐਜੂਕੇਸ਼ਨ ਜਾਡਲਾ, (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੇਵਾਲ ਗਰਲਜ਼ ਕਾਲਜ ਵਿੱਚ ਤਿੰਨ ਸਾਲ ਉਸਨੇ ਰਾਜਨੀਤੀ ਵਿਸ਼ੇ ਦੀ ਲੈਕਚਰਾਰ ਦੀ ਸੇਵਾ ਨਿਭਾਈ। ਪੰਜਾਬ-ਟੈਟ ਦਾ ਪੇਪਰ ਵੀ ਪਾਸ ਕੀਤਾ। ਸਰਕਾਰੀ ਨੌਕਰੀ ਤੋਂ ਬੇਉਮੀਦ ਅੱਜ ਕੱਲ੍ਹ ਉਹ ਲੁਧਿਆਣਾ ਵਿਖੇ ਬਤੌਰ ਅਧਿਆਪਕਾ ਸੇਵਾ ਨਿਭਾ ਰਹੀ ਹੈ। ਆਪਣੇ ਦੋਵਾਂ ਭਰਾਵਾਂ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਾਪਸੀ ਕਾਰਨ ਮਨਜੀਤ ਆਪਣੇ ਮਾਂ-ਬਾਪ ਦੀ ਇਸ ਵਕਤ ਇਕੱਲੀ ਧੀ ਹੈ। ਪਰ ਉਹ ਆਪਣੇ ਮਾਂ ਬਾਪ ਪ੍ਰਤੀ ਆਪਣੇ ਹਰ ਫਰਜ਼ ਨੂੰ ਪੂਰਾ ਕਰਦੀ ਹੈ। ਸਹੁਰੇ ਹੋਣ ਜਾਂ ਪੇਕੇ ਆਪਣੇ ਹਰ ਫਰਜ਼ ਨੂੰ ਉਹ ਵਾਹਿਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਗ੍ਰਹਿਣ ਕਰਦੀ ਹੈ।
ਉਹ ਦੱਸਦੀ ਹੈ ਕਿ ਉਸ ਨੂੰ ਲਿਖਣ ਦੀ ਚੇਟਕ ਉਸ ਦੇ ਇੱਕਲੇਪਨ ਤੋਂ ਲੱਗੀ। ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਤੇ ਦੱਸਵੀਂ ਕਰਨ ਤੋਂ ਬਾਅਦ ਲਿਖਣ ਵੀ ਲਤ ਵੀ ਲੱਗ ਗਈ। ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਕਰਦਿਆਂ ਉਹਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਕਿਤਾਬਾਂ ਨੇ ਹਮੇਸ਼ਾਂ ਉਸ ਨਾਲ ਸੱਚੀ ਦੋਸਤੀ ਨਿਭਾਈ ਹੈ। ਇਸ ਤੋਂ ਵੀ ਵਧ ਕੇ ਪਤੀ ਨਰੇਸ਼ ਕੁਮਾਰ ਜੀ ਨੇ ਹਮੇਸ਼ਾਂ ਸਾਥ ਦਿੱਤਾ ਹੈ। ਉਹਨਾਂ ਨੇ ਕਦੇ ਵੀ ਕੋਈ ਬੰਦਿਸ਼ ਨਹੀਂ ਲਗਾਈ ਤੇ ਕਲਮ ਨੂੰ ਚਲਦੀ ਰੱਖਣ ਲਈ ਹੌਸਲਾ ਅਫ਼ਜ਼ਾਈ ਵੀ ਕਰਦੇ ਹਨ।
ਸਕੂਲ ਵਿੱਚ ਜਿੱਥੇ ਉਸ ਨੇ ਖੋ-ਖੋ ਦੀ ਖੇਡ ਬਹੁਤ ਖੇਡੀ ਉੱਥੇ ਕਾਲਜ ਦੀ ਪੜ੍ਹਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਖੁੱਲ੍ਹ ਕੇ ਭਾਗ ਲੈਂਦੀ ਰਹੀ। ਬੀ. ਐਡ. ਦੌਰਾਨ ਸਾਰੇ ਅਧਿਆਪਕ ਖਾਸਕਰ ਸ਼੍ਰੀਮਾਨ ਗੁਰਪ੍ਰੀਤ ਸਿੰਘ ਜੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਹਰ ਹਫ਼ਤੇ ਸਟੇਜ ਤੇ ਕੁੱਝ ਨਾ ਕੁੱਝ ਬੋਲਣਾ ਜ਼ਰੂਰੀ ਹੁੰਦਾ ਸੀ। ਨਤੀਜਨ ਕਾਲਜ਼ ਵਿੱਚ ਛੱਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸਨੂੰ ਮੌਕਾ ਮਿਲਿਆ।
ਮਨਜੀਤ ਨੇ ਕਿਹਾ ਕਿ ਸ਼ੁਰੂਆਤ ਵਿੱਚ ਮੇਰੀਆਂ ਦੋ ਕਹਾਣੀਆਂ ਅੰਮ੍ਰਿਤਸਰ ‘ਮਿੰਨੀ ਕਹਾਣੀ ਮੁਕਾਬਲੇ’ ਵਿਚ ਜਿੱਤੀਆਂ ਤੇ ਉਹਨਾਂ ਦੀ ਕਿਤਾਬ ‘ਮਿੰਨੀ’ ਵਿੱਚ ਵੀ ਛਪੀਆਂ ਸਨ। ਪਾਠਕਾਂ ਨੇ ਕਵਿਤਾਵਾਂ ਲਿਖਣ ਦੀ ਸਲਾਹ ਦਿੱਤੀ ਤਾਂ ਓਹਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਉਸਦੀਆਂ ਪਹਿਲੀਆਂ ਕਵਿਤਾਵਾਂ ‘ਸਾਹਿਤ ਸਭਾ ਪਟਿਆਲਾ’(ਪੰਜਾਬੀ ਭਾਸ਼ਾ ਵਿਭਾਗ) ਵਲੋਂ ਪ੍ਰਕਾਸ਼ਿਤ ਪੁਸਤਕ ‘ਕਲਮ ਸ਼ਕਤੀ’ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪ੍ਰੀਤਮ ਲੁਧਿਆਣਵੀ ਜੀ ਦੀ ਅਗਵਾਈ ਵਿੱਚ ਛਪੀ ਪੁਸਤਕ ‘ਰੰਗ ਬਿਰੰਗੀਆਂ ਕਲਮਾਂ’ ਵਿੱਚ ਵੀ ਕਵਿਤਾਵਾਂ ਛਪੀਆਂ ਹਨ ਅਤੇ (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਰਜਿ:) ਦੇ ਛੱਪ ਰਹੇ ਸਾਂਝੇ ਕਾਵਿ-ਸੰਗ੍ਰਹਿ ਸਮੇਤ, ਜਸਪਾਲ ਕੋਰੇਆਣਾ ਜੀ ਵਲੋਂ ਪ੍ਰਕਾਸ਼ਿਤ ਸਾਂਝਾ ਸੰਗ੍ਰਹਿ ‘ਹਰਫ਼ ਮੋਤੀਆ ਵਰਗੇ’ ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮੈਡਮ ਸੁਖਮਨ ਜੀ ਪਟਿਆਲਾ ਵਲੋਂ ਪ੍ਰਕਾਸ਼ਿਤ ਦੋ ਸਾਂਝੇ ਕਾਵਿ-ਸੰਗ੍ਰਹਿ ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ।
ਤਾਲਾਬੰਦੀ ਦੌਰਾਨ ਮਨਜੀਤ ਨੇ ਬਹੁਤ ਸਾਰੇ ਆਨਲਾਈਨ ਕਵੀ ਦਰਵਾਰਾਂ ਵਿੱਚ ਭਾਗ ਲਿਆ ਤੇ ਬਹੁਤ ਸਾਰੇ ਪ੍ਰੰਸ਼ਸਾ ਪੱਤਰ ਵੀ ਪ੍ਰਾਪਤ ਕੀਤੇ। ਜਿਸ ਵਿੱਚ ਪਰਮਦੀਪ ਸਿੰਘ ਦੀਪ ਵੈੱਲਫ਼ੇਅਰ ਸੋਸਾਇਟੀ, ਲੁਧਿਆਣਾ ਵਲੋਂ ਸ:ਹਰੀ ਸਿੰਘ ਜਾਚਕ ਜੀ ਤੋਂ ਬਹੁਤ ਸਾਰਾ ਮਾਣ ਸਨਮਾਨ ਪ੍ਰਾਪਤ ਹੋਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵਲੋਂ ਸਨਮਾਨ ਮਿਲਿਆ। ਇਸ ਤੋਂ ਇਲਾਵਾ ਉਹ ‘ਓਂਟਰਾਰਿਓ ਫਰੈਡਜ਼ ਕਲੱਬ ਟੋਰਾਂਟੋ, ਕੈਨੇਡਾ’ ਦੀ ਮੈਂਬਰ ਰਹੀ ਅਤੇ ਉਨ੍ਹਾਂ ਵਲੋਂ ਕੀਤੇ ਜਾਂਦੇ ਆਨਲਾਈਨ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਹੈ ਅਤੇ ਕਹਾਣੀ ਪ੍ਰਤੀਯੋਗਤਾਵਾਂ ਵਿੱਚ ਵੀ ਭਾਗ ਲੈਂਦੀ ਹੈ ਅਤੇ ਓ.ਆਫ. ਸੀ. ਵਲੋਂ ਪ੍ਰਕਾਸ਼ਿਤ ਕੀਤੇ ਗਏ ਸਾਂਝੇ ਕਹਾਣੀ ਸੰਗ੍ਰਹਿ ‘ਫ਼ਲਕ’ ਦਾ ਹਿੱਸਾ ਵੀ ਹੈ। ਇਸ ਕਿਤਾਬ ਦੀ ਘੁੰਢ ਚੁਕਾਈ ਮੌਕੇ ਮਨਜੀਤ ਨੇ ਸੁਲਤਾਨਪੁਰ ਲੋਧੀ ਵਿਖੇ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ’ ਫਤਿਹਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤੇ। ਮਨਜੀਤ ‘ਅਵਤਾਰ ਰੇਡੀਓ ਸੀਚੇਵਾਲ’
ਦੇ ਲਾਈਵ ਪ੍ਰੋਗਰਾਮਾਂ ਵਿੱਚ ਵੀ ਭਾਗ ਲੈਂਦੀ ਰਹਿੰਦੀ ਹੈ। ਮੈਡਮ ਚਰਨਜੀਤ ਕੌਰ ਪਟਿਆਲਾ ਜੀ ਪ੍ਰੋਗਰਾਮ ‘ਚਿੱਠੀਆਂ ਸੁਨੇਹੇ’ ਵਿੱਚ ਵੀ ਅਕਸਰ ਚਿੱਠੀਆਂ ਦੀ ਸਾਂਝ ਪਾਉਂਦੀ ਰਹਿੰਦੀ ਹੈ। ਉਸਨੇ ਇੱਕ ਹੋਰ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਸਰਦਾਰ ਹਰਭਜਨ ਸਿੰਘ ਖੇਮਕਰਨੀ ਜੀ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਮਿੰਨੀ ਕਹਾਣੀ ਮੁਕਾਬਲੇ ਵਿਚ ਉਸਦੀ ਕਹਾਣੀ ‘ਦ੍ਰਿੜ੍ਹ ਵਿਸ਼ਵਾਸ’ ਨੇ ਉਤਸ਼ਾਹਿਤ ਸਥਾਨ ਪ੍ਰਾਪਤ ਕੀਤਾ ਸੀ ਅਤੇ ਉਨ੍ਹਾਂ ਨੇ ਇੱਕ ਵਾਰ ਫਿਰ ‘ਮਿੰਨੀ-2020’ ਪੁਸਤਕ ਵਿੱਚ ਮਨਜੀਤ ਦੀ ਕਹਾਣੀ ਨੂੰ ਸ਼ਾਮਿਲ ਕਰਕੇ ਮਾਣ ਬਖਸ਼ਿਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੀ ਮੈਡਮ ਗੁਰਜੀਤ ਅਜਨਾਲਾ ਜੀ ਵਲੋਂ ਛਪਵਾਈ ਕਹਾਣੀਆਂ ਦੀ ਕਿਤਾਬ ‘ਕਲਮਾਂ ਦਾ ਕਾਫ਼ਲਾ’ ਵਿੱਚ ਵੀ ਮਨਜੀਤ ਦੀਆਂ ਕਹਾਣੀਆਂ ਨੂੰ ਮਾਣ ਮਿਲਿਆ ਹੈ। ਮੈਡਮ ਗੁਰਜੀਤ ਅਜਨਾਲਾ ਵਲੋਂ ਦਿੱਤੀ ਗਈ ਸੇਵਾ ਨਿਭਾਉਂਦਿਆਂ ਮਨਜੀਤ ਫੇਸਬੁੱਕ ਤੇ ਹਰ ਮੰਗਲਵਾਰ ਨੂੰ ਕਹਾਣੀ ਮੁਕਾਬਲੇ ਕਰਵਾਉਂਦੀ ਹੈ ਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਤੋਂ ਇਲਾਵਾ ਹਰ ਮਹੀਨੇ ਦੂਸਰੇ ਸੋਮਵਾਰ ਨੂੰ ਜੂਮ ਐਪ ਰਾਹੀਂ ਕਹਾਣੀ ਦਰਬਾਰ ਵੀ ਕਰਵਾਉਂਦੀ ਹੈ।
ਪਟਿਆਲਾ ਤੋਂ ਸ੍ਰੀ ਸਾਗਰ ਸੂਦ ਜੀ ਵੱਲੋਂ ਸੰਪਾਦਿਤ ਕਿਤਾਬ ‘ਗਾਗਰ ਵਿੱਚ ਸਾਗਰ’ ਵਿੱਚ ਵੀ ਮਨਜੀਤ ਦੀਆਂ ਕਵਿਤਾਵਾਂ ਸ਼ਾਮਿਲ ਹਨ।
ਅਦਬੀ ਸਾਂਝ ਮੈਗਜ਼ੀਨ ਵਲੋਂ ਮਨਜੀਤ ਨੂੰ ਕਈ ਵਾਰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਓਂਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ ਹੁੰਦੇ ਆਨਲਾਈਨ ਕਹਾਣੀ ਮੁਕਾਬਲੇ ਵਿਚ ਮਨਜੀਤ ਦੀ ਕਹਾਣੀ ‘ਸਰਕਾਰੀ ਰਾਸ਼ਨ’ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਗਜ਼ੀਨਜ਼ ਵਿੱਚ ਮਨਜੀਤ ਦੀਆਂ ਰਚਨਾਵਾਂ ਛਪਦੀਆਂ ਹਨ ਜਿਵੇਂ ਪੰਜ ਦਰਿਆ, ਸੂਲ ਸੁਰਾਹੀ ਆਦਿ। ਮਨਜੀਤ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਦਾਰਾ ਸ਼ਬਦ ਕਾਫ਼ਲਾ ਵਲੋਂ ਮੈਡਮ ਸਿਮਰਨ ਧੁੱਗਾ ਵਲੋਂ ਕਰਵਾਏ ਪ੍ਰੋਗਰਾਮ ਵਿੱਚ ‘ਮਾਣਮਤੀ ਪੰਜਾਬਣ’ ਦਾ ਐਵਾਰਡ ਵੀ ਮਿਲਿਆ ਹੈ। ਸਮਾਰਟ ਨਿਊਜ਼ ਇਟਲੀ ਵਲੋਂ ਵੀ ਮਨਜੀਤ ਨੂੰ ਸਨਮਾਨ ਪੱਤਰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ‘ਕਲਮਾਂ ਦਾ ਕਾਫ਼ਲਾ’ ਪ੍ਰੋਗਰਾਮ, ਮੈਡਮ ਗੁਰਜੀਤ ਅਜਨਾਲਾ ਵਲੋਂ ਅਤੇ ਗੁਰਵੇਲ ਕੋਹਾਵਲੀ ਜੀ ਵਲੋਂ ਪ੍ਰੋਗਰਾਮ ‘ਗੁਰਮੁੱਖੀ ਦਾ ਵਾਰਸ’ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਨਮਾਨ ਸਮਾਰੋਹ ਵਿੱਚ ਸਨਮਾਨ ਪ੍ਰਾਪਤੀ ਹੋਈ। ਰਮਨਦੀਪ ਕੌਰ ਹਰਸਰਜਾਈ, ਲੁਧਿਆਣਾ, ਵਲੋਂ ਵੀ ਕਈ ਵਾਰ ਪੰਜਾਬੀ ਭਵਨ ਵਿਖੇ ਮਾਣ ਸਨਮਾਨ ਮਿਲਿਆ, ਸਾਦਿਕ ਪਬਲੀਕੇਸ਼ਨਜ਼ ਵਲੋਂ ਮੈਗਜ਼ੀਨ ਵਿੱਚ ਅਕਸਰ ਹਾਜ਼ਰੀ ਅਤੇ ਸਨਮਾਨ ਪ੍ਰਾਪਤੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਮਾਣ ਸਨਮਾਨ ਮਿਲਦੇ ਹਨ ਜਿਨ੍ਹਾਂ ਲਈ ਉਹ ਬਹੁਤ ਧੰਨਵਾਦੀ ਹੈ।
ਇਸ ਤੋਂ ਇਲਾਵਾ ਮਨਜੀਤ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਆਦਿ ਰੋਜ਼ਾਨਾ ਅਜੀਤ ਪੰਜਾਬੀ, ਪੰਜਾਬੀ ਟ੍ਰਿਬਿਊਨ, ਪੰਜਾਬੀ ਟ੍ਰਿਬਊਨ ਇੰਟਰਨੈਸ਼ਨਲ, ਅਜੀਤ ਹਿੰਦੀ, ਸਪੋਕਸਮੈਨ ਪੰਜਾਬੀ, ਆਨਲਾਈਨ ਪੇਪਰ ਲਿਸ਼ਕਾਰਾ ਟਾਈਮਜ਼, ਨਿਰਪੱਖ ਕਲਮ, ਦੋਆਬਾ ਐਕਸਪ੍ਰੈਸ, ਪੰਜਾਬੀ ਵਰਲਡ, ਆਗਾਜ਼ ਜਾਗਰਣ, ਜਨ ਸ਼ਕਤੀ, ਬੀ.ਬੀ. ਸੀ.ਇੰਟਰਨੈਸ਼ਨਲ, ਵਿਰਾਸਤ ਅਖ਼ਬਾਰ, ਮਾਲਵਾ ਬਾਣੀ ਅਤੇ ਸਮਾਜ ਵੀਕਲੀ ਆਦਿ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਖਬਾਰਾਂ ਵਿੱਚ ਰੋਜ਼ਾਨਾ ਛੱਪਦੀਆਂ ਹਨ।
ਮਨਜੀਤ ਦਾ ਕਹਿਣਾ ਹੈ ਕਿ ਬੇਸ਼ਕ ਉਹਨੂੰ ਬਹੁਤ ਸਾਰੇ ਸਾਂਝੇ ਸੰਗ੍ਰਹਿਆਂ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਪਰ ਇਸ ਦੇ ਨਾਲ ਹੀ ਉਹ ਹੁਣ ਆਪਣੀ ਪੁਸਤਕ ਲਈ ਤਿਆਰੀ ਕਰ ਰਹੀ ਹੈ। ਰੱਬ ਦੀ ਮਿਹਰ ਨਾਲ ਉਹਦਾ ਇਹ ਸੁਪਨਾ ਜਲਦੀ ਹੀ ਪੂਰਾ ਹੋਵੇਗਾ।
ਸਾਡਾ ਅੱਜ ਦਾ ਪੰਜਾਬੀ ਸੱਭਿਆਚਾਰ ਕਿੱਧਰ ਨੂੰ ਜਾ ਰਿਹਾ ਹੈ? ਇਸ ਬਾਰੇ ਗਾਇਕਾਂ ਅਤੇ ਲੇਖਕਾਂ ਨੂੰ ਕੀ ਕਹਿਣਾ ਚਾਹੋਗੇ ਮਨਜੀਤ?
ਪੁੱਛਣ ਤੇ ਮਨਜੀਤ ਨੇ ਕਿਹਾ ਕਿ ਮੈਂ ਤਾਂ ਸੱਭ ਨੂੰ ਇਹੀ ਕਹਿਣਾ ਚਾਹਵਾਂਗੀ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ, ਸਾਨੂੰ ਲੱਚਰਤਾ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਿਰਪੱਖ ਹੋ ਕੇ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ, ਉਹ ਅੱਗੇ ਕਹਿੰਦੀ ਹੈ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ, ਇਸ ਵਿੱਚ ਗੁਰੂਆਂ ਦੀ ਬਾਣੀ ਦਾ ਰਸ ਹੈ, ਵਾਰਿਸ ਸ਼ਾਹ ਦੀ ਹੀਰ ਹੈ, ਬੁੱਲ੍ਹੇ ਸ਼ਾਹ ਦੀ ਮਸਤੀ ਹੈ, ਸ਼ਿਵ ਦਾ ਦਰਦ ਹੈ। ਅੰਮ੍ਰਿਤਾ ਪ੍ਰੀਤਮ ਦਾ ਵਾਰਿਸ਼ ਸ਼ਾਹ ਨੂੰ ਮਿਹਣਾ ਹੈ। ਕਰੋਨਾ ਦੇ ਸਮੇਂ ਮਨਜੀਤ ਆਪਣੀ ਕਵਿਤਾ ‘ਅਰਦਾਸ’ ਵਿੱਚ ਲਿਖਦੀ ਹੈ:
ਰੱਬਾ ਰੱਬਾ ਰਹਿਮਤਾਂ ਦਾ ਮੀਂਹ ਵਰਸਾ,
ਮੁੱਕ ਚੱਲੇ ਅਸੀਂ, ਹੱਥ ਦੇ ਤੂੰ ਬਚਾ।
ਗਲਤੀਆਂ ਗੁਨਾਹਾਂ ਨਾਲ ਭਰੇ ਹੋਏ ਹਾਂ,
ਸਾਡੀਆਂ ਭੁੱਲਾਂ ਨੂੰ ਆਪੇ ਤੂੰ ਬਖ਼ਸ਼ਾ।
ਮਨਜੀਤ ਨੇ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਤੇ ਆਪਣੀ ਕਲਮ ਚਲਾਈ ਹੈ ਜਿਵੇਂ:- ਨਸ਼ੇ, ਰਿਸ਼ਤੇ, ਪਿਆਰ, ਵਿਛੋੜਾ, ਧੀਆਂ ਦੇ ਦਰਦ, ਗਰੀਬਾਂ ਦੇ ਹੱਕ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ, ਪੁੱਤਾਂ ਦਾ ਮਾਪਿਆਂ ਪ੍ਰਤੀ ਨਿਰਮੋਹੇ ਹੋਣਾ, ਧੀਆਂ ਦਾ ਸਤਿਕਾਰ ਆਦਿ।
ਮਨਜੀਤ ਲਿਖਦੀ ਹੈ:
ਜੋਕਰ ਜਿਹਾ ਬਣ ਜਾਵਾਂ ਮੈਂ,
ਸੱਭ ਨੂੰ ਖੂਬ ਹਸਾਵਾਂ ਮੈਂ।
ਗ਼ਮਾਂ ਵਾਲੇ ਢੋਅ ਕੇ ਬੂਹੇ,
ਸਾਰੇ ਦੁੱਖ ਭੁਲਾਵਾਂ ਮੈਂ।
ਮਨਜੀਤ ਅੱਜ ਕੱਲ੍ਹ ਲਿਖੀ ਜਾਂ ਗਾਈ ਜਾ ਰਹੀ ਅਸ਼ਲੀਲਤਾ ਤੋਂ ਬਹੁਤ ਦੁਖੀ ਹੁੰਦੀ ਹੈ ਤੇ ਇਹੀ ਅਰਦਾਸ ਕਰਦੀ ਹੈ ਕਿ ਸਾਡੇ ਸੱਭਿਆਚਾਰ ਤੇ ਸਾਡੀ ਮਾਂ ਬੋਲੀ ਵਿੱਚ ਇਹ ਅਸ਼ਲੀਲਤਾ ਨਾ ਪਰੋਸੀ ਜਾਵੇ। ਓਹ ਸਾਰੇ ਲੇਖਕਾਂ ਤੇ ਵਿਦਵਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਮਹਾਨ ਸੱਭਿਆਚਾਰ ਨੂੰ ਸੰਭਾਲੋ। ਚੰਗਾ ਲਿਖੋ ਤੇ ਚੰਗਾ ਗਾਓ।
ਆਪਣੇ ਬਾਰੇ ਓਹ ਕਹਿੰਦੀ ਹੈ ਕਿ ਮੈਂ ਹਮੇਸ਼ਾ ਅਪਣੀ ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰਹਾਂਗੀ। ਇਸਦੇ ਨਾਲ ਹੀ ਮਨਜੀਤ ਆਪਣੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਹਨਾਂ ਨੇ ਰੱਜ ਰੱਜ ਕੇ ਦੁਆਵਾਂ ਦਿੱਤੀਆਂ ਹਨ, ਇੱਕ ਪਰਿਵਾਰ ਬਣ ਕੇ ਉਸਨੂੰ ਅੱਗੇ ਵਧਾਇਆ ਹੈ ਤੇ ਉਸਦੀਆਂ ਲਿਖਤਾਂ ਨੂੰ ਐਨਾ ਪਿਆਰ ਤੇ ਮਾਣ ਬਖਸ਼ਿਆ ਹੈ।
ਓਹ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਜੇਕਰ ਕਿਸੇ ਦੇ ਘਰ ਕੱਲੀ ਧੀ ਹੈ ਤਾਂ ਉਹਨਾਂ ਨੂੰ ਕਰਮਾਂ ਵਾਲੇ ਸਮਝੋ ਨਾ ਕਿ ਇਹ ਕਹੋ ਕਿ ਹਾਏ! ਹਾਏ! ਮੁੰਡਾ ਨਹੀਂ ਹੈ ਇਹਨਾਂ ਦਾ ਕੋਈ? ਅੱਜਕਲ ਧੀਆਂ ਵੀ ਘਰ ਦੀਆਂ ਵਾਰਸ ਹਨ ਤੇ ਉਹ ਹਰ ਵੇਲੇ ਮਾਂ ਬਾਪ ਦੀ ਸੇਵਾ ਲਈ ਤਿਆਰ ਰਹਿੰਦੀਆਂ ਹਨ। ਇਸ ਲਈ ਸੋਚ ਨੂੰ ਬਦਲੋ, ਧੀਆਂ ਨੂੰ ਪਿਆਰੋ ਤੇ ਵੱਧ ਤੋਂ ਵੱਧ ਪੜ੍ਹਾਓ ਤਾਂ ਕਿ ਉਹ ਤੁਹਾਡਾ ਨਾਮ ਅਸਮਾਨ ਤੇ ਲਿਖ ਸਕਣ।
ਜਿਸ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਇਹ ਕਲਮ ਪੱਕੇ ਪੈਰੀਂ ਪੰਜਾਬੀ ਸੱਭਿਆਚਾਰ ਅਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਉਸਤੋਂ ਆਉਣ ਵਾਲੇ ਕੱਲ੍ਹ ਦੀਆਂ ਖੂਬ ਸੰਭਾਵਨਾਵਾਂ ਅਤੇ ਉਮੀਦਾਂ ਹਨ। ਵਾਹਿਗੁਰੂ ਜੀ ਸਾਹਿਤ ਵਿੱਚ ਲੰਮੀਆਂ ਪਲਾਘਾਂ ਪੁੱਟ ਰਹੀ ਇਸ ਕਲਮ ਨੂੰ ਬਹੁਤ ਤਰੱਕੀ ਬਖ਼ਸ਼ਿਸ਼ ਕਰਨ ਤੇ ਆਪਣੀ ਇਸ ਪਿਆਰੀ ਬੱਚੀ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ।
ਗੁਰਚਰਨ ਸਿੰਘ ਧੰਜੂ