ਸੰਤ ਨਾਭ ਦਾਸ ਜੀ ਇੱਕ ਮਹਾਨ ਸੰਤ ਸਨ , ਜਿੰਨ੍ਹਾਂ ਦਾ ਜਨਮ 1537 ਈਸਵੀ ਵਿੱਚ ਤੇਲੰਗਾਨਾ ਵਿੱਚ ਗੋਦਾਵਰੀ ਨਦੀ ਦੇ ਕੰਢੇ ਭਦਰਚਲਮ ਦੁਮਨਾ ਕਬੀਲੇ ਵਿੱਚ ਹੋਇਆ। ਆਪ ਨੂੰ ਬਚਪਨ ‘ਚ ਨਰਾਇਣ ਦਾਸ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ । ਬੜੇ ਦੁੱਖ ਦੀ ਗੱਲ ਹੈ ਕਿ ਛੋਟੀ ਉਮਰੇ ਹੀ ਆਪਦੇ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਗਿਆ ਸੀ , ਜਿਸ ਕਾਰਨ ਆਪ ਦਾ ਸਾਰਾ ਜੀਵਨ ਮੰਦਰਾਂ ਵਿੱਚ ਹੀ ਬਤੀਤ ਹੋਇਆ ਸੀ । ਮੰਦਰਾਂ ਵਿੱਚ ਰਹਿੰਦਿਆਂ ਆਪ ਨੇ ਭਗਵਾਨ ਰਾਮ ਦਾ ਹੀ ਸਿਮਰਨ ਕੀਤਾ । ਇਸੇ ਕਾਰਨ ਆਪ ਭਗਵਾਨ ਰਾਮ ਦੇ ਪਰਮ ਭਗਤ ਵਜੋਂ ਜਾਣੇ ਲੱਗ ਪਏ । ਦੁਮਨਾ ਭਾਈਚਾਰੇ ਦੇ ਲੋਕ ਸੰਗੀਤ ਦੇ ਮਾਹਿਰ ਹੋਣ ਕਰਕੇ ਆਪ ਵੀ ਭਗਵਾਨ ਰਾਮ ਦੀ ਮਹਿਮਾ ਵਿੱਚ ਸਦਾ ਗਾਇਆ ਕਰਦੇ ਸਨ ।
ਕਹਿੰਦੇ ਹਨ ਕਿ ਇੱਕ ਵਾਰ ਆਪ ਜੀ ਨੂੰ ਦੋ ਸਾਧੂ ਆ ਕੇ ਮਿਲੇ , ਜਿਨ੍ਹਾਂ ਦੀ ਸੰਗਤ ਤੋਂ ਪ੍ਰਭਾਵਿਤ ਹੋ ਕੇ ਸੰਤ ਨਾਭ ਦਾਸ ਜੀ ਉਹਨਾਂ ਦੇ ਨਾਲ ਹੀ ਜੈਪੁਰ ਚਲੇ ਗਏ । ਉੱਥੇ ਰਹਿੰਦਿਆਂ ਆਪ ਮੰਦਰ ਵਿੱਚ ਸ਼ਰਧਾਲੂਆਂ ਨੂੰ ਸ਼ਰਧਾ ਨਾਲ ਭੋਜਨ ਛਕਾਇਆ ਕਰਦੇ ਸਨ । ਆਪ ਜੀ ਦੀ ਸੇਵਾ ਭਾਵਨਾ ਦੀ ਲਗਨ ਨੂੰ ਦੇਖਕੇ ਦੋਵੇਂ ਸਾਧੂਆਂ ਨੇ ਆਪ ਜੀ ਦਾ ਨਵਾਂ ਨਾਂ ਨਾਭ ਦਾਸ ਰੱਖ ਦਿੱਤਾ । ਇੱਥੇ ਰਹਿੰਦਿਆਂ ਹੀ ਆਪ ਨੇ ਸੰਤਾਂ ਦਾ ਜੀਨ ਇਤਿਹਾਸ ਲਿਖਿਆ , ਜੋ ਆਪ ਦੁਆਰਾ ਰਚਿਤ ਪਵਿੱਤਰ ਗ੍ਰੰਥ “ਭਕਤਮਾਲ” ਵਿੱਚ ਦਰਜ ਹੈ । ਇਸਤੋਂ ਇਲਾਵਾ ਆਪਨੇ ਹੋਰ ਰਾਮਾਸ਼ਟਯਮ , ਅਸਤਯਮ ਅਤੇ ਰਾਮਚਰਿਤ ਨਾਮ ਧਾਰਮਿਕ ਗ੍ਰੰਥਾਂ ਦੀ ਵੀ ਰਚਨਾ ਕੀਤੀ । ਇਹਨਾਂ ਗ੍ਰੰਥਾਂ ਵਿੱਚ ਆਪ ਨੇ ਵੱਖ-ਵੱਖ ਸਾਧੂ ਸੰਤਾਂ ਦਾ ਜੀਵਨ ਇਤਿਹਾਸ ਦਰਜ ਕੀਤਾ । ਸੰਤਾਂ ਦੇ ਜੀਵਨ ਇਤਿਹਾਸ ਦਾ ਕਾਰਜ ਸੰਪੂਰਨ ਕਰਨ ਉਪਰੰਤ ਆਪ ਵਾਰਾਣਸੀ ਚਲੇ ਗਏ । ਵਾਰਾਣਸੀ ਰਵਾਨਾ ਹੋਣ ਸਮੇਂ ਉਹ ਆਪਣੇ ਨਾਲ ਅਨੇਕਾਂ ਹੀ ਸਾਧੂ ਸੰਤਾਂ ਨੂੰ ਵੀ ਆਪਣੇ ਨਾਲ ਲੈ ਗਏ ਸਨ ।
ਸੰਤ ਨਾਭ ਦਾਸ ਜੀ ਨੇ ਇੱਥੋਂ ਆਪਣੀਆਂ ਯਾਤਰਾਵਾਂ ਦਾ ਆਰੰਭ ਕਰਦੇ ਹੋਏ ਮਥੁਰਾ ਅਤੇ ਵ੍ਰਿੰਦਾਵਨ ਦੀ ਯਾਤਰਾ ‘ਤੇ ਗਏ ਜਿੱਥੇ ਉਹਨਾਂ ਨੇ ਭਗਵਾਨ ਕ੍ਰਿਸ਼ਨ ਦੀ ਅਰਾਧਨਾ ਕੀਤੀ ਅਤੇ ਉਨ੍ਹਾਂ ਤੁਲਸੀ ਰਾਮਾਇਣ ਲੇਖਕ ਮਹਾਨ ਸੰਤ ਸ਼੍ਰੀ ਤੁਲਸੀ ਦਾਸ ਜੀ ਨਾਲ ਮਿਲਣੀ ਕੀਤੀ । ਵੱਖ ਵੱਖ ਪਵਿੱਤਰ ਹਿੰਦੂ ਧਾਮਾਂ ਦੀ ਯਾਤਰਾ ਦੌਰਾਨ ਆਪ ਨੇ ਅਨੇਕਾਂ ਹੀ ਬੀਮਾਰ ਲੋਕਾਂ ਦਾ ਇਲਾਜ ਕੀਤਾ । ਆਪ ਜੀ 1643 ਈਸਵੀ ਵਿੱਚ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਆਪਣੇ ਪ੍ਰਾਣ ਤਿਆਗ ਗਏ ।