ਰਿਸ਼ਮਾਂ ਅਧੀਨ ਪ੍ਰਕਾਸ਼ਿਤ ਸ਼ਿਸ਼ਿਰ ਸ਼ੁਕਲਾ ਦਾ ਲੇਖ ਅੱਜ ਦੇ ਇਨਸਾਨ ਦੀ ਤਾਜ਼ਾ ਸਥਿਤੀ ਨੂੰ ਬਿਆਨ ਕਰਦਾ ਹੈ। ਸਹੀ ਮਾਅਨਿਆਂ ਵਿਚ ਨਿਰਲੇਪਤਾ ਦਾ ਅਰਥ ਹੈ ਲਗਾਅ ਦੇ ਭਾਵ ਦਾ ਦਿਲੋ-ਦਿਮਾਗ ਤੋਂ ਦੂਰ ਹੋ ਜਾਣਾ। ਅਕਸਰ ਕਿਹਾ ਵੀ ਜਾਂਦਾ ਹੈ ਕਿ ਦੁੱਖ ਵਿਚ ਜ਼ਿਆਦਾ ਦੁਖੀ ਨਾ ਹੋਈਏ ਤੇ ਸੁੱਖ ਵਿਚ ਜ਼ਿਆਦਾ ਖ਼ੁਸ਼ ਨਾ ਹੋਈਏ। ਸੁੱਖ-ਦੁੱਖ ਜ਼ਿੰਦਗੀ ਦਾ ਆਧਾਰ ਹਨ। ਇਹ ਆਉਂਦੇ-ਜਾਂਦੇ ਰਹਿੰਦੇ ਹਨ। ਅਸੀਂ ਸੰਸਾਰ ਵਿਚ ਰਹਿੰਦੇ ਹੋਏ ਆਪਣੀਆਂ ਜ਼ਿੰਮੇਦਾਰੀਆਂ ਨੂੰ ਬਾਖ਼ੂਬੀ ਨਿਭਾਈਏ। ਕਿਹੋ ਜਿਹੇ ਵੀ ਹਲਾਤ ਹੋਣ, ਸਾਨੂੰ ਕਦੇ ਵੀ ਡਾਵਾਂਡੋਲ ਨਹੀਂ ਹੋਣਾ ਚਾਹੀਦਾ। ਸਹਿਜ ਹੀ ਰਹਿ ਕੇ ਮੁਸ਼ਕਲ ਤੋਂ ਨਿਕਲਿਆ ਜਾ ਸਕਦਾ ਹੈ। ਸਹਿਣਸ਼ੀਲਤਾ ਮਨੁੱਖੀ ਜੀਵਨ ਦਾ ਅਨਮੋਲ ਗਹਿਣਾ ਹੈ। ਜਦੋਂ ਕਦੇ ਮੁਸੀਬਤ ਵੀ ਆ ਜਾਵੇ ਤਾਂ ਪਰਮਾਤਮਾ ਦਾ ਹਮੇਸ਼ਾ ਧਿਆਨ ਕਰੋ। ਆਪਣੇ-ਆਪ ਨੂੰ ਕਮਜ਼ੋਰ ਨਾ ਸਮਝੋ। ਨਿਰੰਕਾਰ ਹਮੇਸ਼ਾ ਅੰਗ-ਸੰਗ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਹਾਲਤ ਵਿਚ ਆਪਣੇ-ਆਪ ਨੂੰ ਪਰੇਸ਼ਾਨ ਅਤੇ ਦੁਖੀ ਹੋਣ ਤੋਂ ਬਚਾਈਏ। ਮਾਇਆ ਤਾਂ ਜ਼ਿੰਦਗੀ ਚੰਗੀ ਤਰ੍ਹਾਂ ਗੁਜ਼ਾਰਨ ਲਈ ਹੁੰਦੀ ਹੈ। ਤ੍ਰਾਸਦੀ ਇਹ ਹੈ ਕਿ ਅਜੋਕੇ ਇਨਸਾਨ ਵਿਚ ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ। ਰਿਸ਼ਤਿਆਂ ਦੀ ਅਹਿਮੀਅਤ ਖ਼ਤਮ ਹੋ ਚੁੱਕੀ ਹੈ। ਜਿਸ ਕੋਲ ਜ਼ਿਆਦਾ ਪੈਸਾ ਹੈ, ਉਹ ਜ਼ਿਆਦਾ ਦੁਖੀ ਹੈ। ਅਕਸਰ ਸਾਡੇ ਸਾਹਮਣੇ ਕਈ ਅਜਿਹੀਆਂ ਮਿਸਾਲਾਂ ਆ ਜਾਂਦੀਆਂ ਹਨ ਜੋ ਸਾਡੇ ਜੀਵਨ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ। ਝੁੱਗੀ-ਝੋਪੜੀਆਂ ਵਾਲੇ ਰੋਜ਼ ਜਿੰਨਾ ਕਮਾਉਂਦੇ ਹਨ, ਉਸ ਨੂੰ ਖਾ ਲੈਂਦੇ ਹਨ। ਇਸੇ ਲਈ ਉਹ ਬਹੁਤ ਬੇਫ਼ਿਕਰੇ ਹੋ ਕੇ ਜੀਵਨ ਗੁਜ਼ਾਰਦੇ ਹਨ। ਉਨ੍ਹਾਂ ਨੂੰ ਕੱਲ੍ਹ ਦਾ ਫ਼ਿਕਰ ਵੀ ਨਹੀਂ ਹੁੰਦਾ। ਸੋ, ਸਦਾ ਵਰਤਮਾਨ ’ਚ ਰਹਿ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਜੇਕਰ ਅੱਜ ਵਧੀਆ ਗੁਜ਼ਰੇਗਾ ਤਾਂ ਕੱਲ੍ਹ ਵੀ ਵਧੀਆ ਹੀ ਹੋਵੇਗਾ।