ਜੇਕਰ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ...
ਅੱਜ ਕੱਲ ਤਾਂ ਕੋਈ ਵਿਰਲਾ ਹੀ ਹੋਣਾ ਜਿਸ ਦੀ ਸ਼ਰੀਕੇ ਵਿਚ ਬਣਦੀ ਹੋਵੇ। ਭਾਈਆਂ ਭਾਈਆਂ ਦਾ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਸਹਿਣਸ਼ੀਲਤਾ ਖ਼ਤਮ ਹੋ ਗਈ ਹੈ। ਇਕ ਦੂਜੇ ਦੇ ਦੁਸ਼ਮਣ ਬਣਦੇ ਜਾਂ ਰਹੇ ਹਨ। ਭਰਾ ਆਪਣੇ ਸਕੇ ਭਰਾ ਦੀ ਤਰੱਕੀ ਦੇਖ ਕੇ ਖੁਸ਼ ਨਹੀਂ ਹੈ । ਜੇ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ 'ਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ਉਹ ਆਪਣੀ ਜੈਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ। ਜੇ ਦਰਾਣੀਆਂ-ਜਠਾਣੀਆਂ ਆਪਸ ਵਿਚ ਲੜ ਵੀ ਪੈਂਦੀਆਂ ਸਨ, ਮਜਾਲ ਹੈ ਕਿ ਗੱਲ ਆਦਮੀ ਤੱਕ ਵੀ ਚਲੀ ਜਾਏ। ਜ਼ਨਾਨੀਆਂ ਦਾ ਆਪਸ 'ਚ ਇੰਨਾ ਪਿਆਰ ਹੁੰਦਾ ਸੀ ਕਿ ਉਹ ਆਪਸ 'ਚ ਹੀ ਸੁਲਝਾ ਲੈਂਦੀਆਂ ਸਨ। ਬੱਚਿਆਂ ਦਾ ਵੀ ਬਹੁਤ ਪਿਆਰ ਹੁੰਦਾ ਸੀ।
ਸ਼ਰੀਕੇ ਦੇ ਬੱਚੇ ਆਪਸ 'ਚ ਇਕੱਠੇ ਖੇਡਦੇ ਸਨ, ਸਕੂਲ ਜਾਂਦੇ ਸਨ। ਇਕੱਠੇ ਮਾਂ-ਬਾਪ ਦੇ ਕੰਮਾਂ ਵਿਚ ਹੱਥ ਵਟਾਉਂਦੇ ਸਨ। ਸ਼ਹਿਣਸੀਲਤਾ ਹੁੰਦੀ ਸੀ। ਜੇ ਪਰਿਵਾਰ ਵਿਚ ਕੋਈ ਉੱਨੀ-ਇੱਕੀ ਹੋ ਵੀ ਜਾਂਦੀ ਸੀ ਤਾਂ ਉਸ ਨੂੰ ਵੱਡੇ ਬਜ਼ੁਰਗ ਸੁਲਝਾਅ ਦਿੰਦੇ ਸਨ। ਜੇ ਜ਼ਮੀਨ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ ਤਾਂ ਕੋਈ ਥਾਣੇ ਜਾਂ ਤਹਿਸੀਲ 'ਚ ਨਹੀਂ ਜਾਂਦਾ ਸੀ, ਪਿੰਡ ਦੇ ਹੀ ਸਮਝਦਾਰ ਬੰਦੇ ਜਾਂ ਸਰਪੰਚ ਨੂੰ ਲੈ ਕੇ ਆਪਸ 'ਚ ਸੁਲਝਾ ਲਿਆ ਜਾਂਦਾ ਸੀ। ਜੇ ਭਰਾਵਾਂ ਦਾ ਆਪਸ ਵਿਚ ਕੋਈ ਮਨ ਮੁਟਾਵ ਹੋ ਜਾਂਦਾ ਸੀ, ਤਾਂ ਧੀਆਂ-ਭੈਣਾਂ ਆ ਕੇ ਮਨ ਮੁਟਾਵ ਨੂੰ ਪਿਆਰ ਵਿਚ ਬਦਲ ਦਿੰਦੀਆਂ ਸਨ। ਭਰਾਵਾਂ ਭੈਣਾਂ ਦਾ ਬਹੁਤ ਪਿਆਰ ਹੁੰਦਾ ਸੀ। ਅਕਸਰ ਕਿਹਾ ਜਾਂਦਾ ਹੈ ਕਿ ਸ਼ਰੀਕਾ ਇਕ ਸਿਹਰਾ ਬੰਨ੍ਹ ਕੇ ਨਹੀਂ ਆਉਂਦਾ, ਬਾਕੀ ਸਾਰੇ ਕੰਮ ਕਰ ਦਿੰਦਾ ਹੈ। ਜੇ ਸ਼ਰੀਕੇ ਵਿਚ ਕਿਸੇ ਧੀ ਭੈਣ ਦੇ ਘਰ ਵਿਆਹ ਦੀ ਰਸਮ ਹੁੰਦੀ ਸੀ ਤਾਂ ਸਾਰਾ ਹੀ ਸ਼ਰੀਕਾ ਬੜੇ ਚਾਅ ਲਾਡ ਨਾਲ ਨਾਨਕ ਸ਼ੱਕ ਲੈ ਕੇ ਜਾਂਦਾ ਸੀ। ਹੋਰ ਤਾਂ ਹੋਰ ਕਈ ਵਾਰ ਧੀ ਭੈਣ ਦੇ ਵਿਆਹ ਕਾਰਜ ’ਚ ਪਿੰਡ ਦੇ ਹੋਰ ਮੈਂਬਰ ਵੀ ਚਲੇ ਜਾਂਦੇ ਸਨ। ਕਹਿਣ ਦਾ ਭਾਵ ਹੈ ਕਿ ਆਪਸ ਵਿਚ ਇੰਨਾ ਪਿਆਰ ਹੁੰਦਾ ਸੀ। ਸਮਾਂ ਬੀਤਦਾ ਗਿਆ। ਸ਼ਰੀਕਿਆ ਦੀ ਆਪਸ ਵਿੱਚ ਬੋਲਚਾਲ ਹੀ ਖ਼ਤਮ ਹੋ ਗਈ। ਸਮਾਂ ਅਜਿਹਾ ਆਇਆ ਕਿ ਬੱਚਿਆਂ ਦੇ ਵਿਆਹਾਂ 'ਚ ਵੀ ਆਪਸ ਵਿਚ ਨਹੀਂ ਬੁਲਾਇਆ ਜਾਂਦਾ। ਮਾਰਗ ’ਤੇ ਤਾਂ ਕੀ ਜਾਵੇਗਾ? ਬੱਚਿਆਂ ਕਾਰਨ ਬਜ਼ੁਰਗਾਂ ਦਾ ਆਪਸ ’ਚ ਟਕਰਾਅ ਪੈਦਾ ਹੋਣਾ ਸ਼ੁਰੂ ਹੋ ਚੁੱਕਿਆ ਹੈ। ਭਰਾ ਆਪਣੇ ਸਕੇ ਭਰਾ ਨੂੰ ਨੀਚਾ ਦਿਖਾਉਣ ’ਚ ਲੱਗਿਆ ਹੋਇਆ ਹੈ। ਅਜਿਹਾ ਸਮਾਂ ਆ ਗਿਆ ਹੈ ਕਿ ਬੇਗਾਨੇ ਨੂੰ ਭਰਾ ਬਣਾਇਆ ਦਾ ਰਿਹਾ ਹੈ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕਈ ਵਾਰ ਜਦੋਂ ਅਸੀਂ ਕਿਸੇ ਤੀਜੇ ਬੰਦੇ ਦੀ ਗੱਲ ਸੁਣਦੇ ਹਨ ਤਾਂ ਆਪਸ ਵਿਚ ਤਕਰਾਰ ਵੀ ਹੋ ਜਾਂਦਾ ਹੈ। ਕੋਈ ਬੇਗਾਨਾ ਆਪਣਾ ਕਦੇ ਵੀ ਨਹੀਂ ਬਣ ਸਕਦਾ।
ਅੱਜ ਕੱਲ ਦੇ ਰਿਸ਼ਤੇ ਮਤਲਬ ਦੇ ਰਹਿ ਚੁੱਕੇ ਹਨ। ਚੇਤੇ ਰਖੀਏ ਕਿ ਜੇ ਅਸੀਂ ਕਦੇ ਮੁਸੀਬਤ ਵਿਚ ਹੁੰਦੇ ਹਨ ਤਾਂ ਦੁੱਖ ਹਮੇਸਾ ਆਪਣਿਆਂ ਨੂੰ ਹੀ ਆਉਂਦਾ ਹੈ । ਸੇਕ ਹਮੇਸ਼ਾ ਆਪਣਿਆਂ ਨੂੰ ਹੀ ਲੱਗਦਾ ਹੈ। ਚਾਹੇ ਆਪਣਾ ਕਿਹੋ ਜਿਹਾ ਵੀ ਹੋਵੇ, ਹਮੇਸ਼ਾ ਦੁੱਖ ਆਪਣੇ ਨੂੰ ਹੀ ਆਉਂਦਾ ਹੈ। ਕਦੇ ਨਾ ਕਦੇ ਤਾਂ ਆਪਣਾ ਭਰਾ ਆਪਣਾ ਫ਼ਰਜ਼ ਨਿਭਾਉਂਦਾ ਹੀ ਹੈ। ਕਦੇ ਤਾਂ ਉਸ ਨੰ ਹੋਵੇਗਾ ਕਿ ਮੇਰਾ ਭਰਾ ਇਸ ਵੇਲੇ ਮੁਸੀਬਤ ਵਿਚ ਹੈ ਜਾਂ ਮੈਂ ਮੁਸੀਬਤ ਵਿਚ ਹਾਂ, ਅਸੀਂ ਇਕ ਦੂਜੇ ਦੀ ਮਦਦ ਕਰਾਂਗੇ। ਹਰ ਘਰ ਵਿਚ ਥੋੜ੍ਹਾ ਬਹੁਤ ਤਕਰਾਰ ਤਾਂ ਹੁੰਦਾ ਹੀ ਰਹਿੰਦਾ ਹੈ ਪਰ ਇਹ ਨਹੀਂ ਕਿ ਅਸੀਂ ਆਪਣੇ ਖੂਨ ਦੇ ਰਿਸ਼ਤੇ ਹੀ ਖ਼ਤਮ ਕਰ ਦੇਈਏ। ਆਓ ! ਆਪਣਿਆਂ ਨਾਲ ਪਿਆਰ ਪਾਈਏ। ਭਰਾ-ਭੈਣ ਹਮੇਸ਼ਾ ਇਕ-ਦੂਜੇ ਦਾ ਸਤਿਕਾਰ ਤੇ ਸਹਿਯੋਗ ਕਰਨ।