ਜ਼ਿੰਦਗੀ ਅਨਮੋਲ ਖਜ਼ਾਨਾ ਹੈ। ਕੁਦਰਤ ਵੱਲੋਂ ਦਿੱਤੀ ਗਈ ਇੱਕ ਵਡਮੁੱਲੀ ਦਾਤ ਹੈ। ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ ਬਣਾਉਣਾ ਹੈ। ਹਰ ਇਨਸਾਨ ਜ਼ਿੰਦਗੀ ਦਾ ਆਨੰਦ ਵੱਖ-ਵੱਖ ਤਰੀਕੇ ਨਾਲ ਮਾਣਦਾ ਹੈ। ਨਿਮਰਤਾ, ਪ੍ਰੀਤ ਪਿਆਰ ਤੇ ਸਤਿਕਾਰ ਹਰ ਇਨਸਾਨ ਦੇ ਗਹਿਣੇ ਹਨ। ਜ਼ਿੰਦਗੀ ਨੂੰ ਕਦੇ ਵੀ ਬੰਝ ਬਣ ਕੇ ਨਾ ਕੱਟੋ। ਜ਼ਿੰਦਗੀ ਹਮੇਸ਼ਾ ਹੱਸ ਖੇਡ ਕੇ ਗੁਜ਼ਾਰੋ। ਜਿੰਨੇ ਸੌਖੇ ਤਰੀਕੇ ਨਾਲ ਜ਼ਿੰਦਗੀ ਨੂੰ ਬਸਰ ਕਰੋਗੇ ਉਨਾਂ ਹੀ ਜ਼ਿਆਦਾ ਜ਼ਿੰਦਗੀ ਗਰ ਇੱਕ ਪਲ ਖੁਸ਼ਗਵਾਰ ਬਣਦਾ ਚਲਾ ਜਾਏਗਾ।
ਖੂਬਸੂਰਤ ਜ਼ਿੰਦਗੀ ਜਿਊਣ ਲਈ ਕਿਸੇ ਤੋਂ ਵੀ ਉਮੀਦ ਨਾ ਰੱਖੋ। ਨੇਕ ਕੰਮ ਕਰਦੇ ਰਹੋ, ਲੋੜਵੰਦਾਂ ਦਾ ਮੱਦਦ ਕਰਦੇ ਰਹੋ। ਦੂਜਿਆਂ ਦਾ ਜਿੰਨਾ ਹੋ ਸਕਦਾ ਉਨ੍ਹਾਂ ਦਾ ਭਲਾ ਕਰੇ । ਇੱਕ ਗੱਲ ਧਿਆਨ ਰੱਖੇ ਕਿਸੇ ਦਾ ਭਲਾ ਕਰਨ ਵੇਲੇ ਆਪਣੇ ਦਿਮਾਗ ਵਿੱਚ ਇਹ ਗੱਲ ਕਦੇ ਵੀ ਨਾ ਲੈ ਕੇ ਆਓ ਕਿ ਕੱਲ ਨੂੰ ਵੀ ਇਹ ਬੋਦਾ ਮੇਰੀ ਮਦਦ ਜ਼ਰੂਰ ਕਰੇਗਾ। ਕਿਸੇ ਪ੍ਰਤੀ ਆਪਣੇ ਮਨ ਵਿੱਚ ਮਨ ਮੁਟਾਵ ਨਾ ਲੈ ਕੇ ਆਓ । ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ । ਸਾਡੇ ਸਾਹਮਣੇ ਕਈ ਅਜਿਹੀਆਂ ਮਿਸਾਲਾਂ ਹਨ, ਜੋ ਸਾਨੂੰ ਖੂਬਸੂਰਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ। ਜੇ ਝੁੱਗੀ, ਝੌਪੜੀਆਂ ਵਾਲੇ ਹੁੰਦੇ ਹਨ, ਉਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਿਤ ਸਾਧਨ ਹੁੰਦੇ ਹਨ । ਉਹ ਵਰਤਮਾਨ ਵਿੱਚ ਰਹਿੰਦੇ ਹਨ, ਭਵਿੱਖ ਦੀ ਬਿਲਕੁਲ ਵੀ ਚਿੰਤਾ ਨਹੀਂ ਕਰਦੇ।
ਹਮੇਸ਼ਾ ਖੁਸ਼ ਰਹਿਣ ਦੀ ਆਦਤ ਪਾਓ। ਪਰਿਵਾਰਾਂ ਵਿੱਚ ਅਕਸਰ ਤਕਰਾਰ ਹੋ ਜਾਂਦੇ ਹਨ। ਕੋਈ ਗੱਲ ਨੂੰ ਆਪਣੇ ਦਿਲ ’ਤੇ ਨਾ
ਲਗਾਓ । ਸਹਿਣਸ਼ੀਲ ਰਹੋ। ਹਰ ਸਵੇਰ ਨਵੀਂ ਉਮੀਦ ਲੈ ਕੇ ਆਉਂਦੀ ਹੈ। ਸਵੇਰੇ ਸਾਰਿਆਂ ਨਾਲ ਪਿਆਰ ਨਾਲ ਗੱਲ ਕਰੋ। ਸਾਰਾ ਦਿਨ ਫੇਰ ਵਧੀਆ ਹੱਸ ਖੇਡ ਕੇ ਗੁਜ਼ਰਦਾ ਹੈ। ਦੇਖੋ! ਪ੍ਰੇਸ਼ਾਨੀਆਂ, ਮੁਸੀਬਤ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੀਆਂ ਰਹਿੰਦੀਆਂ ਹਨ । ਜੇ ਪ੍ਰੇਸ਼ਾਨੀ ਆਈ ਹੋਈ ਹੈ ਤਾਂ ਉਸਦਾ ਹੱਲ ਵੀ ਜ਼ਰੂਰ ਹੁੰਦਾ ਹੈ । ਅੱਜ ਜ਼ਮਾਨਾ ਅਜਿਹਾ ਹੈ ਕਿ ਜੇ ਤੁਹਾਡੇ ਚਿਹਰੇ ’ਤੇ ਖੁਸ਼ੀ ਹੈ ਤਾਂ ਤੁਹਾਡੇ ਨੇੜੇ ਲੱਗਣਗੇ। ਜੇ ਹਰ ਵੇਲੇ ਰੋਂਦੇ ਰਹੋਗੇ ਤਾਂ ਦੂਜੇ ਨੇ ਤਾਂ ਕਹਿਣਾ ਹੈ ਕਿ ਇਹ ਬੰਦਾ ਤਾਂ ਹਰ ਵੇਲੇ ਹੀ ਰੋਂਦਾ ਰਹਿੰਦਾ ਹੈ। ਇਸ ਦੇ ਨੇੜੇ ਲੱਗ ਕੇ ਕੀ ਫਾਇਦਾ?
ਅੱਜ ਪੈਸੇ ਦੀ ਹੋੜ ਜ਼ਿਆਦਾ ਲੱਗੀ ਹੋਈ ਹੈ। ਪੈਸੇ ਜ਼ਮੀਨਾਂ ਖਾਤਰ ਪੁੱਤ ਪਿਓ ਦਾ ਕਤਲ ਤੱਕ ਕਰ ਦਿੰਦਾ ਹੈ । ਭਰਾ-ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ। ਦੇਖੋ ਪੈਸਾ ਵੀ ਬਹੁਤ ਜ਼ਰੂਰੀ ਹੈ, ਪਰ ਹਰ ਥਾਂ ’ਤੇ ਪੈਸਾ ਕੰਮ ਨਹੀਂ ਆਉਂਦਾ ਹੈ। ਜਦੋਂ ਕੋਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਸੀ ਤਾਂ ਅਸੀਂ ਦੇਖਿਆ ਹੀ ਸੀ ਕਿ ਆਪਣੇ ਹੀ ਪਰਿਵਾਰਿਕ ਮੈਂਬਰਾਂ ਨੇ ਆਪਣੇ ਪਰਿਵਾਰ ਦੇ ਜੀਅ ਦੀ ਲਾਸ਼ ਨੂੰ ਹੱਥ ਤੱਕ ਨਹੀਂ ਲਗਾਇਆ ਸੀ। ਵਿਚਾਰਨ ਵਾਲੀ ਗੱਲ ਹੈ ਕਿ ਜਿਸ ਇਨਸਾਨ ਨੇ ਸਾਰੀ ਉਮਰ ਆਪਣੇ ਪਰਿਵਾਰ ਲਈ ਕਮਾਇਆ ਹੁੰਦਾ ਹੈ, ਉਸਦੇ ਹੀ ਪਰਿਵਾਰ ਵਾਲੇ ਉਸਨੂੰ ਪੌਣੇ ਦੋ ਮੀਟਰ ਕੱਪੜਾ ਤੱਕ ਨਹੀਂ ਪਾ ਸਕੇ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਜ਼ਿਆਦਾ ਪੈਸਾ, ਕੀ ਕਰਨਾ? ਨੀਕ ਹੈ ਪੈਸੇ ਬਗੈਰ ਕੋਈ ਪੁੱਛਦਾ ਤੱਕ ਵੀ ਨਹੀਂ ਹੈ। ਪਰ ਪੈਸਾ ਗੁਜ਼ਾਰਨ ਲਈ ਹੈ। ਅਸੀਂ ਇਸ ਥਾਂ ’ਤੇ ਕੋਈ ਰਜਿਸਟਰੀ ਕਰਵਾ ਕੇ ਨਹੀਂ ਲੈ ਕੇ ਆਏ ਹਾਂ। ਕਿ ਅਸੀਂ ਇਸ ਸੰਸਾਰ ਤੋਂ ਕਦੇ ਵੀ ਰੁਖ਼ਸਤ ਨਹੀਂ ਹੋਣਾ ਹੈ।
ਅੱਜ ਕੱਲ ਦੀ ਉਮਰ ਤਾਂ ਵੈਸੇ ਹੀ ਛੋਟੀ ਹੈ। ਪਤਾ ਹੀ ਨਹੀਂ ਲੱਗਦਾ ਕਦੋ ਚਕਲੋ ਚੱਕਲੋ ਹੋ ਜਾਣੀ ਹੈ। ਸੋ ਜ਼ਿਆਦਾ ਸਮਾਨ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਪਰਿਵਾਰ ਨੂੰ ਸਮਾਂ ਦਿਓ। ਬਜ਼ੁਰਗਾਂ ਦਾ ਸਤਿਕਾਰ ਕਰੋ। ਤੁਹਾਨੂੰ ਬਹੁਤ ਖੁਸ਼ੀ ਮਿਲੇਗੀ। ਆਪਣੀ ਸਿਹਤ ਦਾ ਧਿਆਨ ਰੱਖੋ। ਸਾਦਾ ਭੋਜਨ ਖਾਓ। ਜਿਸ ਤਰ੍ਹਾਂ ਅੱਜ-ਕੱਲ ਜੰਕ ਫੂਡ ਖਾਣ ਦਾ ਰੁਝਾਨ ਹੈ। ਜਿੰਨਾ ਹੋ ਸਕੇ ਬਾਹਰੀ ਚੀਜ਼ਾਂ ਤੋਂ ਗ਼ੁਰੇਜ਼ ਕਰੋ। ਘਰ ਦਾ ਬਣਿਆ ਹੋਇਆ ਸ਼ੁੱਧ ਸਾਫ ਸੁਥਰਾ ਭੋਜਨ ਖਾਓ। ਸਵੇਰੇ ਹੱਲਕੀ ਫੁਲਕੀ ਸੈਰ ਕਰੋ। ਜਿਸ ਕਾਰਨ ਸਾਰਾ ਦਿਨ ਵਧੀਆ ਨਿੱਕਲਦਾ ਹੈ। ਚਿਹਰੇ ’ਤੇ ਕਦੇ ਵੀ ਸੁਸਤੀ ਤੱਕ ਨਹੀਂ ਪੈਂਦੀ। ਖ਼ੂਬਸੂਰਤ ਪਾਰਕ ਵਿੱਚ ਜਾਓ। ਜਿੱਥੇ ਤੁਹਾਨੂੰ ਬਹੁਤ ਸਕੂਨ ਮਿਲੇਗਾ। ਤਰ੍ਹਾਂ ਤਰ੍ਹਾਂ ਦੇ ਫੁੱਲ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ।
ਵਧੀਆ ਕਿਤਾਬਾਂ ਪੜੋ । ਚੰਗੇ ਦੋਸਤਾਂ ਦਾ ਸੰਗ ਕਰੋ ਜੋ ਤੁਹਾਨੂੰ ਮੁਸੀਬਤ ਵਿੱਚੋਂ ਨਿਕਲਣ ਲਈ ਪ੍ਰਰਿਤ ਕਰਨ। ਦੋਸਤ ਚਾਹੇ ਇੱਕ ਹੋਵੇ, ਪਰ ਹੋਵੇ ਦਿਲੋਂ ਕਰੀਬੀ। ਕਦੇ ਵੀ ਗੁੱਸਾ ਨਾ ਹੋਵੇ, ਜੇ ਗੁੱਸਾ ਆਵੇ ਆਪਣੇ ਆਪ ’ਤੇ ਕੋਟਰੋਲ ਰੱਖੋ। ਘਰ ਵਿੱਚ ਉੱਚੀ ਆਵਾਜ਼ ਵਿੱਚ ਕਦੇ ਵੀ ਗੱਲ ਨਾ ਕਰੋ। ਬੱਚਿਆਂ ਨਾਲ ਪਿਆਰ ਨਾਲ ਗੱਲ ਕਰੋ। ਆਪਣੇਂ ਲਈ ਸਮਾਂ ਕੱਢੋ। ਜ਼ਿੰਦਗੀ ਸਿਰਫ਼ ਇੱਕ ਵਾਰ ਆਉਂਦੀ ਹੈ। ਇਸ ਲਈ ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ, ਉਹਨਾਂ ਖੂਬਸੂਰਤ ਥਾਂਵਾਂ ’ਤੇ ਜਾਓ ਜਿੱਥੇ ਤੁਹਾਨੂੰ ਸ਼ਾਂਤੀ ਮਹਿਸੂਸ ਹੋਵੇ। ਅਜਿਹੇ ਦੋਸਤਾਂ ਦਾ ਸੰਗ ਕਰੋ ਜੋ ਤੁਹਾਨੂੰ ਖੁਸ਼ੀ ਪ੍ਰਦਾਨ ਕਰਨ ਵਾਲੇ ਹੋਣ।