ਮਿੰਦੀ:- ਕਿਉਂ ਨੀਂ, ਛਿੰਦੋ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ, ਮੈਂ ਪਹਿਲੀ ਵਾਰ ਸਰਪੰਚਣੀ ਦੇਖੀ, ਚਾਰ ਸਾਲ
ਹੋ ਗਏ, ਆ ਸਰਪੰਚ ਏ ਪਿੰਡ ਦੀ।
ਨੀਂ ਮੈਂ ਕਿਹਾ ਕਿਤੇ, ਏਨਾਂ ਦਾ ਬੁੜਾ ਜਿਹਾ ਗਲੀਆਂ ’ਚ ਤੁਰਿਆਂ ਫਿਰਦਾ। ਸਾਰੇ, ਓਹਨੂੰ ਸਰਪੰਚ ਕਹਿੰਦੇ।
ਨੀ, ਅੱਜ ਪਤਾ ਲੱਗਿਆਂ, ਜਨਾਨੀ ਪਿੰਡ ਦੀ ਸਰਪੰਚ ਆ।
ਛਿੰਦੋ :- ਨੀਂ ਹਾਂ, ਮਿੰਦੀ, ਮੈਨੂੰ ਵੀ ਕੱਲ ਪਤਾ ਲੱਗਾ।
ਮਿੰਦੀ :- ਨੀਂ ਛਿੰਦੋ, ਆਹ ਤਕੜੇ ਬੰਦੇ ਜਨਾਨੀ ਨੂੰ ਜਿਤਾ ਕੇ, ਘਰਾਂ ’ਚ ਬਿਠਾ ਦਿੰਦੇ ਆ, ਆਪ ਸਰਪੰਚੀ ਕਰਦੇ ਫਿਰਦੇ।
ਏਦੋ ਚੰਗਾ, ਆਪ ਸਰਪੰਚੀ ਕਰ ਲਿਆ ਕਰਨ। ਜਦੋਂ ਜਨਾਨੀ ਨੂੰ ਤਾੜ ਕੇ ਰੱਖਣਾ। ਫੇਰ ਜਨਾਨੀ ਨੂੰ ਜਨਾਨੀਆਂ ਦੀਆਂ ਮੁਸਕਲਾਂ ਦਾ ਕੀ
ਪਤਾ ਲੱਗਣਾ, ਹੱਲ ਤਾਂ, ਦੂਰ ਦੀ ਗੱਲ, ਤਾਂ ਹੀ, ਅੱਜ ਜ਼ਨਾਨੀਆਂ ਕੁੱਟਮਾਰ ਖਾ ਕੇ ਸ਼ਰਾਬੀਆਂ ਕਬਾਬਾਂ ਨਾਲ ਕੱਟੀ ਜਾਂਦੀਆਂ।
ਜਨਾਨੀ ਨੇ ਜ਼ਨਾਨੀ ਦਾ ਦੁੱਖ ਸੁਣਨਾ ਹੁੰਦਾ, ਓਹ ਜਿੱਤ ਕੇ ਘਰਾਂ ’ਚ ਵੜ ਜਾਂਦੀਆਂ। ਅਸੀਂ ਓਨਾਂ ਨੂੰ ਜਨਾਨੀ ਸਮਝ ਵੋਟ ਪਾਈਦੀ।
ਮਿੰਦੀ:- ਨੀਂ ਛੱਡ ਛਿੰਦੋ, ਜਿੰਨਾਂ, ਐਹੋ ਜਿਹੀਆਂ ਜ਼ਨਾਨੀਆਂ ਸਰਪੰਚ ਬਣਨ ਗਈਆਂ, ਨੀਂ ਆਪਣੀ ਜੂਨੀ ਨਹੀਂ ਸੁਧਰਣੀ, ਨੀਂ ਏਨਾਂ ਨੂੰ ਕੀ
ਪਤਾ? ਅਸੀਂ ਕਿਵੇਂ ਜੂਨ ਗੁਜਾਰਾ ਕਰਦੀਆਂ।
ਛਿੰਦੋ :- ਨੀਂ ਮਿੰਦੀ, ਆਪਾਂ ਕਿਹੜੀਆਂ ਗੱਲਾਂ ’ਚ ਪੈ ਗਈਆਂ। ਨੀਂ ਮੈਂ ਤਾਂ, ਕਰਤਾਰ ਸਿਹਾਂ ਕੇ ਗੋਹਾ ਕੂੜਾ ਕਰਨ ਜਾਣਾ, ਗੱਲਾਂ ਗੱਲਾਂ
ਕੁਵੇਲਾ ਕਰ ਬੈਠੀ।
ਨੀਂ ਪਰਾ ਕਰ ਸਰਪੰਚੀ ਸਰਪੂਚੀ ਨੂੰ।
ਸ਼ਿਵਨਾਥ ਦਰਦੀ