ਅਸੀ ਸਾਰੇ ਜਾਣਦੇ ਹਾਂ ਕਿ ਸੂਰਜਮੁਖੀ ਦੇ ਫੁੱਲ ਦਾ ਮੂੰਹ ਹਮੇਸ਼ਾ ਸੂਰਜ ਵੱਲ ਹੁੰਦਾ ਹੈ ਅਤੇ ਸੂਰਜ ਦੀ ਦਿਸ਼ਾ ਦੇ ਹਿਸਾਬ ਦੇ ਨਾਲ ਨਾਲ ਸੂਰਜਮੁਖੀ ਦੇ ਫੁੱਲ ਵੀ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ। ਕੀ ਤੁਸੀ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ? ਜੋਕਰ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋਂ ਤਾਂ ਸਭ ਤੋਂ ਪਹਿਲਾਂ ਤੁਸੀਂ ਇਸਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਦੇਖੋ। ਤੁਸੀਂ ਦੇਖੋਗੇ ਕਿ ਸਾਰੇ ਫੁੱਲ ਪੂਰਬ ਵੱਲ ਨੂੰ ਹੋਣਗੇ। ਉਹ ਅਜੇ ਪੂਰੀ ਤਰ੍ਹਾਂ ਖਿੜੇ ਨਹੀਂ ਹਨ, ਪਰ ਖਿੜਨ ਦੀ ਪ੍ਰਕਿਰਿਆ ਵਿੱਚ ਹਨ। ਜਦੋਂ ਸੂਰਜ ਚੜ੍ਹਦਾ ਹੈ, ਤੁਸੀਂ ਦੇਖੋਗੇ ਕਿ ਸਾਰੇ ਨਵੇਂ ਅਤੇ ਤਾਜ਼ੇ ਫੁੱਲ ਸੂਰਜ ਦੀ ਦਿਸ਼ਾ ਵਿੱਚ ਹਨ ਅਤੇ ਬਹੁਤ ਹੀ ਆਰਾਮ ਨਾਲ ਸੂਰਜ ਦੀਆਂ ਕਿਰਨਾਂ ਦਾ ਆਨੰਦ ਮਾਣ ਰਹੇ ਹਨ।
ਇਹਨਾਂ ਫੁੱਲਾਂ ਵਿੱਚ ਕੁਝ ਪੁਰਾਣੇ ਫੁੱਲ ਵੀ ਮੌਜੂਦ ਹਨ। ਤੁਸੀਂ ਪੂਰਬ ਵੱਲ ਨਵੇਂ ਫੁੱਲਾਂ ਨੂੰ ਖਿੜਦੇ ਵੇਖੋਗੇ, ਜਦੋਂ ਕਿ ਕੁਝ ਪੁਰਾਣੇ ਫੁੱਲ ਪੱਛਮ ਵੱਲ ਲਗਭਗ ਸੁੱਕੇ ਹੋਏ ਦਿਖਾਈ ਦੇਣਗੇ। ਇਨ੍ਹਾਂ ਫੁੱਲਾਂ ਦਾ ਪੂਰਬ ਵੱਲ ਖਿੜਨਾ ਜਾਂ ਸੂਰਜ ਦੀ ਗਤੀ ਦੇ ਚੱਲਦਿਆਂ ਇੱਕ ਵਿਸ਼ੇਸ਼ ਵਿਗਿਆਨਕ ਵਿਧੀ ਹੈ ਜਿਸ ਨੂੰ ਵਿਗਿਆਨ ਵਿੱਚ ਹੈਲੀਓਟ੍ਰੋਪਿਜ਼ਮ (heliotropism) ਕਿਹਾ ਜਾਂਦਾ ਹੈ। ਸੂਰਜਮੁਖੀ ਦਾ ਫੁੱਲ ਸੂਰਜ ਦੀ ਦਿਸ਼ਾ ਅਨੁਸਾਰ ਚਲਦਾ ਹੈ। ਪਰ, ਰਾਤ ਨੂੰ ਉਹ ਪੂਰਬ ਵੱਲ ਆਪਣੀ ਦਿਸ਼ਾ ਬਦਲਦੇ ਹਨ ਅਤੇ ਸੂਰਜ ਚੜ੍ਹਨ ਦੀ ਉਡੀਕ ਕਰਦੇ ਹਨ।
ਸਾਲ 2016 ਵਿੱਚ ਹੈਲੀਓਟ੍ਰੋਪਿਜ਼ਮ ਉੱਤੇ ਹੋਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਮਨੁੱਖ ਕੋਲ ਇੱਕ ‘ਬਾਇਓਲਾਜੀਕਲ ਕਲਾਕ’ ਜਾਂ ਜੈਵਿਕ ਘੜੀ ਹੁੰਦੀ ਹੈ, ਉਸੇ ਤਰ੍ਹਾਂ ਸੂਰਜਮੁਖੀ ਦੇ ਫੁੱਲਾਂ ਵਿੱਚ ਵੀ ਅਜਿਹੀ ਘੜੀ ਹੁੰਦੀ ਹੈ ਜੋ ਸੂਰਜ ਦੀ ਰੌਸ਼ਨੀ ਦਾ ਪਤਾ ਲਗਾਉਂਦੀ ਹੈ ਅਤੇ ਫੁੱਲਾਂ ਨੂੰ ਉਸ ਪਾਸੇ ਵੱਲ ਮੋੜਨ ਲਈ ਪ੍ਰੇਰਿਤ ਕਰਦੀ ਹੈ। ਇਹ ਜੈਵਿਕ ਘੜੀ ਇਨ੍ਹਾਂ ਫੁੱਲਾਂ ਦੇ ਜੀਨਾਂ ਨੂੰ ਪ੍ਰਭਾਵਿਤ ਕਰਦੀ ਹੈ। ਖੋਜ ਵਿੱਚ 24 ਘੰਟੇ ਚੱਲਣ ਵਾਲੇ ‘ਸਰਕੇਡੀਅਨ ਰਿਦਮ’ ਬਾਰੇ ਦੱਸਿਆ ਗਿਆ ਹੈ। ਸੂਰਜਮੁਖੀ ਦੇ ਫੁੱਲ ਵੀ ਮਨੁੱਖਾਂ ਵਾਂਗ ਰਾਤ ਨੂੰ ਆਰਾਮ ਕਰਦੇ ਹਨ ਅਤੇ ਦਿਨ ਵੇਲੇ ਸਰਗਰਮ ਰਹਿੰਦੇ ਹਨ। ਕਿਰਨਾਂ ਦੇ ਵਧਣ ਨਾਲ ਫੁੱਲਾਂ ਦੀ ਕਿਰਿਆ ਵੀ ਵਧ ਜਾਂਦੀ ਹੈ।
ਸੂਰਜਮੁਖੀ ਦੇ ਨਵੇਂ ਪੌਦਿਆਂ ਦੇ ਤਣੇ ਰਾਤ ਨੂੰ ਵਧੇਰੇ ਉੱਗਦੇ ਹਨ। ਖਾਸ ਗੱਲ ਇਹ ਹੈ ਕਿ ਤਣੇ ਵਿੱਚ ਇਹ ਵਿਕਾਸ ਪੱਛਮ ਵੱਲ ਹੀ ਹੁੰਦਾ ਹੈ। ਇਸ ਲਈ ਉਹ ਆਪਣੇ ਆਪ ਪੂਰਬ ਵੱਲ ਝੁਕ ਜਾਂਦੇ ਹਨ। ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ, ਤਣੇ ਦੇ ਵਾਧੇ ਦੀ ਦਿਸ਼ਾ ਵੀ ਬਦਲ ਜਾਂਦੀ ਹੈ। ਡੰਡੀ ਪੂਰਬ ਵੱਲ ਵਧਦੀ ਹੈ ਅਤੇ ਇਸ 'ਤੇ ਫੁੱਲ ਪੱਛਮ ਵੱਲ ਝੁਕਣ ਲੱਗਦੇ ਹਨ। ਇਹ ਸਿਲਸਿਲਾ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹਿੰਦਾ ਹੈ।