ਸਾਉਣ


ਸਾਉਣ ਦਾ ਮਹੀਨਾ ਚੰਨਾ
ਅਜੇ ਪੇਕੇ ਰਹਿਣ ਦੇ
ਪਿੱਪਲੀ ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ

ਆਏ ਐਤਵਾਰ ਪਿੜ 
ਤੀਆਂ ਦਾ ਏ ਸੱਜਦਾ
ਪਵੇ ਵੇ ਧਮਾਲ ਪੂਰੀ ਗਿੱਧਾ
ਤਾੜ ਤਾੜ ਵੱਜਦਾ
ਠੰਡੀ ਠੰਡੀ ਹਵਾ ਕਣੀਆਂ
ਪਛੋ ਦੀਆਂ ਪੈਣ ਵੇ
ਸਾਉਣ ਦਾ ਮਹੀਨਾਂ ਚੰਨਾਂ
ਅਜੇ ਪੇਕੇ ਰਹਿਣ ਦੇ
ਪਿੱਪਲੀ  ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ

ਪਿੱਪਲੀ ਤੇ ਪੀਂਘ ਪਾਈ
ਬਾਗੀ ਬੋਲਣ ਮੋਰ ਵੇ
ਔਹ ਵੇਖ ਘਟਾ ਚੜ
ਆਈ ਘਨਘੋਰ ਵੇ
ਲੈਣ ਕਾਹਤੋ ਆ ਗਿਆ
ਕੁੜੀਆਂ ਮੈਨੂੰ ਕਹਿਣ ਵੇ
ਸਾਉਣ ਦਾ ਮਹੀਨਾ ਚੰਨਾ
ਅਜੇ ਪੇਕੇ ਰਹਿਣ ਦੇ
ਪਿੱਪਲੀ ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ

ਚੜੇ ਭਾਦੋ ਨੂੰ ਆਈਂ
ਮੈਂ ਜਾਂਵੂ ਤੇਰੇ ਨਾਲ ਵੇ
ਚਾਰ ਕੁ ਦਿਨਾਂ ਦੀ ਗੱਲ
ਮੇਰਾ ਛੱਡ ਦੇ ਖਿਆਲ ਵੇ
ਸਾਡਾ ਵੇ ਵਿਛੋੜਾ ਤੈਥੋ
ਕਿਉਂ ਨਾਂ ਹੁੰਦਾਂ ਸਹਿਣ ਵੇ
ਸਾਉਣ ਦਾ ਮਹੀਨਾਂ ਚੰਨਾਂ
ਅਜੇ ਪੇਕੇ ਰਹਿਣ ਦੇ
ਪਿੱਪਲੀ ਤੇ ਪੀਂਘ ਗਿੱਧੇ
ਤੀਆਂ ਵਿੱਚ ਪੈਣ ਵੇ