ਕਿਸਾਨ ਮੇਲਾ ਐਤਕੀਂ ਮਾਹੀਆ

ਤੂੰ ਹਰ ਥਾਂ ਜਾਵੇਂ ‘ਕੱਲਾ ਵੇ,
ਸਾਥੋਂ ਛੁਡਾਕੇ ਪੱਲਾ ਵੇ,
ਹੁਣ ਕੋਈ ਸੁਣਨੀ ਨਾ ਮਜ਼ਬੂਰੀ ਵੇ।
ਕਿਸਾਨ ਮੇਲਾ ਐਂਤਕੀ ਮਾਹੀਆ,
ਵੇਖਣਾ ਅਸਾਂ ਜ਼ਰੂਰੀ ਵੇ।

ਯੂਨੀਵਰਸਿਟੀ ਵਾਲੇ ਸਾਲ ‘ਚ, ਮੇਲੇ ਕਈ ਲਗਾਉਂਦੇ ਵੇ।
ਖੇਤੀਵਾੜੀ ਦੀ ਨਵੀਂ ਤਕਨੀਕ, ਸਭ ਨੂੰ ਸੁਣੇ ਸਮਝਾਉਂਦੇ ਵੇ।
ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ, ਕਿਸਾਨ ਮੇਲੇ ਦੀ ਮਸ਼ਹੂਰੀ ਵੇ।
ਕਿਸਾਨ ਮੇਲਾ ਐਤਕੀਂ
ਮਾਹੀਆ...................................।

ਮੇਲਾ ਵੇਖਕੇ ਖੇਤਾਂ ਦੇ ਵਿੱਚ, ਮੈਂ ਤੇਰੇ ਨਾਲ ਹੱਥ ਵਟਾਊਂ ਵੇ।
ਫਲ ਸਬਜ਼ੀਆਂ ਵੱਧ ਤੋਂ ਵਧ, ਘਰ ਦੇ ਵਿੱਚ ਹੀ ਉਗਾਊਂ ਵੇ।
ਬਿਨਾਂ ਰਸੋਈ ਸਿੱਖਿਆ ਦੇ, ਹਰ ਔਰਤ ਹੁੰਦੀ ਅਧੂਰੀ ਵੇ।
ਕਿਸਾਨ ਮੇਲਾ ਐਂਤਕੀ ਮਾਹੀਆ...................................।

ਪਹਿਲਾਂ ਵੀ ਕਈ ਮੇਲੇ ਤੂੰ, ਲਾਰਿਆ ਵਿੱਚ ਲੰਘਾਏ ਵੇ।
ਸਾਡੇ ਸਾਰੇ ਸ਼ੌਕ ਚੰਦਰਿਆ, ਤੂੰ ਮਿੱਟੀ ਵਿੱਚ ਮਿਲਾਏ ਵੇ।
ਆਪ ਮੇਲੇ ਦੀ ਕਰੇਂ ਤਿਆਰੀ, ਤੂੰ ਸਾਨੂੰ ਜਾਵੇਂ ਘੂਰੀ ਵੇ।
ਕਿਸਾਨ ਮੇਲਾ ਐਂਤਕੀ ਮਾਹੀਆ...................................।

ਮੇਲੇ ਦੇ ਵਿੱਚ ਹੋਣ ਨਾ ਔਰਤਾਂ, ਮੇਲਾ ਤਾਂ ਰਹਿੰਦਾ ਅੱਧਾ ਵੇ।
‘ਅਮਰੀਕ ਤਲਵੰਡੀ’ ਦੱਸਦਾ ਸੀ, ਸਭ ਹੀ ਨੂੰ ਖੁੱਲ੍ਹਾ ਸੱਦਾ ਵੇ।
ਮੇਲੇ ਨੂੰ ਚਾਰ ਚੰਨ ਨੇ ਲਾਉਣੇ, ਮੈਂ ਤਾਂ ਪਾ ਕੇ ਸੂਟ ਸੰਧੂਰੀ ਵੇ।
ਕਿਸਾਨ ਮੇਲਾ ਐਂਤਕੀ ਮਾਹੀਆ...................................।